India Punjab

ਨਵੇਂ ਸਾਲ ਦੇ ਸ਼ੁਰੂਆਤ ‘ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਲੱਖਾਂ ਸ਼ਰਧਾਲੂ , PM ਤੇ CM ਨੇ ਦਿੱਤੀ ਵਧਾਈ

Lakhs of devotees paid obeisance at Sri Harmandir Sahib on the beginning of New Year, PM and CM congratulated

‘ਦ ਖ਼ਾਲਸ ਬਿਊਰੋ :  ਗੁਰੂ ਨਗਰੀ ਵਾਸੀਆਂ ਦੇ ਨਾਲ-ਨਾਲ ਦੇਸ਼-ਵਿਦੇਸ਼ ਤੋਂ ਆਈ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ। ਰਾਤ 9 ਤੋਂ 12 ਵਜੇ ਤੱਕ ਡੇਢ ਲੱਖ ਤੋਂ ਵੱਧ ਸ਼ਰਧਾਲੂ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ । ਸਥਿਤੀ ਇਹ ਹੈ ਕਿ ਉੱਥੇ ਪੈਰ ਰੱਖਣ ਲਈ ਵੀ ਜਗ੍ਹਾ ਨਹੀਂ ਹੈ, ਇਸ ਦੇ ਨਾਲ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ ਕਰੀਬ 3 ਲੱਖ ਸ਼ਰਧਾਲੂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਸਕਦੇ ਹਨ।

ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤ 9 ਵਜੇ ਤੋਂ ਹੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ । ਭੀੜ ਇੰਨੀ ਵੱਧ ਗਈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਤੇ ਚੱਲਣ ਲਈ ਵੀ ਸੰਘਰਸ਼ ਕਰਨਾ ਪਿਆ । ਪਰਿਕਰਮਾ ‘ਤੇ ਹਰ ਪਾਸੇ ਸ਼ਰਧਾਲੂ ਨਜ਼ਰ ਆਏ । ਲੋਕ ਜਿੱਥੇ ਵੀ ਜਗ੍ਹਾ ਮਿਲੀ ਉੱਥੇ ਬੈਠ ਗਏ ਅਤੇ ਰਾਤ ਦੇ 12 ਵਜੇ ਤੱਕ ਲੋਕ ਵਾਹਿਗੁਰੂ ਦਾ ਜਾਪ ਕਰਦੇ ਦਿਖਾਈ ਦਿੱਤੇ । ਸੰਗਤਾਂ ਸਾਰਾ ਸਮਾਂ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰ ਰਹੀਆਂ ਸਨ। ਹਰ ਕੋਈ ਰਾਤ ਦੇ 12 ਵਜੇ ਦਾ ਇੰਤਜ਼ਾਰ ਕਰ ਰਿਹਾ ਸੀ।

ਅੰਦਾਜ਼ੇ ਮੁਤਾਬਿਕ ਨਵੇਂ ਸਾਲ ਦੇ ਪਹਿਲੇ ਦਿਨ 3 ਲੱਖ ਦੇ ਕਰੀਬ ਸ਼ਰਧਾਲੂ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜਣਗੇ, ਜਿਸਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਸਣੇ ਹੋਰ ਵੱਡਿਆਂ ਹਸਤੀਆਂ ਨੇ ਨਵੇਂ ਸਾਲ ਦੇ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਪੀਐੱਮ ਮੋਦੀ ਨੇ ਨਵੇਂ ਸਾਲ ਮੌਕੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਲਿਖਿਆ,”ਤੁਹਾਡਾ 2023 ਸ਼ਾਨਦਾਰ ਹੋਵੇ ! ਇਹ ਉਮੀਦ, ਖੁਸ਼ੀਆਂ ਤੇ ਢੇਰ ਸਾਰੀਆਂ ਸਫ਼ਲਤਾਵਾਂ ਨਾਲ ਭਰਿਆ ਹੋਵੇ। ਸਾਰਿਆਂ ਨੂੰ ਚੰਗੀ ਸਿਹਤ ਦਾ ਆਸ਼ੀਰਵਾਦ ਮਿਲੇ।”

ਇਸ ਤੋਂ ਇਲਾਵਾ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,”ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ। ਸਾਲ 2023 ਸਾਡੀ ਜ਼ਿੰਦਗੀ ਵਿੱਚ ਨਵੀਂ ਪ੍ਰੇਰਣਾ, ਟੀਚਾ ਤੇ ਉਪਲਬਧੀਆਂ ਲੈ ਕੇ ਆਵੇ। ਆਓ ਦੇਸ਼ ਦੀ ਏਕਤਾ, ਅਖੰਡਤਾ ਤੇ ਵਿਕਾਸ ਲਈ ਖੁਦ ਨੂੰ ਫਿਰ ਤੋਂ ਸਮਰਪਿਤ ਕਰਨ ਦਾ ਪ੍ਰਣ ਲਈਏ।

 

ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਆਉਣ ਵਾਲੇ ਚੰਗੇ ਸਮੇਂ ਦੀ ਕਾਮਨਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, ”ਸਾਰਿਆਂ ਨੂੰ ਨਵੇਂ ਸਾਲ 2023 ਦੀਆਂ ਮੁਬਾਰਕਾਂ।

ਉਮੀਦ ਕਰਦਾ ਹਾਂ ਨਵਾਂ ਸਾਲ ਸਾਰਿਆਂ ਦੇ ਵਿਹੜੇ ਤੰਦਰੁਸਤੀ-ਤਰੱਕੀਆਂ ਤੇ ਖ਼ੁਸ਼ੀਆਂ-ਖੇੜੇ ਲੈ ਕੇ ਆਵੇ। ਸਾਡਾ ਆਪਸੀ ਪਿਆਰ-ਭਾਈਚਾਰਾ ਸਦਾ ਵਾਂਗ ਕਾਇਮ ਤੇ ਬਰਕਰਾਰ ਰਹੇ। ਪੰਜਾਬ ਹਰ ਖੇਤਰ ‘ਚ ਨਵੀਆਂ ਬੁਲੰਦੀਆਂ ਸਰ ਕਰੇ।”

ਇੱਕ ਹੋਰ ਟਵੀਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ.. ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ ਵਿਖੇ ਨਵੇਂ ਸਾਲ ਮੌਕੇ ਪਰਿਵਾਰ ਸਣੇ ਨਤਮਸਤਕ ਹੋਣ ਦਾ ਸੁਭਾਗਾ ਸਮਾਂ ਮਿਲਿਆ..ਗੁਰੂ ਚਰਨਾਂ ‘ਚ ਮੱਥਾ ਟੇਕਿਆ.. ਪੰਜਾਬ ਤੇ ਪੰਜਾਬੀਆਂ ਦੀ ਚੜ੍ਹਦੀਕਲਾ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ..ਨਵਾਂ ਸਾਲ ਸਾਰਿਆਂ ਲਈ ਖ਼ੁਸ਼ੀਆਂ-ਖੇੜੇ ਦੀ ਸੌਗ਼ਾਤ ਲੈ ਕੇ ਆਵੇ…