ਬਿਊਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸੁਰੱਖਿਆ ਵਿੱਚ ਲੱਗੇ ਗੰਨਮੈਨ ਨਵਜੋਤ ਸਿੰਘ ਦੀ ਵੱਡੀ ਗਲਤੀ ਨਾਲ ਇੱਕ ਸ਼ਖ਼ਸ ਦੀ ਜਾਨ ਖਤਰੇ ਵਿੱਚ ਪੈ ਗਈ ਹੈ । ਨਵਜੋਤ ਸਿੰਘ ਸ਼ਨਿੱਚਰਵਾਰ 10 ਦਸੰਬਰ ਨੂੰ ਮਾਨਸਾ ਦੇ ਰਾਇਲ ਗ੍ਰੀਨ ਪੈਲਸ ਵਿੱਚ ਵਿਆਹ ‘ਤੇ ਗਿਆ ਸੀ । ਉੱਥੇ ਝੂਠੀ ਸ਼ਾਨ ਦੇ ਚੱਕਰ ਵਿੱਚ ਉਸ ਦੇ ਹੱਥੋਂ ਇੱਕ ਨੌਜਵਾਨ ਗੁਰਵਿੰਦਰ ਸਿੰਘ ਨੂੰ ਗੋਲੀ ਲੱਗ ਗਈ ਹੈ। ਪੈਲਸ ਦੇ ਕੇਅਰਟੇਕਰ ਹਰਨੇਕ ਸਿੰਘ ਨੇ ਦੱਸਿਆ ਕਿ ਪੈਲਸ ਵਿੱਚ ਸਗਨ ਚੱਲ ਰਿਹਾ ਸੀ। ਬਾਹਰ ਓਪਨ ਵਿੱਚ ਗੋਲ ਮੇਜ ਲੱਗੇ ਸਨ। ਇੱਕ ਮੇਜ ‘ਤੇ ਨਵਜੋਤ ਸਿੰਘ ਆਪਣੇ ਸਾਥੀਆਂ ਨਾਲ ਬੈਠਾ ਸੀ। ਜਦੋਂ ਉਹ ਨਜ਼ਦੀਕ ਗਿਆ ਤਾਂ ਉਸ ਨੇ ਵੇਖਿਆ ਨਵਜੋਤ ਦੇ ਹੱਥ ਵਿੱਚ ਪਿਸਤੋਲ ਸੀ ਅਤੇ ਉਹ ਹਵਾ ਵਿੱਚ ਫਾਇਰ ਕਰਨ ਲੱਗਾ। ਜਿਵੇਂ ਹੀ ਹਰਨੇਕ ਨਵਜੋਤ ਦੇ ਕੋਲ ਪਹੁੰਚਿਆ ਉਸ ਨੇ ਫਾਇਰ ਕਰ ਦਿੱਤਾ । ਉਸ ਤੋਂ ਬਾਅਦ ਦੂਜਾ ਫਾਇਰ ਕਰਨ ਦੇ ਲਈ ਉਸ ਨੇ ਨਵਜੋਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ । ਪਰ ਨਵਜੋਤ ਅਤੇ ਉਸ ਦੇ ਦੋਸਤ ਉਸ ਦਾ ਮਖੋਲ ਉਡਾਉਣ ਲੱਗੇ । ਇਸ ਤੋਂ ਬਾਅਦ ਮੁੜ ਤੋਂ ਨਵਜੋਤ ਨੇ ਫਾਇਰ ਕਰ ਦਿੱਤੀ ਅਤੇ ਗੋਲੀ ਨਾਲ ਬੈਠੇ ਗੁਰਵਿੰਦਰ ਸਿੰਘ ਦੇ ਢਿੱਡ ਵਿੱਚ ਲੱਗ ਗਈ । ਮਾਹੌਲ ਇੱਕ ਦਮ ਤਣਾਅ ਪੂਰਨ ਹੋ ਗਿਆ ਫੌਰਨ ਗੁਰਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਹੁਣ ਉਸ ਨੂੰ ਦੂਜੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ । ਹੁਣ ਦੱਸਿਆ ਜਾ ਰਿਹਾ ਹੈ ਕਿ ਨਾਲ ਬੈਠੇ ਜਿਸ ਸ਼ਖ਼ਸ ਗੁਰਵਿੰਦਰ ਸਿੰਘ ਨੂੰ ਗੋਲੀ ਲੱਗੀ ਹੈ ਉਹ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਗੰਨਮੈਨ ਹੀ ਸੀ । ਪੈਲੇਸ ਦੇ ਕੇਅਰਟੇਕਰ ਨੇ ਇਲਜ਼ਾਮ ਲਗਾਇਆ ਕਿ ਉਸ ਦੇ ਵਾਰ-ਵਾਰ ਮਨਾ ਕਰਨ ਦੇ ਬਾਵਜੂਦ ਨਵਜੋਤ ਸਿੰਘ ਨਹੀਂ ਮੰਨਿਆ ਉਸ ਨੇ ਦੱਸਿਆ ਵੀ ਕਿ ਕਾਨੂੰਨੀ ਤੌਰ ‘ਤੇ ਵੀ ਮੈਰੇਜ ਪੈਲਸ ਵਿੱਚ ਹਥਿਆਰ ਲਿਆਉਣ ਦੀ ਮਨਜ਼ੂਰੀ ਨਹੀਂ ਹੈ ਪਰ ਨਵਜੋਤ ਸਿੰਘ ਗੋਲੀਆਂ ਚਲਾਉਂਦਾ ਰਿਹਾ । ਹੁਣ ਪੁਲਿਸ ਨੇ ਹਰਨੇਕ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਨਵਜੋਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।
ਨਵਜੋਤ ਸਿੰਘ ਖਿਲਾਫ IPC 1860 ਦੀ ਧਾਰਾ 188,336,338 ਅਤੇ ਆਰਮਸ ਐਕਟ 1959 ਦੀ ਧਾਰਾ 25 ਅਧੀਨ ਮਾਮਲਾ ਦਰਜ ਕਰ ਲਿਆ ਹੈ । ਪਰ ਵੱਡਾ ਸਵਾਲ ਇਹ ਹੈ ਕਿ ਪੁਲਿਸ ਦਾ ਮੁਲਾਜ਼ਮ ਹੋਣ ਦੇ ਬਾਵਜੂਦ ਨਵਜੋਤ ਸਿੰਘ ਨੇ ਇਹ ਹਰਕਤ ਕੀਤਾ ਹੈ। ਉਸ ਨੇ ਨਾ ਸਿਰਫ਼ ਕਾਨੂੰਨ ਨੂੰ ਤੋੜਿਆ ਬਲਕਿ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਭਰੋਸੇ ਨੂੰ ਵੀ ਤੋੜਿਆ ਹੈ ਜਦੋਂ ਉਨ੍ਹਾਂ ਨੂੰ ਗੈਂਗਸਟਰਾਂ ਤੋਂ ਖ਼ਤਰਾਂ ਹੈ। ਅਜਿਹਾ ਗੈਰ ਜ਼ਿੰਮੇਵਾਰ ਸਖ਼ਸ ਆਖਿਰ ਕਿਵੇਂ ਗੈਂਗਸਟਰਾਂ ਤੋਂ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ਕਰ ਸਕਦਾ ਹੈ। ਨਵਜੋਤ ਦੇ ਖਿਲਾਫ਼ ਪੁਲਿਸ ਜਾਂਚ ਕਰ ਰਹੀ ਹੈ । ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਨਵਜੋਤ ਅਤੇ ਗੁਰਵਿੰਦਰ ਸਿੰਘ ਦੇ ਵਿਚਾਲੇ ਕਿਸੇ ਗੱਲ ਨੂੰ ਲੈਕੇ ਬਹਿਸ ਹੋਈ ਸੀ । ਪਰ ਇਸ ਦੀ ਹੁਣ ਤੱਕ ਪੁਸ਼ਟੀ ਨਹੀਂ ਹੋਈ ਹੈ। ਜੇਕਰ ਅਜਿਹਾ ਹੋਇਆ ਹੈ ਤਾਂ ਇਸ ਦਾ ਮਤਲਬ ਹੈ ਕਿ ਨਵਜੋਤ ਨੇ ਜਾਣ ਬੁੱਝ ਕੇ ਗੁਰਵਿੰਦਰ ‘ਤੇ ਗੋਲੀ ਚਲਾਈ ਤਾਂ ਫਿਰ ਇਹ ਹੋਰ ਵੀ ਗੰਭੀਰ ਮਾਮਲਾ ਹੈ ।