India

ਜੰਮੂ ਕਸ਼ਮੀਰ ‘ਚ ਇਹ ਦੋ ਲੀਡਰ ਨਜ਼ਰਬੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੂੰ ਅੱਜ ਉਨ੍ਹਾਂ ਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਦੀਆਂ ਰਾਜਨੀਤਿਕ ਪਾਰਟੀਆਂ ਦਾ ਸਮੂਹ “ਗੁਪਕਰ ਗਠਜੋੜ” ਅੱਜ ਕੇਂਦਰ ਸਰਕਾਰ ਦੇ ਖ਼ਿਲਾਫ ਵਿਰੋਧ ਪ੍ਰਦਰਸ਼ਨ ਕਰਨ ਵਾਲਾ ਸੀ ਪਰ ਇਸ ਪ੍ਰਦਰਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਨੇਤਾਵਾਂ ਦੇ ਘਰਾਂ ਨੂੰ ਤਾਲੇ ਲਗਾ ਦਿੱਤੇ ਗਏ ਅਤੇ ਘਰ ਦੇ ਸਾਹਮਣੇ ਸੁਰੱਖਿਆ ਬਲਾਂ ਦੀਆਂ ਗੱਡੀਆਂ ਦੀ ਤਾਇਨਾਤੀ ਕੀਤੀ ਗਈ ਹੈ।

ਉਮਰ ਅਬਦੁੱਲਾ ਨੇ ਗੇਟ ‘ਤੇ ਪੁਲਿਸ ਦੀ ਗੱਡੀ ਦੀਆਂ ਤਸਵੀਰਾਂ ਨੂੰ ਟਵੀਟ ਕਰਦਿਆਂ ਲਿਖਿਆ ਕਿ “2022 ਵਿੱਚ ਤੁਹਾਡਾ ਸਵਾਗਤ ਹੈ। ਇੱਕ ਨਵਾ ਸਾਲ, ਉਸੇ ਪੁਰਾਣੀ ਜੰਮੂ ਕਸ਼ਮੀਰ ਪੁਲਿਸ ਦੇ ਨਾਲ ਜੋ ਗੈਰ-ਕਾਨੂੰਨੀ ਰੂਪ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਬੰਦ ਕਰ ਰਹੀ ਹੈ ਅਤੇ ਇੱਕ ਪ੍ਰਸ਼ਾਸਨ ਜੋਂ ਸਮਾਨ ਲੋਕਤੰਤਰਿਕ ਗਤੀਵਿਧੀਆਂ ਤੋਂ ਇੰਨਾ ਡਰਿਆ ਹੋਇਆ ਹੈ ਕਿ ਸ਼ਾਂਤੀਪੂਰਨ ਧਰਨਾ ਪ੍ਰਦਰਸ਼ਨ ਰੋਕ ਰਿਹਾ ਹੈ। ਪ੍ਰਦਰਸ਼ਨ ਰੋਕਣ ਦ ਲਈ ਗੇਟ ‘ਤੇ ਜੰਮੂ ਕਸ਼ਮੀਰ ਪੁਲਿਸ ਦੇ ਵੱਡੇ ਟਰੱਕ ਖੜੇ ਕਰ ਦਿੱਤੇ ਹਨ। ਕੁੱਝ ਚੀਜ਼ਂ ਕਦੇ ਨਹੀਂ ਬਦਲਦੀਆਂ।”

ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਟਵੀਟ ਕਰਕੇ ਕਿਹਾ ਕਿ ਪੁਲਿਸ ਦੇ ਅਰਾਜਕ ਰਾਜ ਦੀ ਗੱਲ ਕਰੀਏ ਤਾਂ ਪੁਲਿਸ ਨੇ ਮੇਰੇ ਪਿਤਾ ਦੇ ਘਰ ਨੂੰ ਮੇਰੀ ਭੈਣ ਦੇ ਘਰ ਨਾਲ ਜੋੜਨ ਵਾਲੇ ਅੰਦਰਲੇ ਦਰਵਾਜੇ ਨੂੰ ਵੀ ਬੰਦ ਕਰ ਦਿੱਤਾ ਹੈ। ਫਿਰ ਸਾਡੇ ਨੇਤਾਵਾਂ ਕੋਲ ਇੰਨੀ ਹਿੰਮਤ ਹੈ ਕਿ ਉਹ ਭਾਰਤ ਨੂੰ ਸਭ ਤੋਂ ਵੱਡਾ ਲੋਕਤੰਤਰ ਕਹਿੰਦੇ ਹਨ।

ਪੀਡੀਪੀ ਨੇਤਾ ਅਤੇ ਬੀਜੇਪੀ ਗਠਜੋੜ ਵਾਲੀ ਸਰਕਾਰ ਨੇ ਮੁੱਖ ਮੰਤਰੀ ਰਹੀ ਮਹਿਬੂਬਾ ਮੁਫ਼ਤੀ ਨੇ ਟਵੀਟ ਕੀਤਾ ਕਿ ਭਾਰਤ ਸਰਕਾਰ ਨੇ ਧਾਰਾ 370 ਨੂੰ ਖ਼ਤਮ ਕਰਕੇ ਜੰਮੂ ਕਸ਼ਮੀਰ ਨੂੰ ਅਲੱਗ-ਅਲੱਗ ਕਰ ਦਿੱਤਾ ਪਰ ਜਦੋਂ ਜੰਮੂ ਕਸ਼ਮੀਰ ਦੇ ਲੋਕ ਇਸਦਾ ਵਿਰੋਧ ਕਰਨਾ ਚਾਹੁੰਦੇ ਹਨ ਤਾਂ ਇਹ ਸਰਕਾਰ ਡਰ ਗਈ ਹੈ। ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦਾ ਆਯੋਜਨ ਕਰਨਦੀ ਕੋਸ਼ਿਸ਼ ਦੇ ਲਈ 15ਵੀਂ ਵਾਰ ਨਜ਼ਰਬੰਦ ਕੀਤਾ ਗਿਆ ਹੈ। ਦਰਅਸਲ, ਇਹ ਪਾਰਟੀਆਂ ਕੇਂਦਰ ਸਰਕਾਰ ਵੱਲੋਂ ਸੱਤ ਨਵੀਆਂ ਵਿਧਾਨ ਸਭਾ ਸੀਟਾਂ ਦੀ ਅਸਵੀਕਾਰਯੋਗ ਵੰਡ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੀਆਂ ਸਨ।

17 ਫਰਵਰੀ, 2020 ਨੂੰ ਕੇਂਦਰ ਸਰਕਾਰ ਨੇ ਜੰਮੂ ਅਤੇ ਕਸ਼ਮੀਰ ਵਿੱਚ ਵਿਧਾਨ ਸਭਾ ਹਲਕਿਆਂ ਦੀ ਹੱਦਬੰਦੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ 107 ਤੋਂ ਵੱਧ ਕੇ 114 ਹੋ ਜਾਵੇਗੀ। ਇਨ੍ਹਾਂ ਵਿੱਚੋਂ 24 ਸੀਟਾਂ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਲਈ ਰਾਖਵੀਆਂ ਹਨ। ਇਸ ਕਰਕੇ ਜੰਮੂ ਖੇਤਰ ਵਿੱਚ 6 ਸੀਟਾਂ ਤੋਂ ਵੱਧ ਕੇ 43 ਹੋ ਗਈ ਹੈ ਜਦਕਿ ਕਸ਼ਮੀਰ ਵਿੱਚ ਸਿਰਫ਼ 1 ਸੀਟ ਵਧੀ ਹੈ ਅਤੇ ਉੱਥੇ 47 ਸੀਟਾਂ ਹਨ। ਘਾਟੀ ਦੀਆਂ ਰਾਜਨੀਤਿਕ ਪਾਰਟੀਆਂ ਜੰਮੂ ਵਿੱਚ ਸੀਟਾਂ ਵਧਾਉਣ ਅਤੇ ਕਸ਼ਮੀਰ ਵਿੱਚ ਜਨਸੰਖਿਆ ਦੇ ਅਨੁਪਾਤ ਵਿੱਚ ਸੀਟਾਂ ਨਾ ਵਧਾਉਣ ਦੇ ਖਿਲਾਫ਼ ਵਿਰੋਧ ਪ੍ਰਗਟ ਕਰ ਰਹੀਆਂ ਹਨ।