Punjab

ਮੂਸੇਵਾਲਾ ਦੇ ਜਨਮ ਦਿਨ ‘ਤੇ ਪਿਤਾ ਦੀ ਕੁੰਵਰ ਵਿਜੇ ਪ੍ਰਤਾਪ ਤੋਂ ਉਮੀਦ ! ਨੌਜਵਾਨਾਂ ਨੂੰ 2 ਸਹੁੰਆਂ ਚੁਕਾਈਆਂ !

ਬਿਊਰੋ ਰਿਪੋਰਟ :  ਦੇਹਾਂਤ ਤੋਂ ਬਾਅਦ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਐਤਵਾਰ 11 ਜੂਨ ਨੂੰ ਦੂਜਾ ਜਨਮ ਦਿਨ ਸੀ । ਪਰਿਵਾਰ ਨੂੰ ਮਿਲਣ ਘਰ ਪਹੁੰਚੇ ਲੋਕਾਂ ਦੇ ਮੂੰਹ ਤੋਂ ਇੱਕ ਹੀ ਆਵਾਜ਼ ਨਿਕਲ ਰਹੀ ਸੀ। ਸਿੱਧੂ ਅਮਰ ਰਹੇ …। ਦੁਨੀਆ ਨੂੰ ਅਲਵਿਦਾ ਕਹਿਕੇ ਗਏ ਪੁੱਤ ਦਾ ਜਨਮ ਮਨਾਉਣਾ ਮਾਪਿਆਂ ਲਈ ਕਿੰਨਾਂ ਔਖਾ ਹੁੰਦਾ ਹੈ ਇਹ ਸਿੱਧੂ ਦੇ ਮਾਪਿਆਂ ਤੋਂ ਵੱਧ ਕੋਈ ਨਹੀਂ ਦੱਸ ਸਕਦਾ ਹੈ। ਪਰ ਜਿਹੜੀ ਆਪਣੀ ਗਾਇਕੀ ਦੀ ਕਲਾਂ ਦੇ ਨਾਲ ਸਿੱਧੂ ਆਪਣੇ ਚਾਉਣ ਵਾਲਿਆਂ ਦਾ ਪਿਆਰ ਮਾਪਿਆਂ ਦੀ ਝੋਲੀ ਵਿੱਚ ਪਾਕੇ ਗਿਆ ਹੈ ਉਸ ਨੂੰ ਮਾਤਾ ਨੇ ਸੰਭਾਲ ਕੇ ਰੱਖਿਆ ਹੈ । ਇਸੇ ਲਈ ਪਰਿਵਾਰ ਨੇ ਪੁੱਤ ਦੀ ਗੈਰ ਹਾਜ਼ਰੀ ਦੇ ਬਾਵਜੂਦ ਘਰ ਨੂੰ ਗੁਬਾਰਿਆਂ ਨਾਲ ਸਜਾਇਆ ਸੀ ।

ਪੁੱਤ ਸ਼ੁਭਦੀਪ ਸਿੰਘ ਦੇ ਜਨਮ ਦਿਨ ‘ਤੇ ਘਰ ਪਹੁੰਚੇ ਹਰ ਇੱਕ ਸ਼ਖਸ ਨੂੰ ਮਾਪੇ ਆਪ ਮਿਲੇ । ਨੌਜਵਾਨ ਤੋਂ ਲੈਕੇ ਛੋਟੇ ਬੱਚੇ ਹਰ ਕੋਈ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਨੂੰ ਮਿਲ ਰਹੇ ਸਨ ਅਤੇ ਕੋਸ਼ਿਸ਼ ਕਰ ਰਹੇ ਸਨ ਕਿ ਉਹ ਸਿੱਧੂ ਦੀ ਕਮੀ ਨਾ ਮਹਿਸੂਸ ਹੋਣ ਦੇਣ । ਇੱਕ ਬੱਚੀ ਨੇ ਸਿੱਧੂ ਦੇ ਪਿਤਾ ਨੂੰ ਪੁੱਤ ਦੇ ਨਾਲ ਫੋਟੋ ਭੇਟ ਕੀਤੀ । ਕੋਈ ਕੇਕ ਲੈਕੇ ਆਇਆ ਸੀ ਤਾਂ ਕੋਈ ਪਿਤਾ ਦੇ ਨਾਲ ਹਮੇਸ਼ਾ ਖੜਨ ਦਾ ਵਾਅਦਾ ਕਰ ਰਿਹਾ ਸੀ । ਪਿਤਾ ਨੇ ਹਰ ਇੱਕ ਦਾ ਪਿਆਰ ਸਿਰ ਮੱਥੇ ‘ਤੇ ਲਿਆ ।   ਇਸ ਮੌਕੇ ਸਿੱਧੂ ਦੀ ਯਾਦ ਵਿੱਚ ਖੂਨਦਾਨ ਕੈਂਪ ਵੀ ਲਗਾਇਆ ਗਿਆ ਸੀ,ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ । ਪੁੱਤ ਦੇ ਜਨਮ ਦਿਨ ‘ਤੇ ਪਿਤਾ ਬਲਕੌਰ ਸਿੰਘ ਨੂੰ 29 ਮਈ ਦਾ ਉਹ ਦਿਨ ਵੀ ਯਾਦ ਆ ਗਿਆ ਜਦੋਂ ਪੁੱਤ ਨੂੰ ਗੋਲੀਆਂ ਮਾਰਿਆਂ ਸਨ। ਉਨ੍ਹਾਂ ਨੇ ਕਿਹਾ ਮੈਨੂੰ ਸਰਕਾਰ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਹੈ। ਸ਼ਨਿੱਚਰਵਾਰ ਨੂੰ ਮਾਨਸਾ ਕੈਬਨਿਟ ਦੀ ਮੀਟਿੰਗ ਵਿੱਚ ਮੇਰੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਪੂਰਾ ਦਿਨ ਇੱਕ ਥਾਂ ਤੋਂ ਦੂਜੀ ਥਾਂ ਚੱਕਰ ਕਟਵਾਉਂਦੇ ਰਹੇ, ਜਦੋਂ ਸੀਐੱਮ ਦਾ ਹੈਲੀਕਾਪਟਰ ਉੱਡ ਗਿਆ ਤਾਂ ਕਿਹਾ ਮੰਤਰੀ ਨੂੰ ਮਿਲ ਲਿਉ । ਉਨ੍ਹਾਂ ਕਿਹਾ ਮੈਂ ਜਲੰਧਰ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਤੁਹਾਨੂੰ ਵੀ ਕਰਦਾ ਹਾਂ । ਮੈਂ ਲੜਾਈ ਜਾਰੀ ਰੱਖਾਗਾ,ਪਰ ਇਨਸਾਫ ਦੀ ਉਮੀਦ ਨਹੀਂ ਹੈ, ਕਿਉਂਕਿ ਜੇਕਰ ਕੁੰਵਰ ਵਿਜੇ ਪ੍ਰਤਾਪ ਵਰਗਾ ਅਫਸਰ ਹੁੰਦਾ ਤਾਂ ਉਹ ਉਮੀਦ ਕਰ ਸਕਦੇ ਸੀ ਪਰ ਉਹ ਆਪ ਹੀ ਆਪਣੀ ਸਰਕਾਰ ਤੋਂ ਬੇਉਮੀਦ ਹਨ ।

ਸਿੱਧੂ ਦੇ ਮਾਂ ਨੇ ਲੋਕਾਂ ਨੂੰ ਸਹੁੰ ਚੁੱਕਣ ਦੇ ਲਈ ਕਿਹਾ

ਪੁੱਤ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਪੁੱਤ ਦੇ ਪ੍ਰਤੀ ਨੌਜਵਾਨਾਂ ਦਾ ਪਿਆਰ ਵੇਖ ਮਾਂ ਵੀ ਭਾਵੁਕ ਹੋ ਗਈ । ਪਰ ਮਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਜੇਕਰ ਤੁਸੀਂ ਸੁੱਭਦੀਪ ਨੂੰ ਪਿਆਰ ਕਰਦੇ ਹੋ ਤਾਂ ਸਹੁੰ ਖਾਉ ਕਿ ਤੁਸੀਂ ਨਸ਼ੇ ਦਾ ਤਿਆਰ ਕਰੋਗੇ ਅਤੇ ਸਿਰਾਂ ‘ਤੇ ਪੱਗ ਸਜਾਉਗੇ,ਪੰਜਾਬ ਦਾ ਰੋਸ਼ਨ ਕਰੋਗੇ ਅਤੇ ਆਪਣੇ ਮਾਪਿਆਂ ਦਾ ਸਤਿਕਾਰ ਕਰੋਗੇ ਅਤੇ ਸਿੱਧੂ ਖਿਲਾਫ ਜੋ ਬੋਲੇਗਾ ਉਸ ਦਾ ਮੂੰਹ ਤੋੜ ਜਵਾਬ ਦਿਉਗੇ। ਉਨ੍ਹਾਂ ਕਿਹਾ ਜ਼ਿੰਦਗੀ ਥੋੜੀ ਜਾਂ ਜ਼ਿਆਦਾ ਹੋ ਸਦੀ ਹੈ, ਕੋਈ ਫਰਕ ਨਹੀਂ ਪੈਂਦਾ ਹੈ, ਸਿੱਧੂ ਥੋੜੀ ਜ਼ਿੰਦਗੀ ਰਿਹਾ ਪਰ ਮੈਂ ਅੱਜ ਮਾਣ ਮਹਿਸੂਸ ਕਰ ਰਹੀ ਹਾਂ,ਮੈਨੂੰ ਮਾਣ ਹੈ ਉਸ ਪੱਤਰ ‘ਤੇ ਜਿਸ ਨੇ ਸਾਰੀ ਦੁਨੀਆ ਦਾ ਪਿਆਰ ਮੇਰੀ ਝੋਲੀ ਵਿੱਚ ਪਾਇਆ ਅਤੇ ਵਿਰੋਧੀਆਂ ਨੂੰ ਭਾਜੜਾ ਪਾਇਆ।

ਸਿੱਧੂ ਦੀ ਮਾਂ ਦੀ ਭਾਵੁਕ ਪੋਸਟ

ਸਿੱਧੂ ਦੀ ਮਾਂ ਨੇ ਆਪਣੇ ਪੁੱਤ ਦੇ ਜਨਮ ਦਿਨ ਤੇ ਇੱਕ ਭਾਵੁਕ ਪੋਸਟ ਵੀ ਲਿਖੀ ਹੈ । ਜਿਸ ਵਿੱਚ ਉਨ੍ਹਾਂ ਨੇ ਕਿਹਾ ‘ਜਨਮ ਦਿਨ ਮੁਬਾਰਕ ਪੁੱਤ,ਅੱਜ ਦੇ ਦਿਨ ਮੇਰੀਆਂ ਮੁਰਾਦਾ ਤੇ ਦੁਆਵਾਂ ਸੱਚ ਹੋਈਆ ਸੀ,ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਆਪਣੀ ਬੁੱਕਲ ਦੇ ਨਿੱਘ ਵਿੱਚ ਮਹਿਸੂਸ ਕੀਤਾ ਸੀ,ਤੇ ਮੈਨੂੰ ਪਤਾ ਲੱਗਾ ਕਿ ਮੈਨੂੰ ਅਕਾਲ ਪੁਰਖ ਨੇ ਪੁੱਤਰ ਦੀ ਦਾਤ ਬਖਸ਼ੀ ਹੈ,ਸ਼ੁੱਭ ਤੁਹਾਨੂੰ ਪਤਾ ਹੈ ਕਿ ਤੁਹਾਡੇ ਨਿੱਕੇ-ਨਿੱਕੇ ਪੈਰਾਂ ਉਪਰ ਹਲਕੀ-ਹਲਕੀ ਲਾਲੀ ਸੀ। ਜਿਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਨ੍ਹਾਂ ਨੰਨੇ ਕਦਮਾਂ ਨੇ ਪਿੰਡ ਬੈਠਿਆ ਹੀ ਸਾਰੀ ਦੁਨੀਆ ਦਾ ਸਫਰ ਕਰ ਲੈਣਾ, ਤੇ ਮੋਟੀਆਂ ਮੋਟੀਆਂ ਅੱਖਾਂ ਸੀ ਜੋ ਪੂਰੇ ਧਰੋ ਹੀ ਸੱਚ ਨੂੰ ਦੇਖਣ ਤੇ ਪਛਾਣਨ ਦਾ ਹੁਨਰ ਲੈਕੇ ਆਇਆ ਸੀ । ਉਹ ਇਹ ਨਹੀਂ ਜਾਣਦੀਆਂ ਸੀ ਕਿ ਓ ਪੰਜਾਬ ਦੀ ਪੀੜੀ ਨੂੰ ਦੁਨੀਆ ਨੂੰ ਦੇਖਣ ਦਾ ਵੱਖਰਾ ਨਜ਼ਰੀਆਂ ਦੇ ਕੇ ਜੱਗ ‘ਤੇ ਜਾਣਗੀਆਂ ਤੇ ਇਨ੍ਹਾਂ ਖੂਬੀਆਂ ਦੀ ਪਹਿਚਾਣ ਬਣਨ ਵਾਲੀ ਤੁਹਾਡੀ ਓਹ ਕਲਮ ਜਿਸਨੂੰ ਫੜਨ ਵਾਲੇ ਤੁਹਾਡੇ ਭਰਮੇ ਜਿਹੇ ਨਿੱਕੇ ਨਿੱਕੇ ਹੱਥ ਸੀ, ਜਿਹਨਾਂ ਨੂੰ ਵੇਖ ਮੈਨੂੰ ਇਹ ਨਹੀਂ ਪਤਾ ਲੱਗਾ ਸੀ,ਕਿ ਇਹ ਹੱਥ ਯੁੱਗ ਪਲਟਾਉਣ ਦੀ ਸਮਰੱਥਾ ਰੱਖਦੇ ਸੀ, ਤੇ ਦਸਤਾਰ ਵਰਗੇ ਅਨਮੋਲ ਤਾਜ਼ ਨੂੰ ਸਾਂਭਣ ਵਾਲੇ ਸਿਰ ‘ਤੇ ਭਰਮੇ ਵਾਲ ਸੀ,ਜਿਨ੍ਹਾਂ ਨੂੰ ਮੈਂ ਨਹੀਂ ਜਾਣਦੀ ਸੀ ਕਿ ਮੈਂ ਕਿਹੜੇ ਹਾਲੀ ਆਖ਼ਰੀ ਵਾਰ ਗੂੰਦਣਾ, ਜੇ ਓਸੇ ਵੇਲੇ ਅਕਾਲ ਪੁਰਖ ਮੈਨੂੰ ਦੱਸ ਦਿੰਦੇ ਕਿ ਜਿਸ ਪੁੱਤ ਦੀ ਮੈਂ ਮਾਂ ਬਣ ਗਈ ਹਾਂ,ਉਸ ਦਾ ਜਨਮ ਹੀ ਦੁਨੀਆ ਨੂੰ ਸੱਚ ਤੇ ਅਣਖ ਦੇ ਰਸਤੇ ‘ਤੇ ਚੱਲਣ ਦੀ ਸੇਧ ਦੇਣ ਲਈ ਹੋਇਆ ਤਾਂ ਮੈਂ ਤੁਹਾਡੇ ਲੇਖਾ ਵਿੱਚ ਸਾਜ਼ਿਸ਼ਾਂ ਤੇ ਹਮਲਿਆਂ ਨੂੰ ਆਪਣੇ ਹਿੱਸੇ ਲਿਖਾਂ ਲੈਂਦੀ,ਪੁੱਤ ਬੇਸ਼ਕ ਤੁਸੀਂ ਮੈਨੂੰ ਤੁਰਦੇ- ਫਿਰਦੇ ਨਹੀਂ ਦਿਖਦੇ ਪਰ ਮੈਂ ਤੁਹਾਨੂੰ ਆਪਣੇ ਆਲੇ -ਦੁਆਲੇ ਹਮੇਸ਼ਾ ਮਹਿਸੂਸ ਕਰਦੀ ਹਾਂ,ਪੁੱਤ ਤੁਸੀਂ ਜਿੱਥੇ ਵੀ ਹੋ ਓਥੇ ਖੁਸ਼ ਹੋਵੋ,ਇਹੀ ਤੁਹਾਡੇ ਜਨਮ ਦਿਨ ‘ਤੇ ਮੈਂ ਅਰਦਾਸ ਕਰਦੀ ਹਾਂ,ਤੁਹਾਡੀ ਬਹੁਤ ਯਾਦ ਆ ਰਹੀ ਹੈ ਅੱਜ ।