Punjab

ਪ੍ਰਤਾਪ ਸਿੰਘ ਬਾਜਵਾ ਦਾ ਸੂਬਾ ਸਰਕਾਰ ‘ਤੇ ਇਲਜ਼ਾਮ,ਸਿੱਧੂ ਦੀ ਬਰਸੀ ਮੌਕੇ ਸਾਜਿਸ਼ ਕੀਤੇ ਜਾਣ ਦਾ ਕੀਤਾ ਦਾਅਵਾ

ਮਾਨਸਾ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ‘ਤੇ ਵੱਡੇ ਇਲਜ਼ਾਮ ਲਾਏ ਹਨ ਤੇ ਕਿਹਾ ਹੈ ਕਿ ਸਿੱਧੂ ਦੀ ਬਰਸੀ ਮੌਕੇ ਮਾਹੌਲ ਨੂੰ ਵਿਗਾੜਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਬਾਜਵਾ ਅੱਜ ਗਾਇਕ ਸਿੱਧੂ ਮੂਸੇ ਵਾਲਾ ਦੀ ਪਹਿਲੀ ਬਰਸੀ ਮੌਕੇ ਮਾਨਸਾ ਪਹੁੰਚੇ ਸਨ ਤੇ ਉਹਨਾਂ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਤੇ ਹੋਰ ਕਾਂਗਸੀ ਆਗੂ ਵੀ ਸਨ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਾਜਵਾ ਨੇ ਸਿੱਧੂ ਦੇ ਮਾਤਾ-ਪਿਤਾ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਤੇ ਕੇਂਦਰ ਸਰਕਾਰ ਨੂੰ ਕੱਟਹਿਰੇ ਵਿੱਚ ਖੜਾ ਕੀਤਾ ਹੈ। ਸਿੱਧੂ ਦੇ ਮਾਂ-ਬਾਪ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਲੈਕੇ ਪੰਜਾਬ ਸਰਕਾਰ ਤੇ ਨਿਸ਼ਾਨਾ ਲਾਉਂਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਿੱਧੂ ਦੀ ਸੁਰੱਖਿਆ ਦੀ ਗੱਲ ਨੂੰ ਮੀਡੀਆ ਵਿੱਚ ਲੀਕ ਕਰਨ ਵਾਲੇ ਵੀ ਉਸ ਦੇ ਕਾਤਲਾਂ ਵਿੱਚ ਸ਼ਾਮਲ ਹਨ ਤੇ ਇਸ ਵੇਲੇ ਪੰਜਾਬ ਸਰਕਾਰ ਦੇ ਦਫਤਰਾਂ ਵਿੱਚ ਬੈਠਦੇ ਹਨ।ਸਿੱਧੂ ਦੀ ਮੌਤ ਤੋਂ ਭਾਵੇਂ 8 ਦਿਨ ਪਹਿਲਾਂ ਹੀ ਸੁਰੱਖਿਆ ਵਾਪਸ ਲੈ ਲਈ ਗਈ ਸੀ ਪਰ ਜਿਵੇਂ ਹੀ ਇਹ ਗੱਲ ਮੁੱਖ ਮੰਤਰੀ ਪੰਜਾਬ ਦੇ ਪੇਜ ਤੇ ਪਾਈ ਗਈ,ਉਸੇ ਵੇਲੇ ਇਹ ਘਟਨਾ ਵਾਪਰ ਗਈ।

ਪੰਜਾਬ ਦੇ ਲਾਅ ਐਂਡ ਆਰਡਰ ਸੰਬੰਧੀ ਪੁੱਛੇ ਗਏ ਸਵਾਲ ਵਿੱਚ ਬਾਜਵਾ ਨੇ ਕਿਹਾ ਕਿ ਇੱਕ ਪਾਸੇ ਜੀ20 ਸੰਮੇਲਨ ਵਿੱਚ ਬਾਹਰੋਂ ਨਿਵੇਸ਼ ਲਿਆਉਣ ਲਈ ਜੋਰ ਲਗਾਇਆ ਜਾ ਰਿਹਾ ਹੈ,ਉਥੇ ਦੂਸਰੇ ਪਾਸੇ ਅਜਨਾਲਾ ਘਟਨਾ ਵਾਪਰਦੀ ਹੈ।

ਬਾਜਵਾ ਨੇ ਸਰਕਾਰ ਵਲੋਂ ਅੰਮ੍ਰਿਤਪਾਲ ਨੂੰ ਫੜਨ ਲਈ ਕੀਤੀ ਜਾ ਰਹੀ ਕਾਰਵਾਈ ਨੂੰ ਸਿੱਧੇ-ਸਿੱਧੇ ਸਿੱਧੂ ਮੂਸੇ ਵਾਲੇ ਦੇ ਬਰਸੀ ਸਮਾਗਮ ਨੂੰ ਖਰਾਬ ਕਰਨ ਦੀ ਸਾਜਿਸ਼ ਦੱਸਿਆ ਹੈ ਤੇ ਕਿਹਾ ਹੈ ਕਿ ਪਹਿਲਾਂ ਸਰਕਾਰ ਕੀ ਕਰ ਰਹੀ ਸੀ ,ਜੋ ਹੁਣ ਬਰਸੀ ਤੋਂ ਇੱਕ ਦਿਨ ਪਹਿਲਾਂ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ ਤੇ ਜਗਾ-ਜਗਾ ਪੁਲਿਸ ਨਾਕੇ ਲਗਾਏ ਜਾ ਰਹੇ ਹਨ।

ਬਿਸ਼ਨੋਈ ਦੀ ਇੰਟਰਵਿਊ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਸ ਦੀ ਦੂਜੀ ਇੰਟਰਵਿਊ ਨੇ ਡੀਜੀਪੀ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ । ਇੱਕ ਪਾਸੇ ਜੀ20 ਸੰਮੇਲਨ ਵਿੱਚ ਸੂਬੇ ਦਾ ਮੁੱਖ ਮੰਤਰੀ ਹੋਰਨਾਂ ਦੇਸ਼ਾਂ ਤੋਂ ਆਏ ਪ੍ਰਤੀਨਿਧਿਆਂ ਨੂੰ ਸੰਬੋਧਨ ਕਰ ਰਿਹਾ ਸੀ ,ਉਸ ਵੇਲੇ ਗੈਂਗਸਟਰ ਜੇਲ੍ਹ ਵਿੱਚੋਂ ਲਾਈਵ ਇੰਟਰਵਿਊ ਦੇ ਰਿਹਾ ਸੀ ਤੇ ਸਾਰੇ ਸਿਸਟਮ ਨੂੰ ਚੁਣੌਤੀ ਦੇ ਰਿਹਾ ਸੀ। ਇਸ ਬਾਰੇ ਹਾਲੇ ਤੱਕ ਕੋਈ ਵੀ ਜਾਂਚ ਨਹੀਂ ਹੋਈ ਹੈ।

ਮਾਨਸਾ ਆਉਣ ਵਾਲੇ ਲੋਕਾਂ ਦੀ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਕਈ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ।ਮਾਨ ਸਰਕਾਰ ਬਾਰੇ ਬੋਲਦਿਆਂ ਬਾਜਵਾ ਨੇ ਕਿਹਾ ਕਿ ਹੁਣ ਵਿਜੀਲੈਂਸ ਦੇ ਦਫਤਰ ‘ਤੇ ਵੀ ਆਪ ਸਰਕਾਰ ਦਾ ਝੰਡਾ ਲਗਾ ਦਿੱਤਾ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਉਹਨਾਂ 22 ਮਾਰਚ ਨੂੰ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਆਪ ਸਰਕਾਰ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ ਹੈ । ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਐਸਆਈਟੀ ਦੀ ਕਾਰਵਾਈ ਬਾਰੇ ਬਾਜਵਾ ਨੇ ਜਿਆਦਾ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ ।