Others

ਸਿੱਧੂ ਮੂਸੇਵਾਲਾ ਦੇ ਮਾਤਾ ਨੇ ਪੁੱਤ ਨੂੰ ਦਿੱਤਾ ਜਨਮ, ਬਲਕੌਰ ਸਿੰਘ ਨੇ ਸਾਂਝੀ ਕੀਤੀ ਤਸਵੀਰ

Sidhu Moosewala's mother gave birth to a son, Balkaur Singh shared the picture

ਮਾਨਸਾ : ਮਹਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਆਖਿਰ ਖੁਸ਼ੀਆਂ ਗੂੰਜ ਉਠੀਆਂ ਹਨ। ਉਨ੍ਹਾਂ ਦੀ ਮਾਤਾ ਚਰਨ ਕੌਰ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਬੱਚੇ ਦਾ ਜਨਮ ਸਵੇਰੇ ਕਰੀਬ 5 ਵਜੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਇਆ। ਇਸ ਗੱਲ ਦੀ ਜਾਣਕਾਰੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਖੁਦ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਬੱਚੇ ਦੀ ਫੋਟੋ ਵੀ ਸ਼ੇਅਰ ਕੀਤੀ ਹੈ।

ਫੋਟੋ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਲੱਖਾਂ ਪ੍ਰਸ਼ੰਸਕਾਂ ਦੇ ਆਸ਼ੀਰਵਾਦ ਦੇ ਨਾਲ, ਪ੍ਰਮਾਤਮਾ ਨੇ ਸ਼ੁਭ ਦਾ ਛੋਟਾ ਭਰਾ ਸਾਨੂੰ ਦਿੱਤਾ ਹੈ। ਵਾਹਿਗੁਰੂ ਜੀ ਦੀ ਮੇਹਰ ਨਾਲ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭਚਿੰਤਕਾਂ ਦੇ ਪਿਆਰ ਲਈ ਧੰਨਵਾਦੀ ਹਾਂ।

ਮਾਂ ਬਣਨ ਲਈ ਚਰਨ ਕੌਰ ਨੇ ਇਨ ਵਿਟਰੋ ਫਰਟੀਲਾਈਜ਼ੇਸ਼ਨ (IVF) ਤਕਨੀਕ ਦੀ ਮਦਦ ਲਈ। ਉਹ ਪਿਛਲੇ 3-4 ਮਹੀਨਿਆਂ ਤੋਂ ਘਰੋਂ ਬਾਹਰ ਵੀ ਨਹੀਂ ਸੀ ਨਿਕਲ ਰਹੇ। ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। 29 ਮਈ 2022 ਨੂੰ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਇਕੱਲੇ ਰਹਿ ਗਏ। ਇਸ ਤੋਂ ਬਾਅਦ ਉਸ ਨੇ ਦੂਜੇ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਕੀਤਾ।

58 ਸਾਲ ਦੀ ਉਮਰ ‘ਚ ਮਾਂ ਬਣੀ ਸਿੱਧੂ ਮੂਸੇਵਾਲਾ ਦੀ ਮਾਂ। ਮੂਸੇਵਾਲਾ ਨੇ 2022 ‘ਚ ਮਾਨਸਾ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜੀ ਸੀ। ਇਸ ਦੌਰਾਨ ਉਨ੍ਹਾਂ ਦੀ ਮਾਤਾ ਚਰਨ ਕੌਰ ਨੇ ਕਵਰਿੰਗ ਉਮੀਦਵਾਰ ਵਜੋਂ ਹਲਫ਼ਨਾਮਾ ਭਰਿਆ ਸੀ। ਉਦੋਂ ਚਰਨ ਕੌਰ ਨੇ ਆਪਣੀ ਉਮਰ 56 ਸਾਲ ਦੱਸੀ ਸੀ। ਇਸ ਅਨੁਸਾਰ ਹੁਣ ਉਸ ਦੀ ਉਮਰ 58 ਸਾਲ ਦੇ ਕਰੀਬ ਅਤੇ ਬਲਕੌਰ ਸਿੰਘ ਦੀ ਉਮਰ 60 ਸਾਲ ਦੇ ਕਰੀਬ ਹੈ।

29 ਮਈ 2022 ਦੀ ਸ਼ਾਮ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਮੂਸੇਵਾਲਾ ਨੂੰ 6 ਸ਼ੂਟਰਾਂ ਨੇ ਗੋਲੀ ਮਾਰ ਦਿੱਤੀ ਸੀ। ਮੂਸੇਵਾਲਾ ਉਦੋਂ 28 ਸਾਲ ਦੇ ਸਨ। ਇਸ ਕਤਲ ਦੀ ਜ਼ਿੰਮੇਵਾਰੀ ਬਦਨਾਮ ਗੈਂਗਸਟਰ ਲਾਰੈਂਸ ਗੈਂਗ ਨੇ ਲਈ ਹੈ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਜਿਸ ‘ਚ ਲਾਰੇਂਸ ਦੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਥਾਪਨ ਵੀ ਸ਼ਾਮਲ ਸਨ।

ਪੁਲਿਸ ਨੇ ਇਸ ਮਾਮਲੇ ਵਿੱਚ 35 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ‘ਚੋਂ 4 ਦੀ ਮੌਤ ਹੋ ਚੁੱਕੀ ਹੈ। ਕਤਲ ਤੋਂ ਬਾਅਦ ਤੋਂ ਹੀ ਮਾਪੇ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ।