‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਅੱਗੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਸਿੱਧੂ ‘ਤੇ ਔਰਤ ਅਧਿਆਪਕਾਂ ਵਿੱਚੋਂ ਇੱਕ ਉੱਤੇ ਆਪਣੀ ਗੱਡੀ ਚੜਾਉਣ ਦਾ ਇਲਜ਼ਾਮ ਲਗਾਇਆ ਹੈ। ਅਧਿਆਪਕਾ ਹਸਪਤਾਲ ਵਿੱਚ ਦਾਖਲ ਹੈ ਅਤੇ ਇਲਾਜ ਚੱਲ ਰਿਹਾ ਹੈ। ਮੌਕੇ ‘ਤੇ ਮੌਜੂਦ ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ 17 ਨਵੰਬਰ 2021 ਤੋਂ ਸਿੱਧੂ ਦੇ ਘਰ ਅੱਗੇ ਪ੍ਰਦਰਸ਼ਨ ਕਰ ਰਹੀਆਂ ਸਨ। ਸਾਡੀਆਂ ਮੰਗਾਂ ਸਨ ਕਿ ਸਾਨੂੰ ਰੈਗੂਲਰ ਕੀਤਾ ਜਾਵੇ। ਸਾਡੇ ਦੋ-ਤਿੰਨ ਜਗ੍ਹਾਵਾਂ ‘ਤੇ ਮੋਰਚੇ ਲੱਗੇ ਹੋਏ ਸਨ ਅਤੇ ਅਸੀਂ ਮੋਰਚੇ ਨੂੰ ਸ਼ਿਫਟ ਕਰਕੇ ਕੱਥੂਨੰਗਲ ਵਿਖੇ ਲੈ ਆਂਦਾ।
ਉਨ੍ਹਾਂ ਕਿਹਾ ਕਿ ਜਦੋਂ ਪ੍ਰਸ਼ਾਸਨ ਨੂੰ ਸਿੱਧੂ ਦੇ ਨਾਲ ਗੱਲ ਕਰਵਾਉਣ ਲਈ ਕਿਹਾ ਤਾਂ ਉਹ ਅੰਦਰੋਂ ਗੱਡੀਆਂ ਵਿੱਚ ਬਾਹਰ ਨਿਕਲੇ ਅਤੇ ਕਿਹਾ ਕਿ ਉਹ ਗੱਲ ਨਹੀਂ ਕਰ ਸਕਦੇ ਕਿਉਂਕਿ ਉਹ ਕਿਤੇ ਜਾ ਰਹੇ ਹਨ। ਜਦੋਂ ਕੁੜੀਆਂ ਨੇ ਗੱਡੀ ਦਾ ਘਿਰਾਉ ਕੀਤਾ ਤਾਂ ਉਨ੍ਹਾਂ ਨੇ ਕੁੜੀਆਂ ਨੂੰ ਗੁੱਤਾਂ, ਵਾਲਾਂ ਤੋਂ ਫੜ ਕੇ ਪਰ੍ਹਾ ਕੀਤਾ। ਇਸ ਦੌਰਾਨ ਇੱਕ ਕੁੜੀ ਡਿੱਗ ਪਈ ਅਤੇ ਉਸਦੇ ਉੱਤੋਂ ਦੀ ਗੱਡੀ ਲੰਘਾ ਦਿੱਤੀ ਗਈ। ਉਸ ਗੱਡੀ ਵਿੱਚ ਸਿੱਧੂ ਖੁਦ ਬੈਠਾ ਹੋਇਆ ਸੀ। ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਕਿ ਕੁੜੀ ਦੀ ਹਾਲਤ ਕਿਵੇਂ ਹੈ। ਬਾਕੀ ਚਾਰ ਹੋਰ ਕੁੜੀਆਂ ਨੂੰ ਰਗੜਾਂ ਲੱਗੀਆਂ ਹੋਈਆਂ ਹਨ। ਇੱਕ ਅੰਮ੍ਰਿਤਧਾਰੀ ਕੁੜੀ ਦਾ ਦੁਮਾਲਾ ਵੀ ਉਤਰ ਗਿਆ। ਸਿੱਧੂ ਸਮੇਤ ਹੋਰਾਂ ਵੱਲੋਂ ਬਹੁਤ ਹੀ ਗੰਦੀਆਂ ਗਾਲ੍ਹਾਂ ਕੱਢੀਆਂ ਗਈਆਂ ਹਨ, ਜੋ ਅਸੀਂ ਹੁਣ ਦੱਸ ਨਹੀਂ ਸਕਦੇ ਪਰ ਜਦੋਂ ਅਸੀਂ ਪਰਚਾ ਦਰਜ ਕਰਾਵਾਂਗੇ ਤਾਂ ਉਦੋਂ ਉਹ ਸਾਰੀਆਂ ਗਾਲ੍ਹਾਂ ਦਰਜ ਕਰਾਵਾਂਗੇ ਜੋ ਸਿੱਧੂ ਨੇ ਕੱਢੀਆਂ ਹਨ।