Punjab

ਫਿਰ ਛੱਲਕਿਆ ਸਿੱਧੂ ਦੇ ਮਾਤਾ-ਪਿਤਾ ਦਾ ਦਰਦ, ਸਰਕਾਰ ਨੂੰ ਕੀਤੇ ਸਵਾਲ

ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਦੇ ਮਾਤਾ ਚਰਨ ਕੌਰ ਨੇ ਪਿਛਲੇ ਦਿਨੀਂ ਰਿਲੀਜ਼ ਹੋਏ ਸਿੱਧੂ ਦੇ ਨਵੇਂ ਗਾਣੇ ਨੂੰ ਪਿਆਰ ਦੇਣ ਲਈ ਪ੍ਰਸ਼ਸੰਕਾਂ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਕਿ ਸਿੱਧੂ ਦੀ ਇਹ ਪ੍ਰਾਪਤੀ ਉਹਨਾਂ ਦੇ ਮੂੰਹ ਤੇ ਚਪੇੜ ਹੈ,ਜਿਹੜੇ ਸਿੱਧੂ ਨੂੰ ਮਾਰ ਕੇ ਇਹ ਸਮਝ ਰਹੇ ਹਨ ਕਿ ਉਹਨਾਂ ਨੇ ਸਿੱਧੂ ਨੂੰ ਖ਼ਤਮ ਕਰ ਦਿੱਤਾ ਹੈ।

ਉਹਨਾਂ ਇਹ ਵੀ ਕਿਹਾ ਕਿ ਸ਼ਾਇਦ ਸਿੱਧੂ ਪਹਿਲਾਂ ਹੀ ਹਰ ਇੱਕ ਦੇ ਦਿੱਲ ਵਿੱਚ ਵੱਸ ਕੇ ਇੰਨੇ ਡੂੰਘੇ ਰਿਸ਼ਤੇ ਬਣਾ ਗਿਆ ਸੀ ਤਾਂ ਜੋ ਉਸ ਦੇ ਮਗਰੋਂ ਉਹਦੇ ਮਾਂ ਬਾਪ ਨੂੰ ਉਸ ਦੀ ਕਮੀ ਨਾ ਮਹਿਸੂਸ ਹੋਵੇ । ਇਹ ਸਿੱਧੂ ਦਾ ਚਾਹੁਣ ਵਾਲਿਆਂ ਦਾ ਪਿਆਰ ਹੀ ਹੈ,ਜਿਸ ਦੇ ਸਹਾਰੇ ਹੀ ਉਹ ਜਿੰਦਾ ਹਨ।

ਮਾਤਾ ਚਰਨ ਕੌਰ ਨੇ ਭਾਵੁਕ ਹੁੰਦੇ ਹੋਏ ਸਰਕਾਰ ਨੂੰ ਫਿਰ ਤਿੰਨ ਸਵਾਲ ਕੀਤੇ ਹਨ ਕਿ ਸਭ ਤੋਂ ਪਹਿਲਾਂ ਸਰਕਾਰ ਇਹ ਦੱਸੇ ਕਿ ਸਿੱਧੂ ਦੀ ਸੁਰੱਖਿਆ ਦੀ ਗੱਲ ਕਿਸ ਨੇ ਲੀਕ ਕੀਤੀ ਸੀ,ਸਰਕਾਰ ਜਾਣਦੀ ਹੈ ਪਰ ਦੱਸ ਨਹੀਂ ਰਹੀ ਹੈ।ਸੁਰੱਖਿਆ ਦੀ ਗੱਲ ਨੂੰ ਲੀਕ ਕਰਨ ਵਾਲਿਆਂ ‘ਤੇ ਪੁਲਿਸ ਦੀ ਕਾਰਵਾਈ ਦੀ ਮੰਗ ਵੀ ਸਰਕਾਰ ਅੱਗੇ ਸੀ ਪਰ ਇਹ ਵੀ ਉਹਨਾਂ ਨਹੀਂ ਮੰਨੀ ਹੈ ਕਿਉਂਕਿ ਲੀਕ ਕਰਨ ਵਾਲੇ ਉਹਨਾਂ ਦੇ ਚਹੇਤੇ ਹਨ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਨ ਵਾਲੇ ਤੇ ਉਸ ਨੂੰ ਪ੍ਰਸਾਰਿਤ ਕਰਨ ਵਾਲਿਆਂ ਤੇ ਕਾਰਵਾਈ ਦੀ ਮੰਗ ਕੀਤੀ ਪਰ ਸਰਕਾਰ ਨੇ ਉਹ ਵੀ ਨਹੀਂ ਮੰਨੀ।

ਮਾਤਾ ਚਰਨ ਕੌਰ ਨੇ ਕਿਹਾ ਹੈ ਕਿ ਪੰਜਾਬ ਵਿੱਚ ਪਿਛਲੇ  ਮਹੀਨੇ ਬਣਾਏ ਗਏ ਹਾਲਾਤਾਂ ਵਾਲੇ ਮਾਮਲੇ ਤੋਂ ਬਾਅਦ ਹੁਣ ਲੋਕ ਸਮਝ ਚੁੱਕੇ ਹਨ ਤੇ ਇਸ ਸਰਕਾਰ ਦੀ ਅਸਲੀਅਤ ਸਾਰਿਆਂ ਦੇ ਸਾਹਮਣੇ ਆ ਗਈ ਹੈ ਤੇ ਹੁਣ ਇਹਨਾਂ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ।

ਆਪਣੇ ਪੁੱਤ ਨੂੰ ਯਾਦ ਕਰਦੇ ਹੋਏ ਮਾਤਾ ਚਰਨ ਕੌਰ ਨੇ ਕਿਹਾ ਹੈ ਕਿ ਭਾਵੇਂ ਦੁਨਿਆਵੀ ਅਦਾਲਤਾਂ ਤੋਂ ਇਨਸਾਫ਼ ਨਾ ਮਿਲੇ ਪਰ ਉਸ ਪ੍ਰਮਾਤਮਾ ਦੀ ਅਦਾਲਤ ਵਿੱਚੋਂ ਇਹ ਨਹੀਂ ਬਚ ਸਕਣਗੇ। ਦੀਪ ਸਿੱਧੂ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਉਸ ਦੀ ਮੌਤ ਨੇ ਉਹਨਾਂ ਨੂੰ ਬਹੁਤ ਦੁੱਖ ਪਹੁੰਚਾਇਆ ਸੀ ਪਰ ਕੀ ਪਤਾ ਸੀ ਕਿ ਇਹ ਘੜੀ ਅੱਗੇ ਜਾ ਕੇ ਉਹਨਾਂ ‘ਤੇ ਵੀ ਆਉਣੀ ਸੀ।

ਪੰਜਾਬ ਸਰਕਾਰਾਂ ਤੇ ਵਰਦੇ ਹੋਏ ਮਾਤਾ ਚਰਨ ਕੌਰ ਨੇ ਸਿੱਧੂ ਤੇ ਪਾਏ ਝੂਠੇ ਪਰਚਿਆਂ ਦੀ ਵੀ ਜ਼ਿਕਰ ਕੀਤਾ ਤੇ ਮੁੱਖ ਮੰਤਰੀ ਮਾਨ ਨੂੰ ਵੀ ਅਪੀਲ ਕੀਤੀ ਹੈ ਕਿ ਸਰਕਾਰ ਆਪਣਾ ਕੰਮ ਕਰੇ ਪਰ ਪੁਲਿਸ ਦੇ ਹੱਥ ਨਾ ਬੰਨੇ। ਪੰਜਾਬ ਪੁਲਿਸ ਵਿੱਚ ਦਮ ਹੈ ਕਿ ਉਹ ਮਿੰਟਾਂ ਵਿੱਚ ਨਬੇੜਾ ਕਰ ਸਕਦੀ ਹੈ।

ਇੰਟਰਵਿਊ ਵਿੱਚ ਦਲੀਲਾਂ ਦੇਣ ਵਾਲੇ ਲਾਰੈਂਸ ਬਿਸ਼ਨੋਈ ਨੂੰ ਵੀ ਉਹਨਾਂ ਕਿਹਾ ਹੈ ਕਿ ਇਸ ਤਰਾਂ ਦੇ ਕੰਮ ਕਰਨ ਨਾਲ ਕੋਈ ਮਹਾਨ ਨਹੀਂ ਬਣ ਜਾਂਦਾ। ਸਿੱਧੂ ਨਾਲ ਮਾੜਾ ਕਰਨ ਵਾਲਿਆਂ ਦੇ ਨਾਲ ਵੀ ਚੰਗਾ ਨਹੀਂ ਹੋਣਾ ਹੈ। ਉਹਨਾਂ ਕਿਹਾ ਕਿ ਉਹ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਉਨਾਂ ਚਿਰ ਜਿੰਦਾ ਰੱਖੇ,ਜਿੰਨਾ ਚਿਰ ਆਪਣੇ ਅੱਖੀਂ ਦੋਸ਼ੀਆਂ ਨੂੰ ਸਜ਼ਾ ਮਿਲਦੀ ਨਹੀਂ ਦੇਖ ਲੈਂਦੇ।

ਪਿਤਾ ਬਲਕੌਰ ਸਿੰਘ ਦਾ ਸ਼ਿਕਵਾ 

ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਵੀ ਸਰਕਾਰਾਂ ਨਾਲ ਗਿਲਾ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਕੋਲੋਂ ਇਹ ਹੀ ਮੰਗ ਕੀਤੀ ਸੀ ਕਿ ਸਿੱਧੂ ਮਾਮਲੇ ਵਿੱਚ ਚਾਰ ਸ਼ੱਕੀ ਵਿਅਕਤੀਆਂ ਤੇ ਕਾਰਵਾਈ ਕਰ ਕੇ ਜਾਂਚ ਕੀਤੀ ਜਾਵੇ । ਜੇਕਰ ਉਹ ਬੇਕਸੂਰ ਪਾਏ ਜਾਂਦੇ ਹਨ ਤਾਂ ਛੱਡ ਦਿੱਤਾ ਜਾਵੇ ਪਰ ਸਰਕਾਰ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ ਤੇ ਇੰਝ ਲਗਦਾ ਹੈ ਕਿ ਅੰਦਰਖਾਤੇ ਸਭ ਕੁਝ ਪਤਾ ਹੈ ਪਰ ਕੋਈ ਵੀ ਉਹਨਾਂ ਦੀ ਨਹੀਂ ਸੁਣ ਰਿਹਾ ਹੈ।

ਸਿੱਧੂ ਦੇ ਕਤਲ ਨੂੰ ਸਰਕਾਰ ਗੰਭੀਰਤਾ ਨਾਲ ਨਹੀਂ ਲੈ ਰਹੀ,ਉਲਟਾ ਸਮਾਜ਼ ਨੂੰ ਗਲਤ ਸੇਧ ਦੇਣ ਵਾਲੇ ਨੂੰ ਹੀਰੋ ਬਣਾ ਕੇ ਪੇਸ਼ ਕਰ ਰਹੀ ਹੈ।ਬਠਿੰਡਾ ਜੇਲ੍ਹ ਚੋਂ ਵਾਇਰਲ ਹੋਈ ਵੀਡੀਓ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਇਸ ਵੀਡੀਓ ਵਿੱਚ ਕੈਦੀਆਂ ਨੇ ਆਪਣੀਆਂ ਦੁੱਖ -ਤਕਲੀਫਾਂ ਦੱਸੀਆਂ ਸੀ,ਕਿਸੇ ਨੂੰ ਕੋਈ ਧਮਕੀ ਨਹੀਂ ਸੀ ਦਿੱਤੀ ਪਰ ਇਹਨਾਂ ਤੇ ਝੱਟ ਕੇਸ ਦਰਜ ਕਰ ਦਿੱਤਾ ਗਿਆ ਪਰ ਇਸ ਤੋਂ ਪਹਿਲਾਂ ਲਾਰੈਂਸ ਵਰਗਾ ਬਦਮਾਸ਼ ਸ਼ਰੇਆਮ ਧਮਕੀਆਂ ਦਿੰਦਾ ਹੈ,ਉਸ ‘ਤੇ ਕੋਈ ਕਾਰਵਾਈ ਨਹੀਂ ਹੋਈ ਹੈ।ਇਹ ਕਿਥੋਂ ਦਾ ਇਨਸਾਫ਼ ਹੈ?ਉਹਨਾਂ ਮੁੱਖ ਮੰਤਰੀ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਲਾਰੈਂਸ ਵਰਗਿਆਂ ਨਾਲ ਇੰਨਾ ਨਰਮ ਵਿਵਹਾਰ ਕਿਉਂ ਕੀਤਾ ਜਾ ਰਿਹਾ ਹੈ?

ਸਿੱਧੂ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਹੈ ਕਿ  ਉਸ ਤੇ ਇਲਜ਼ਾਮ ਲਗਦੇ ਸੀ ਕਿ ਉਹ ਹਥਿਆਰਾਂ ਨੂੰ ਪ੍ਰਮੋਟ ਕਰਦਾ ਹੈ ਪਰ ਹਥਿਆਰਾਂ ਦੀ ਵਰਤੋਂ ਕਰ ਕੇ ਬੇਦੋਸ਼ਿਆਂ ਨੂੰ ਮਾਰਨ ਵਾਲਿਆਂ ਨਾਲ ਸਰਕਾਰ ਇੰਨਾ ਕਿਉਂ  ਤਰਜ਼ੀਹ ਦੇ ਰਹੀ ਹੈ।ਸਿੱਧੂ ਨੇ ਆਪਣੇ ਮਨ ਨੂੰ ਸਕੂਨ ਦੇਣ ਲਈ ਗਾਇਆ ਹੈ ਤੇ ਉਸ ਦੇ ਤਾਜ਼ਾ ਰਿਲੀਜ਼ ਹੋਏ ਗਾਣੇ ਨੂੰ ਪਿਆਰ ਦੇ ਕੇ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਦੇ ਦਿਲਾਂ ਵਿੱਚ ਹਾਲੇ ਵੀ ਜਿੰਦਾ ਹੈ। ਮਾਨ ਸਰਕਾਰ ਤੇ ਵਰਦਿਆਂ ਉਹਨਾਂ ਕਿਹਾ ਕਿ ਗੱਲਾਂ ਕਰਨੀਆਂ ਬਹੁਤ ਸੋਖੀਆਂ ਹਨ ਪਰ ਅਸਲ ਵਿੱਚ ਕੰਮ ਕਰਨਾ ਬਹੁਤ ਔਖਾ ਹੈ।ਉਹਨਾਂ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਵੀ ਕੀਤੀ।ਦੀਪ ਸਿੱਧੂ ਬਰਸੀ ਤੋਂ ਪਹਿਲਾਂ ਰੀਨਾ ਰਾਏ ਤੇ ਤੇ ਸਿੱਧੂ ਦੀ ਬਰਸੀ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦੀ ਵੀਡੀਓ ਦੇ ਜਾਰੀ ਹੋਣ ਨੂੰ ਵੀ ਉਹਨਾਂ ਇੱਕ ਸਾਜਿਸ਼ ਦੱਸਿਆ ਹੈ।