Punjab

ਸਿੱਧੂ ਮੂਸੇ ਵਾਲੇ ਦੇ ਪਿਤਾ ਆਪਣੇ ਪੁੱਤ ਨੂੰ ਯਾਦ ਕਰ ਹੋਏ ਭਾਵੁਕ,ਕਹਿ ਦਿੱਤੀਆਂ ਆਹ ਵੱਡੀਆਂ ਗੱਲਾਂ

Sidhu Moosewala's father became emotional on the first anniversary of Sidhu Moosewala

ਮਾਨਸਾ : ਸਿੱਧੂ ਦੀ ਪਹਿਲੀ ਬਰਸੀ ਮੌਕੇ ਆਪਣੇ ਸੰਬੋਧਨ ਵਿੱਚ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ‘ਤੇ ਸਿੱਧੇ ਨਿਸ਼ਾਨੇ ਲਾਏ ਹਨ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਕੀਤਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਇਹ ਇੰਟਰਵਿਊ ਦੇਖ ਕੇ ਇੰਝ ਲਗਾ ਜਿਵੇਂ ਸਿੱਧੂ ਦੀ ਮੌਤ ਦੁਬਾਰਾ ਹੋ ਗਈ ਹੁੰਦੀ ਹੈ। ਇਹ ਗੈਂਗਸਟਰ ਜੇਲ੍ਹਾਂ ਵਿੱਚ ਬੈਠ ਕੇ ਸਰਕਾਰ ਤੇ ਅਦਾਲਤਾਂ ਦੇ ਮਜ਼ਾਕ ਉਡਾਉਂਦੇ ਹਨ,ਮਗਰੋਂ ਇਹੀ ਅਦਾਲਤਾਂ ਇਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਦੀਆਂ ਹਨ। ਪਿਤਾ ਬਲਕੌਰ ਸਿੰਘ ਨੇ ਆਪਣੇ ‘ਤੇ ਲੱਗੇ ਉਹਨਾਂ ਇਲਜ਼ਾਮਾਂ ਦਾ ਵੀ ਜਵਾਬ ਦਿੱਤਾ ਹੈ,ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਉਹ ਰਾਜਨੀਤੀ ਵਿੱਚ ਆਉਣਾ ਚਾਹੁੰਦੇ ਹਨ। ਬਾਪੂ ਬਲਕੌਰ ਸਿੰਘ ਨੇ ਕਿਹਾ ਹੈ ਕਿ ਹੁਣ ਚੋਣਾਂ ਲੱੜ ਕੇ ਮੈਂ ਕਿਸ ਨੂੂੂੰ ਦਿਖਾਉਣਾ ਹੈ,ਮੇਰਾ ਸਭ ਕੁੱਝ ਤਾਂ ਉਜੜ ਗਿਆ ਹੈ।

ਉਹਨਾਂ ਸਰਕਾਰ ਨੂੰ ਸਵਾਲ ਕੀਤਾ ਕਿ ਬਿਸ਼ਨੋਈ ਮਾਮਲੇ ਵਿੱਚ ਕੋਈ ਮੂਸਤੈਦੀ ਨਹੀਂ ਵਰਤੀ ਗਈ ਹੈ ਪਰ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਹੋਰ ਦਿਨ ਵੀ ਫੜਿਆ ਜਾ ਸਕਦਾ ਸੀ। ਅੱਜ ਸਿੱਧੂ ਦੀ ਬਰਸੀ ਮੌਕੇ ਇਹ ਮਾਹੌਲ ਪੰਜਾਬ ਵਿੱਚ ਕਿਉਂ ਬਣਾਇਆ ਜਾ ਰਿਹਾ ਹੈ। ਅੱਜ ਹੀ ਇੰਟਰਨੈਟ ਬੰਦ ਕਿਉਂ ਕੀਤਾ ਗਿਆ ਹੈ ਤੇ ਅੱਜ ਹੀ ਬੱਸਾਂ ਵੀ ਬੰਦ ਕੀਤੀਆਂ ਗਈਆਂ ਹਨ। ਇਸ ਤਰਾਂ ਨਾਲ ਆਵਾਜ਼ਾਂ ਨਹੀਂ ਬੰਦ ਕੀਤੀਆਂ ਜਾ ਸਕਦੀਆਂ ।

ਉਹਨਾਂ ਇਹ ਵੀ ਕਿਹਾ ਹੈ ਕਿ ਸਰਕਾਰ ਘੱਟ ਤੋਂ ਘੱਟ ਇਹ ਤਾਂ ਕਰ ਸਕਦੀ ਹੈ ਕਿ ਜਿਹਨਾਂ ਬੰਦਿਆਂ ਦੇ ਨਾਂ ਉਹਨਾਂ ਸਰਕਾਰ ਨੂੰ ਦੱਸੇ ਹਨ,ਉਹਨਾਂ ਦੀ ਜਾਂਚ ਕੀਤੀ ਜਾਵੇ। ਜੇਕਰ ਉਹ ਬੇਦੋਸ਼ੇ ਨਿਕਲਣ ਤਾਂ ਛੱਡ ਦਿਉ। ਇਸ ਤੋਂ ਇਲਾਵਾ ਉਹਨਾਂ ਦੀ ਹੋਰ ਕੋਈ ਵੱਡੀ ਮੰਗ ਨਹੀਂ ਹੈ ਪਰ ਸਰਕਾਰ ਨੇ ਗਿਆਰਾਂ ਮਹੀਨੇ ਟਪਾ ਦਿੱਤੇ ਹਨ ਤੇ ਹੁਣ ਉਹਨਾਂ ਨੂੰ ਦੁਬਾਰਾ ਵਿਧਾਨ ਸਭਾ ਦਾ ਰੁਖ ਕਰਨ ਲਈ ਮਜਬੂਰ ਕਰ ਰਹੀ ਹੈ।

ਲੋਕਾਂ ਦਾ ਇੰਟਰਨੈਟ ਬੰਦ ਕੀਤਾ ਹੈ ਪਰ ਜੇਲ੍ਹ ਵਿੱਚ ਗੈਂਗਸਟਰਾਂ ਦਾ ਇੰਟਰਨੈਟ ਚੱਲ ਰਿਹਾ ਹੈ। ਵਿਦੇਸ਼ ਬੈਠੇ ਗੈਂਗਸਟਰ ਹਾਲੇ ਤੱਕ ਨਹੀਂ ਫੜੇ ਗਏ ਹਨ । ਵੀਡੀਓ ਵਿੱਚ ਸ਼ਰੇਆਮ ਲਾਰੈਂਸ ਬਿਸ਼ਨੋਈ ਨੇ ਜਿੰਮੇਵਾਰੀ ਲਈ ਸਿੱਧੂ ਨੂੰ ਮਾਰਨ ਦੀ ਤੇ ਸਲਮਾਨ ਖਾਨ ਨੂੰ ਵੀ ਧਮਕੀ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ। ਉਸ ਨੂੰ ਨੈਸ਼ਨਲਿਸਟ ਬਣਾਇਆ ਜਾ ਰਿਹਾ ਹੈ। 6 ਬੰਦੇ ਸਿੱਧੂ ਨੂੰ ਮਾਰਨ ਆਏ,ਜੋ ਉਸ ਨੂੰ ਜਾਣਦੇ ਨਹੀਂ ਸੀ ਪਰ ਇਹਨਾਂ ਮਗਰ ਕੋਣ ਹੈ ,ਇਹ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ ਹੈ।

ਸੂਬਾ ਸਰਕਾਰ ਕੋਲ ਤਾਕਤ ਹੀ ਨਹੀਂ ਹੈ ਕਿ ਉਹ ਕੁਝ ਕਰੇ। ਹੁਣ ਵੀ ਪੰਜਾਬ ਵਿੱਚ ਮਾਹੌਲ ਬਣਾਇਆ ਜਾ ਰਿਹਾ ਹੈ ,ਇਹ ਅਮਿਤ ਸ਼ਾਹ ਦੇ ਇਸ਼ਾਰੇ ਤੇ ਹੋ ਰਿਹਾ ਹੈ। ਬਲਕੌਰ ਸਿੰਘ ਨੇ ਇਹ ਵੀ ਕਿਹਾ ਹੈ ਕਿ ਉਹ ਵੀ ਸਾਬਕਾ ਫੌਜੀ ਰਹੇ ਹਨ ਤੇ ਹੁਣ ਅਮਿਤ ਸ਼ਾਹ ਇਹ ਦੱਸੇ ਕਿ ਲਾਰੈਂਸ ਦੀ ਦੇਸ਼ਭਗਤੀ ਜਿਆਦਾ ਮਾਇਨੇ ਰੱਖਦੀ ਹੈ ਜਾ ਉਹਨਾਂ ਦੀ ?

ਮਾਨਸਾ ਵਿੱਚ 6 ਸਾਲ ਦੇ ਬੱਚੇ ਦੇ ਕੀਤੇ ਕਤਲ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਹੈ ਕਿ ਇਸ ਤਰਾਂ ਦੇ ਲੋਕਾਂ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਜੇਲ੍ਹਾਂ ਵਿੱਚ ਸਭ ਕੁਝ ਮਿਲਦਾ ਹੈ ਤੇ ਲਾਰੈਂਸ ਵਰਗੇ ਉਥੇ ਵੀ ਗਰੁਪ ਬਣਾ ਕੇ ਬਾਹਰ ਧਮਕੀਆਂ ਦਿੰਦੇ ਹਨ।

ਸਿੱਧੂ ਮੂਸੇ ਵਾਲੇ ਦੇ ਸੰਘਰਸ਼ਾਂ ਦੇ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਸ ਦੌਰਾਨ 5 ਸਾਲ ਉਹ ਆਪਣੇ ਪੁੱਤ ਨਾਲ ਬਾਡੀਗਾਰਡ ਵਾਂਗ ਰਹੇ ਹਨ। ਰਸਤੇ ਵਿੱਚ ਆਉਣ ਵਾਲੀਆਂ ਮੁਸੀਬਤਾਂ ਨਾਲ ਦੋ ਚਾਰ ਹੁੰਦੇ ਹੋਏ ਉਸ ਨੂੰ ਸਫਲਤਾ ਮਿਲੀ। ਰਾਜਨੀਤੀ ਵਿੱਚ ਵੀ ਆਇਆ ਤੇ ਵੋਟਾਂ ਵਿੱਚ ਵੀ ਖੜਾ ਹੋਇਆ।

ਪੰਜਾਬ ਸਰਕਾਰ ਦੇ ਮੀਡੀਆ ਸਲਾਹਕਾਰ ਬਲਤੇਜ ਪੁਨੂੰ ‘ਤੇ ਵਰਦਿਆਂ ਉਹਨਾਂ ਕਿਹਾ ਕਿ ਇਹ ਸਿੱਧੂ ਦੇ ਜਿਉਂਦਿਆਂ ਵੀ ਉਸ ਦੇ ਖਿਲਾਫ਼ ਪੋਸਟਾਂ ਪਾਉਂਦਾ ਸੀ ਪਰ ਇਸ ਵਲੋਂ ਸੁਰੱਖਿਆ ਵਾਲੀ ਗੱਲ ਨੂੰ ਲੀਕ ਕਰਨ ਦਾ ਇਹ ਅਸਰ ਹੋਇਆ ਕਿ ਸਿੱਧੂ ਨੂੰ ਪਿੰਡ ਜਵਾਹਰਕੇ ਵਿੱਖੇ ਖ਼ਤਮ ਕਰ ਦਿੱਤਾ ਗਿਆ। ਬਲਤੇਜ ਪੁਨੂੰ ਨੇ ਹਮੇਸ਼ਾ ਸਿੱਧੂ ਨੂੰ ਵਿਵਾਦਤ ਗਾਇਕ ਲਿਖਿਆ ਹੈ। ਸਿੱਧੂ ‘ਤੇ ਝੂਠੇ ਕੇਸ ਵੀ ਹੋਏ ਤੇ ਮੌਤ ਵੇਲੇ ਵੀ ਉਸ ‘ਤੇ 6 ਕੇਸ ਦਰਜ ਸਨ। ਉਹਨਾਂ ਇਹ ਵੀ ਕਿਹਾ ਕਿ ਮਾਨਸਾ ਜਿਲ੍ਹਾ ਇਸ ਵੇਲੇ ਗੈਂਗਸਟਰਾਂ ਦਾ ਅੱਡਾ ਬਣ ਗਿਆ ਹੈ ,ਜਿਸ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ।

ਉਹਨਾਂ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਜੇਕਰ ਬੇਕਸੂਰ ਪੁੱਤਰ ਬਚਾਉਣੇ ਹਨ ਤਾਂ ਜੇਲ੍ਹਾਂ ਦੀ ਸਫਾਈ ਕਰਵਾਈ ਜਾਵੇ ਭਾਵ ਫੋਨ-ਇੰਟਰਨੈਟ ਬੰਦ ਕੀਤਾ ਜਾਵੇ । ਉਹਨਾਂ ਦਾ ਪੁੱਤਰ ਤਾਂ ਨਹੀਂ ਬਚ ਸਕਿਆ ਹੈ ਪਰ ਹੁਣ ਲੋਕਾਂ ਦੇ ਪੁੱਤਰ ਨਾ ਹੋਰ ਮਰਨ । ਹੁਣ ਇਸ ਵੇਲੇ ਗੈਂਗਸਟਰਵਾਦ ਇੱਕ ਕਿੱਤਾ ਬਣ ਗਿਆ ਹੈ,ਜਿਸ ਵੱਲ ਨੌਜਵਾਨ ਖਿੱਚੇ ਜਾ ਰਹੇ ਹਨ।ਉੱਚੇ ਅਹੁਦਿਆਂ ਲਈ ਪ੍ਰੀਖਿਆਵਾਂ ਦੇਣਾ ਤਾਂ ਪੰਜਾਬੀ ਨੌਜਵਾਨ ਭੁਲਦੇ ਜਾ ਰਹੇ ਹਨ।

ਸਿੱਧੂ ਨੇ ਵਿਦੇਸ਼ ਤੇ ਚੰਡੀਗੜ੍ਹ ਨੂੰ ਛੱਡ ਕੇ ਪੰਜਾਬ ਦੇ ਇੱਕ ਸਾਧਾਰਣ ਜਿਹੇ ਪਿੰਡ ਵਿੱਚ ਰਹਿਣਾ ਕਬੂਲ ਕੀਤਾ ਸੀ ਪਰ ਇਸੇ ਗੱਲ ਦੀ ਸਜ਼ਾ ਉਸ ਨੂੰ ਮਿਲੀ । ਮਾਨਸਾ ਇਲਾਕੇ ਦੀ ਬਦਕਿਸਮਤੀ ਹੈ ਕਿ ਉਹ ਉਸ ਨੂੰ ਸਾਂਭ ਨਹੀਂ ਸਕੇ।ਇਸ ਮੌਕੇ ਭਾਵੁਕ ਹੁੰਦੇ ਹੋਏ ਉਹਨਾਂ ਕਿਹਾ ਕਿ ਸਿੱਧੂ ਮੇਰੇ ਵਰਗੇ ਆਮ ਫੌਜੀ ਦੇ ਘਰੇ ਜੰਮਿਆ ਸੀ ,ਉਹ ਬਚ ਸਕਦਾ ਸੀ ਜੇਕਰ ਕਿਸੇ ਵੱਡੇ ਲੀਡਰ ਜਾ ਐਮਐਲਏ ਦੇ ਘਰੇ ਪੈਦਾ ਹੋਇਆ ਹੁੰਦਾ।

ਕਿਸੇ ਨੂੰ ਵੀ ਮਾਰ ਕੇ ਵੱਧ ਤੋਂ ਵੱਧ ਕੀ ਹੁੰਦਾ ਹੈ ? ਦਫਾ 302 ਲਾ ਕੇ ਜੇਲ੍ਹ ਭੇਜ ਦਿੰਦੇ ਹਨ ,ਉਥੇ ਲਾਰੈਂਸ,ਜਗੂ ਵਰਗੇ ਬੈਠੇ ਹੁੰਦੇ ਹਨ ਤੇ ਇੰਟਰਨੈਟ ਵੀ ਮਿਲਦਾ ਹੈ। ਇਹ ਮਾਹੌਲ ਬਣਿਆ ਹੋਇਆ ਹੈ ਜੇਲ੍ਹਾਂ ਦਾ। ਆਪਣੇ ਸੰਬੋਧਨ ਦੇ ਅਖੀਰ ਵਿੱਚ ਬਲਕੌਰ ਸਿੰਘ ਨੇ ਸਾਰੀਆਂ ਜਥੇਬੰਦੀਆਂ ਤੇ ਪਹੁੰਚੀ ਹੋਈ ਸੰਗਤ ਦਾ ਧੰਨਵਾਦ ਕੀਤਾ।

ਇਸ ਮੌਕੇ ਸਿੱਧੂ ਦੇ ਮਾਤਾ ਚਰਨ ਕੌਰ ਨੇ ਪਹੁੰਚੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਹਾਲੇ ਵੀ ਗੁਲਾਮ ਹਾਂ। ਗੈਂਗਸਟਰ ਜੇਲ੍ਹਾਂ ਵਿੱਚ ਬੈਠ ਕੇ ਲੋਕਾਂ ਨੂੰ ਮਰਵਾਈ ਜਾ ਰਹੇ ਹਨ। ਅੰਮ੍ਰਿਤਪਾਲ ਸਿੰਘ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਉਹ ਨਸ਼ੇ ਛੁਡਾ ਕਿ ਲੋਕਾਂ ਨੂੰ ਸਹੀ ਰਾਹ ਪਾ ਰਿਹਾ ਹੈ ਪਰ ਸਰਕਾਰਾਂ ਉਸ ਨੂੰ ਗਲਤ ਸਾਬਿਤ ਕਰਨ ਤੇ ਲਗੀਆਂ ਹੋਈਆਂ ਹਨ।ਉਹਨਾਂ ਇਹ ਵੀ ਕਿਹਾ ਕਿ ਅੱਜ ਤੋਂ 20-25 ਦਿਨ ਪਹਿਲਾਂ ਸਿੱਧੂ ਦੀ ਬਰਸੀ ਮਨਾਉਣ ਲਈ ਐਲਾਨ ਹੋ ਗਿਆ ਸੀ ਪਰ ਸਰਕਾਰ ਨੂੰ ਅੰਮ੍ਰਿਤਪਾਲ ਸਿੰਘ ਨੂੰ ਫੜਨ ਦਾ ਚੇਤਾ ਕੱਲ ਹੀ ਕਿਉਂ ਆਇਆ ਹੈ? ਇਸ ਤਰਾਂ ਦਾ ਮਾਹੌਲ ਬਣਾ ਕੇ ਸਾਡੇ ਜ਼ਖਮਾਂ ਤੇ ਲੂਣ ਪਾਇਆ ਜਾ ਰਿਹਾ ਹੈ। ਅਜਨਾਲਾ ਕੇਸ ਹੋਏ ਨੂੰ ਇੰਨੇ ਦਿਨ ਹੋ ਗਏ ਹਨ ਪਰ ਅੱਜ ਹੀ ਸਰਕਾਰ ਨੂੰ ਇਸ ਸੰਬੰਧ ਵਿੱਚ ਕੇਸ ਦਰਜ ਕਰਨ ਦਾ ਚੇਤਾ ਕਿਉਂ ਆਇਆ ਹੈ?

ਸਿੱਧੂ ਦੀ ਪਹਿਲੀ ਬਰਸੀ ਮੌਕੇ ਭਾਵੁਕ ਹੋਏ ਮਾਤਾ ਚਰਨ ਕੌਰ ਨੇ ਕਿਹਾ ਕਿ ਮੇਰੇ ਪੁੱਤ ਦਾ ਕਸੂਰ ਸਾਬਤ ਕਰੋ,ਸਜ਼ਾ ਭੁਗਤਾਂਗੇ। ਲਾਰੈਂਸ ਦਾ ਨਾਮ ਲੈਂਦੇ ਹੋਏ ਮਾਤਾ ਚਰਨ ਕੌਰ ਨੇ ਕਿਹਾ ਕਿ ਉਹ ਸ਼ਰੇਆਮ ਗਾਇਕਾਂ ਦੇ ਨਾਂ ਲੈ ਰਿਹਾ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਹੈ।

ਅੱਜ ਸਿੱਧੂ ਦੀ ਪਹਿਲੀ ਬਰਸੀ ਮੌਕੇ ਸਰਕਾਰ ਨੇ ਜੋ ਮਾਹੌਲ ਬਣਾਇਆ ਹੈ, ਉਸ ਕਾਰਨ ਅੱਧੀ ਸੰਗਤ ਆ ਵੀ ਨਹੀਂ ਸਕੀ ਹੈ। ਇਹ ਇੱਕ ਤਰਾਂ ਨਾਲ ਜ਼ਖਮਾਂ ਤੇ ਲੂਣ ਪਾਉਣ ਦੇ ਬਰਾਬਰ ਹੈ। ਲਾਰੈਂਸ ਵੱਲੋਂ ਲਾਏ ਇਲਜ਼ਾਮਾਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਸਿੱਧੂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।