‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਵਿਵਾਦਤ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਪਿਛਲੇ ਦਿਨੀਂ ਰਿਲੀਜ਼ ਹੋਏ ਗਾਣੇ ‘ਸੰਜੂ’ ਕਰਕੇ ਮੁੜ ਤੋਂ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗਾਣੇ ਦੇ ਵਿਵਾਦਿਤ ਬੋਲਾਂ ਖਿਲਾਫ ਪੰਜਾਬ ਦੀ ਕਰਾਇਮ ਬਰਾਂਚ ਨੇ ਬੰਦੂਕ ਕਲਚਰ ਅਤੇ ਹਿੰਸਾ ਨੂੰ ਵਧਾਵਾ ਦੇਣ ਕਰਕੇ IPC ਦੀਆਂ ਧਾਰਾਵਾਂ 188/294/504/120-B ਤਹਿਤ ਪਰਚਾ ਦਰਜ ਕੀਤਾ ਹੈ। ਪਰਚਾ ਦਰਜ ਹੋਣ ਤੋਂ ਬਾਅਦ ਆਪਣੇ ਗਾਣਿਆਂ ਵਿੱਚ ਹੈਕੜਬਾਜੀ ਦਿਖਾਉਣ ਵਾਲੇ ਸਿੱਧੂ ਨੂੰ ਹੁਣ ਇੱਕ ਟੀਵੀ ਚੈਨਲ ‘ਤੇ ਆ ਕੇ ਸਫਾਈ ਦੇਣੀ ਪਈ। ਸਿੱਧੂ ਮੂਸੇਵਾਲੇ ਨੇ ਦਾਅਵਾ ਕੀਤਾ ਕਿ “ਮੇਰੇ ਗਾਣੇ ਹਮੇਸ਼ਾ ਹੀ ਅਸਲੀਅਤ ਦੇ ਨੇੜੇ ਹੁੰਦੇ ਹਨ ਤੇ ਮੈਂ ਸਿਰਫ ਹਾਲਾਤਾਂ ਨੂੰ ਬਿਆਨ ਕਰਦਾਂ ਹਾਂ”
ਸਿੱਧੂ ਮੂਸੇਵਾਲੇ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ “ਸੰਜੂ ਗਾਣੇ ਵਿੱਚ ਮੈਂ ਕੁਝ ਵੀ ਗਲਤ ਨਹੀਂ ਗਾਇਆ ਹੈ, ਹਾਲੇ ਮੇਰੇ ਉੱਪਰ AK-47 ਚਲਾਉਣ ਵਾਲੇ ਆਰੋਪ ਤੈਅ ਹੀ ਨਹੀਂ ਹੋਏ, ਪਰ ਕਈ ਟੀਵੀ ਚੈਨਲਾਂ ਨੇ ਇਹ ਮੁੱਦਾ ਬਣਾ ਦਿੱਤਾ ਕਿ ਸਿੱਧੂ ਨੇ AK-47 ਚਲਾਈ ਹੈ, ਇਸੇ ਕਰਕੇ ਮੈਨੂੰ ਗਾਣੇ ਵਿੱਚ ਇਹ ਬੋਲਣਾ ਪਿਆ ਕਿ “ਚੈਨਲਾਂ ‘ਤੇ ਚਰਚਾ ਜੀ ਬਾਹਲੀ ਜੁੜ ਗਈ, ਗੱਭਰੂ ਨੇ ਨਾਂ ਨਾਲ 47 ਜੁੜ ਗਈ”। ਸਿੱਧੂ ਨੇ ਕਿਹਾ ਕਿ ਜਾਣਬੁੱਝ ਕੇ ਧੱਕੇ ਨਾਲ ਹੀ ਉਸਨੂੰ ਗੈਂਗਸਟਰ ਬਿਰਤੀ ਵਾਲਾ ਕਿਹਾ ਜਾ ਰਿਹਾ ਹੈ।
ਸਿਆਸੀ ਲੋਕਾਂ ਅਤੇ ਆਪਣੇ ਭਾਈਚਾਰੇ ਦੇ ਗਾਇਕਾਂ ‘ਤੇ ਬਿਨਾਂ ਨਾਂ ਲਏ ਨਿਸ਼ਾਨਾ ਲਾਉਂਦਿਆਂ ਮੂਸੇਵਾਲੇ ਨੇ ਕਿਹਾ ਕਿ “ਕੁਝ ਕੁ ਚਿੱਟੇ ਕੁੜਤੇ ਵਾਲੇ ਲੋਕ, ਕੁਝ ਕੁ ਪੰਜਾਬੀ ਸਿੰਗਰ ਅਤੇ 2-4 ਹੋਰ ਲੋਕਾਂ ਤੋਂ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇੱਕ ਆਮ ਘਰ ਦਾ ਮੁੰਡਾ ਇੰਨੀ ਸ਼ੌਹਰਤ ਕਿਵੇਂ ਹਾਸਲ ਕਰ ਗਿਆ”। ਸਿੱਧੂ ਨੇ ਸਫਾਈ ਦਿੰਦਿਆਂ ਕਿਹਾ ਕਿ ਜੇ ਮੈਂ ਪੁਲਿਸ ਦੀ ਸ਼ਲਾਘਾ ਕਰ ਦੇਵਾਂ ਤਾਂ ਲੋਕ ਮੈਨੂੰ ਪੁਲਿਸ ਦਾ ਟਾਊਟ ਕਹਿਣ ਲੱਗ ਜਾਂਦੇ ਹਨ।
‘ਸੰਜੂ’ ਗਾਣੇ ਵਾਲੇ ਕੇਸ ਵਿੱਚ ਸਿੱਧੂ ਨੇ ਕਿਹਾ ਕਿ ਅਦਾਲਤ ਵੱਲੋਂ ਉਸਨੂੰ ਜ਼ਮਾਨਤ ਮਿਲ ਚੁੱਕੀ ਹੈ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਮਾਣਯੋਗ ਅਦਾਲਤ ਦਾ ਫੈਸਲਾ ਉਸਦੇ ਹੱਕ ਵਿੱਚ ਹੀ ਆਵੇਗਾ। ਹਥਿਆਰਾਂ ਵਾਲੇ ਗੀਤਾਂ ਦੇ ਸਵਾਲ ‘ਤੇ ਸਿੱਧੂ ਨੇ ਆਪਣਾ ਬਚਾਅ ਕਰਦਿਆਂ ਕਿਹਾ ਕਿ ਹਥਿਆਰਾਂ ਵਾਲੇ ਗੀਤ ਸੁਣਕੇ ਕੋਈ ਹਥਿਆਰ ਨਹੀਂ ਚੁੱਕ ਲੈਂਦਾ, ਆਉਣ ਵਾਲੇ ਸਮੇਂ ਵਿੱਚ ਧਾਰਮਿਕ ਗੀਤ ਵੀ ਗਾਵਾਂਗਾ।