Punjab

ਸਿੱਧੂ ਮੂਸੇਵਾਲਾ ਦੀ ਫੋਟੋ ਨਾਲ ਇੱਕ ਕੰਪਨੀ ਦੀ ਮਾੜੀ ਕਰਤੂਤ ! ਗੁੱਸੇ ਵਿੱਚ ਫੈਨਸ ! ਕੰਪਨੀ ਖਿਲਾਫ਼ ਕੇਸ ਦਰਜ ਕਰਨ ਦੀ ਮੰਗ

ਬਿਊਰੋ ਰਿਪੋਰਟ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਲੋਕ ਉਨ੍ਹਾਂ ਨੂੰ ਭੁੱਲੇ ਨਹੀਂ ਬਲਕਿ ਉਨ੍ਹਾਂ ਦੇ ਫੈਨਸ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਸ ਨੂੰ ਕੈਸ਼ ਕਰਨ ਦੇ ਲਈ ਇੱਕ ਕੰਪਨੀ ਨੇ ਸਿੱਧੂ ਮੂਸੇਵਾਲਾ ਦੀ ਫ਼ੋਟੋ ਦੇ ਨਾਲ ਮਾੜੀ ਕਰਤੂਤ ਕੀਤੀ ਹੈ। ਇੱਕ ਤੰਬਾਕੂ-ਗੁਟਕਾ ਬਣਾਉਣ ਵਾਲੀ ਕੰਪਨੀ ਨੇ ਆਪਣੀ ਸੇਲ ਵਧਾਉਣ ਦੇ ਲਈ ਸਿੱਧੂ ਮੂਸੇਵਾਲਾ ਦੀ ਫ਼ੋਟੋ ਦੀ ਗ਼ਲਤ ਵਰਤੋਂ ਕੀਤੀ ਹੈ । ਤੰਬਾਕੂ ਕੰਪਨੀ ਨੇ ਆਪਣੀ ਸੁਪਾਰੀ ਦੇ ਪ੍ਰੋਡਕਟ ‘ਤੇ ਗਾਇਕ ਸਿੱਧੂ ਮੂਸੇਵਾਲਾ ਦੀ ਫ਼ੋਟੋ ਲਗਾਈ ਹੈ।

ਸਿੱਧੂ ਮੂਸੇਵਾਲਾ ਦੀ ਫ਼ੋਟੋ ਵੇਖ ਕੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਰੋਸ ਹੈ। ਕੰਪਨੀ ਦੀ ਇਸ ਹਰਕਤ ਨੂੰ ਵੇਖ ਕੇ ਲੋਕ ਗ਼ੁੱਸੇ ਵਿੱਚ ਹਨ, ਸੋਸ਼ਲ ਮੀਡੀਆ ‘ਤੇ ਇਸ ਗੱਲ ਦੀ ਕਾਫ਼ੀ ਨਿੰਦਾ ਹੋ ਰਹੀ ਹੈ। ਮੰਗ ਹੋ ਰਹੀ ਹੈ ਕਿ ਕੰਪਨੀ ਨੇ ਅਜਿਹੀ ਕਰਤੂਤ ਕੀਤੀ ਹੈ, ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਲੋਕਾਂ ਦਾ ਇਲਜ਼ਾਮ ਹੈ ਕਿ ਕੰਪਨੀ ਦੀ ਸੇਲ ਵਧਾਉਣ ਦੇ ਲਈ ਉਨ੍ਹਾਂ ਨੇ ਅਜਿਹਾ ਕੰਮ ਕੀਤਾ ਹੈ, ਸਿਰਫ਼ ਇੰਨਾ ਹੀ ਨਹੀਂ ਇਸ ਨਾਲ ਨੌਜਵਾਨਾਂ ਨੂੰ ਤੰਬਾਕੂ-ਗੁਟਕੇ ਵੱਲ ਜਾਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ।

ਫ਼ੋਟੋ ਦੇ ਨਾਲ ਸਿੱਧੂ ਦਾ ਨਾਂ ਵੀ ਲਿਖਿਆ

ਤੰਬਾਕੂ-ਗੁਟਕਾ ਬਣਾਉਣ ਵਾਲੀ ਕੰਪਨੀ ਨੇ ਸਿਰਫ਼ ਸਿੱਧੂ ਮੂਸੇਵਾਲਾ ਦੀ ਫ਼ੋਟੋ ਦੀ ਵਰਤੋਂ ਹੀ ਆਪਣੀ ਪਾਊਚ ‘ਤੇ ਨਹੀਂ ਕੀਤੀ ਬਲਕਿ ਸਿੱਧੂ ਮੂਸੇਵਾਲਾ ਦੇ ਨਾਂ ਦੀ ਵਰਤੋਂ ਵੀ ਵੱਡੇ-ਵੱਢੇ ਅੱਖਰਾਂ ਵਿੱਚ ਕੀਤੀ ਹੈ। ਕੰਪਨੀ ਨੇ ਇਸ ਤਰ੍ਹਾਂ ਸਿੱਧੂ ਮੂਸੇਵਾਲਾ ਦੀ ਫ਼ੋਟੋ ਦਾ ਇਸਤੇਮਾਲ ਕੀਤਾ ਹੈ ਜਿਵੇਂ ਸਿੱਧੂ ਨੇ ਹੀ ਮੌਤ ਤੋਂ ਪਹਿਲਾਂ ਕੰਪਨੀ ਨੂੰ ਆਪ ਫ਼ੋਟੋ ਲਗਾਉਣ ਦਾ ਅਧਿਕਾਰ ਦਿੱਤਾ ਹੋਵੇ। ਫ਼ਿਲਹਾਲ ਇਸ ਤੇ ਸਿੱਧੂ ਦੇ ਮਾਪਿਆਂ ਦਾ ਕੋਈ ਬਿਆਨ ਨਹੀਂ ਆਇਆ ਹੈ, ਪਰ ਉਹ ਕਈ ਵਾਰ ਇਹ ਕਹਿ ਚੁੱਕੇ ਹਨ ਕਿ ਉਨ੍ਹਾਂ ਦੇ ਪੁੱਤਰ ਦੇ ਨਾਂ ਦੀ ਵਰਤੋਂ ਕੋਈ ਵੀ ਸ਼ਖ਼ਸ ਗ਼ਲਤ ਤਰੀਕੇ ਨਾਲ ਨਾ ਕਰੇ ।