Punjab

“ਸਾਲ 2022 ‘ਚ ਮਿਲੇ ਜਖ਼ਮ ਸਾਰੀ ਜਿੰਦਗੀ ਨਹੀਂ ਭਰਨੇ,ਸਾਡਾ ਤਾਂ ਘਰ ਉਜੜ ਗਿਆ” ਮਾਤਾ ਚਰਨ ਕੌਰ

ਮਾਨਸਾ : ਨਵੇਂ ਸਾਲ ਦੇ ਮੌਕੇ ‘ਤੇ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੀ ਹਵੇਲੀ ਵਿੱਚ ਉਸ ਦੇ ਮਾਤਾ-ਪਿਤਾ ਨੂੰ ਮਿਲਣ ਆਏ ਲੋਕਾਂ ਨੇ ਉਸ ਨੂੰ ਯਾਦ ਕੀਤਾ ਤੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸਿੱਧੂ ਦੇ ਮਾਤਾ ਚਰਨ ਕੌਰ ਆਪਣੇ ਮੋਏ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋ ਗਏ ਤੇ ਇੱਕ ਉਦਾਸੀ ਭਰੇ ਲਹਿਜ਼ੇ ਵਿੱਚ ਉਹਨਾਂ ਆਏ ਲੋਕਾਂ ਨੂੰ ਸੰਬੋਧਨ ਕੀਤਾ ਹਾਲਾਂਕਿ ਪਿਤਾ ਬਲਕੌਰ ਸਿੰਘ ਇਸ ਵੇਲੇ ਇੰਗਲੈਂਡ ਗਏ ਹੋਏ ਹਨ।

ਬੀਤੇ ਸਾਲ ਦੀਆਂ ਕੋੜੀਆਂ ਯਾਦਾਂ ਦਾ ਵਰਣਨ ਕਰਦੇ ਹੋਏ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਦੇ ਮਾਤਾ ਚਰਨ ਕੌਰ ਨੇ ਇਨਸਾਫ਼ ਮਿਲਣ ਵਿੱਚ ਹੋ ਰਹੀ ਦੇਰੀ ਕਾਰਨ ਨਿਰਾਸ਼ਾ ਜ਼ਾਹਿਰ ਕੀਤੀ ਹੈ । ਹਰ ਐਤਵਾਰ ਮਿਲਣ ਲਈ ਆਉਣ ਵਾਲੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਸੰਨ 2022 ਉਹਨਾਂ ਦੀ ਜਿੰਦਗੀ ਵਿੱਚ ਡੂੰਘੇ ਜ਼ਖਮ ਦੇ ਗਿਆ ਹੈ ਤੇ ਇਹ ਘਾਟ ਕਦੇ ਵੀ ਪੂਰੀ ਨਹੀਂ ਹੋਵੇਗੀ।

ਉਹਨਾਂ ਹੋਰ ਕਿਹਾ ਕਿ ਇਥੇ ਪਿਛਲੇ ਸਾਲ ਦੋਹਰਾ ਕਤਲਕਾਂਡ ਹੋਇਆ ਸੀ ਤੇ 24 ਘੰਟਿਆਂ ਵਿੱਚ ਹੀ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਇਥੇ 7 ਮਹੀਨੇ ਹੋ ਗਏ ਹਨ,ਇਨਸਾਫ਼ ਨਾਂ ਦੀ ਚੀਜ਼ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਹੈ।ਉਹਨਾਂ ਭਾਵੁਕ ਹੁੰਦੇ ਹੋਏ ਇਹ ਵੀ ਕਿਹਾ ਕਿ ਸਾਡੀ ਅਜਿਹੀ ਹਾਲਤ ਹੋ ਗਈ ਹੈ ਕਿ ਰਾਤ ਨੂੰ ਗੋਲੀ ਖਾ ਕੇ ਸੌਂ ਜਾਈਦਾ ਹੈ ਪਰ ਸਵੇਰੇ ਫਿਰ ਉਹੀ ਤੋੜ ਜਿਹੀ ਲੱਗ ਜਾਂਦੀ ਹੈ ਕਿ ਸਾਡੇ ਪੁੱਤ ਦੇ ਕਾਤਲਾਂ ਨੂੰ ਕਦੋਂ ਸਜ਼ਾ ਮਿਲੇਗੀ ?

ਉਹਨਾਂ ਇਹ ਵੀ ਕਿਹਾ ਕਿ ਉਹਨਾਂ ਵੱਲੋਂ ਨਾਮ ਵੀ ਲਏ ਗਏ ਹਨ ਤੇ ਪੁਲਿਸ ਨੂੰ ਵੀ ਸਭ ਕੁੱਝ ਦੱਸਿਆ ਗਿਆ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।
ਮਿਲਣ ਆਉਣ ਵਾਲੇ ਲੋਕਾਂ ਦਾ ਵੀ ਧੰਨਵਾਦ ਕਰਦਿਆਂ ਉਹਨਾਂ ਇਹ ਵੀ ਕਿਹਾ ਕਿ ਛੋਟੇ-ਛੋਟੇ ਬੱਚੇ ਵੀ ਸਿੱਧੂ ਦੇ ਫੈਨ ਸਨ ਤੇ ਉਸ ਦੇ ਜਾਣ ਮਗਰੋਂ ਬਹੁਤ ਸਾਰਿਆਂ ਨੂੰ ਉਸ ਦੀ ਕਮੀ ਮਹਿਸੂਸ ਹੋ ਰਹੀ ਹੈ।ਹਰ ਕਿਸੇ ਦੀ ਜ਼ੁਬਾਨ ‘ਤੇ ਇਹ ਹੀ ਗੱਲ ਹੈ ਕਿ ਬੀਤੇ ਸਾਲ ਨੇ ਸਾਡਾ ਭਰਾ ਸਾਡੇ ਤੋਂ ਖੋਹ ਲਿਆ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਕਾਤਲ ਸਿੱਧੂ ਦੇ ਅਸਲੀ ਕਾਤਲ ਨਹੀਂ ਹਨ,ਸਗੋਂ ਅਸਲੀ ਕਾਤਲ ਤਾਂ ਉਹ ਹਨ ,ਜਿਹਾਨਂ ਨੇ ਇਹ ਕੰਮ ਕਰਵਾਇਆ ਹੈ।

ਸਿੱਧੂ ਦੇ ਕਤਲ ਦੇ ਇਨਸਾਫ਼ ਵਿੱਚ ਹੋ ਰਹੀ ਦੇਰੀ ‘ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਉਹਨਾਂ ਕਿਹਾ ਹੈ ਕਿ ਹੁਣ ਸਰਕਾਰਾਂ ਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਕਈ ਉਮੀਦ ਨਹੀਂ ਹੈ । ਇਸ ਲਈ ਹੁਣ ਉਹ ਪ੍ਰਮਾਤਮਾ ਹੀ ਇਨਸਾਫ਼ ਕਰੇਗਾ। ਸਾਡੇ ਘਰ ਭਾਵੇਂ ਹਨੇਰਾ ਹੋ ਗਿਆ ਹੈ ਪਰ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ ਹੋਵੇ।