ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਮੁੱਖ ਸਾਜ਼ਿਸ਼ਘਾੜੇ ਗੈਂਗਸਟਰ ਸਚਿਨ ਥਾਪਨ ਉਰਫ਼ ਸਚਿਨ ਬਿਸ਼ਨੋਈ ਖ਼ਿਲਾਫ਼ ਮਾਨਸਾ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਮਾਨਸਾ ਕੋਰਟ ਚ 22 ਪੰਨਿਆਂ ਦੀ ਚਾਰਸ਼ੀਟ ਦਾਖਲ ਕੀਤੀ ਗਈ ਹੈ। ਚਾਰਸ਼ੀਟ ਚ ਸਚਿਨ ਬਿਸ਼ਨੋਈ ਨੂੰ ਸਾਜ਼ਿਸ਼ਕਰਤਾ ਦੱਸਿਆ ਗਿਆ ਹੈ। ਸਚਿਨ ਬਿਸ਼ਨੋਈ ਤੋਂ ਪੁਲਿਸ ਰਿਮਾਂਡ ਚ ਵੱਡੇ ਖੁਲਾਸੇ ਹੋਏ ਹਨ। ਜਿਸ ਦੇ ਅਧਾਰ ਤੇ ਕੋਰਟ ਚ ਚਾਰਜਸ਼ੀਟ ਪੇਸ਼ ਕੀਤੀ ਗਈ ਹੈ।
ਮਾਨਸਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ 28 ਦਸੰਬਰ ਨੂੰ ਸਚਿਨ ਨੂੰ ਪੇਸ਼ ਨਾ ਕਰਨ ਤੋਂ ਬਾਅਦ 10 ਜਨਵਰੀ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਸੀ। ਪਤਾ ਲੱਗਾ ਹੈ ਕਿ ਸਚਿਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਹਿਰਾਸਤ ਵਿਚ ਹੈ।
ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਪੁਲੀਸ ਨੇ ਇਸ ਕਤਲ ਕੇਸ ਵਿੱਚ 29 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਨਦੀਪ ਸਿੰਘ ਅਤੇ ਮਨਮੋਹਨ ਸਿੰਘ ਦਾ ਗੋਇੰਦਵਾਲ ਜੇਲ੍ਹ ਵਿੱਚ ਕਤਲ ਹੋ ਚੁੱਕਾ ਹੈ। ਦੋ ਸ਼ੂਟਰ ਮਨਪ੍ਰੀਤ ਸਿੰਘ ਉਰਫ਼ ਮੰਨੂ ਅਤੇ ਜਗਰੂਪ ਸਿੰਘ ਉਰਫ਼ ਰੂਪਾ ਨੂੰ ਪੁਲਿਸ ਨੇ ਅੰਮ੍ਰਿਤਸਰ ਵਿੱਚ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਗੋਲਡੀ ਬਰਾੜ, ਅਨਮੋਲ ਬਿਸ਼ਨੋਈ ਅਤੇ ਲਿਪਿਨ ਨਹਿਰਾ ਫਰਾਰ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਵਿਦੇਸ਼ ‘ਚ ਲੁਕੇ ਹੋਏ ਹਨ। ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਵੀ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨ ਦਿੱਤਾ ਹੈ।