ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (Shubman Gill) ਨੇ ਤਾਜ਼ਾ ਆਈਸੀਸੀ ਵਨਡੇ ਰੈਂਕਿੰਗ (ICC ODI Rankings) ਵਿੱਚ ਨੰਬਰ ਇੱਕ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ (Babar Azam) ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਵਨਡੇ ਰੈਂਕਿੰਗ ‘ਚ ਫ਼ਿਲਹਾਲ ਭਾਰਤੀ ਖਿਡਾਰੀ ਦਬਦਬਾ ਬਣਾਏ ਹੋਏ ਹਨ। ਬੱਲੇਬਾਜ਼ੀ ‘ਚ ਗਿੱਲ ਪਹਿਲੇ ਨੰਬਰ ‘ਤੇ ਅਤੇ ਗੇਂਦਬਾਜ਼ੀ ‘ਚ ਮੁਹੰਮਦ ਸ਼ਿਰਾਜ਼ ਪਹਿਲੇ ਨੰਬਰ ‘ਤੇ ਹਨ। ਹਾਲਾਂਕਿ ਇਸ ਸਮੇਂ ਦੌਰਾਨ ਸ਼ੁਭਮਨ ਗਿੱਲ ਮਹਾਨ ਕ੍ਰਿਕਟਰ ਮਹਿੰਦਰ ਸਿੰਘ ਧੋਨੀ (ਐੱਮ. ਐੱਸ. ਧੋਨੀ) ਦਾ ਰਿਕਾਰਡ ਨਹੀਂ ਤੋੜ ਸਕੇ। ਸਭ ਤੋਂ ਘੱਟ ਪਾਰੀਆਂ ਵਿੱਚ ਵਿਸ਼ਵ ਨੰਬਰ ਇੱਕ ਬਣਨ ਦਾ ਭਾਰਤੀ ਰਿਕਾਰਡ ਧੋਨੀ ਦੇ ਨਾਂ ਹੈ।
ਮਹਿੰਦਰ ਸਿੰਘ ਧੋਨੀ 38 ਪਾਰੀਆਂ ‘ਚ ਨੰਬਰ ਵਨ ਬਣ ਗਏ ਜਦਕਿ ਸ਼ੁਭਮਨ ਗਿੱਲ ਨੇ 41 ਪਾਰੀਆਂ ‘ਚ ਨੰਬਰ ਇਕ ਬਣ ਗਿਆ। ਗਿੱਲ ਵਨਡੇ ਰੈਂਕਿੰਗ ‘ਚ ਨੰਬਰ ਇਕ ‘ਤੇ ਪਹੁੰਚਣ ਵਾਲਾ ਚੌਥਾ ਭਾਰਤੀ ਹੈ। ਗਿੱਲ ਤੋਂ ਪਹਿਲਾਂ ਸਚਿਨ ਤੇਂਦੁਲਕਰ, ਐਮਐਸ ਧੋਨੀ ਅਤੇ ਵਿਰਾਟ ਕੋਹਲੀ ਵਨਡੇ ਰੈਂਕਿੰਗ ਵਿੱਚ ਨੰਬਰ ਇੱਕ ਦਾ ਤਾਜ ਪਹਿਨ ਚੁੱਕੇ ਹਨ। 24 ਸਾਲਾ ਸੱਜੇ ਹੱਥ ਦੇ ਬੱਲੇਬਾਜ਼ ਸ਼ੁਭਮਨ ਗਿੱਲ ਲਈ ਇਹ ਸਾਲ ਸ਼ਾਨਦਾਰ ਰਿਹਾ। ਗਿੱਲ ਨੇ ਇਸ ਸਾਲ 26 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ 63 ਦੀ ਔਸਤ ਨਾਲ ਕੁੱਲ 1149 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 6 ਸੈਂਕੜੇ ਲਗਾਏ ਹਨ।
ਸ਼ੁਭਮਨ ਗਿੱਲ ਵਨਡੇ ਵਿੱਚ ਇੱਕ ਸਾਲ ਵਿੱਚ 5 ਜਾਂ ਇਸ ਤੋਂ ਵੱਧ ਸੈਂਕੜੇ ਲਗਾਉਣ ਦੇ ਮਾਮਲੇ ਵਿੱਚ ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਦੇ ਕਲੱਬ ਵਿੱਚ ਸ਼ਾਮਲ ਹੋ ਗਏ ਹਨ। ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਹੇ ਸ਼ੁਭਮਨ ਗਿੱਲ ਨੂੰ ਅਜੇ ਵੀ ਵਿਸ਼ਵ ਕੱਪ ‘ਚ ਸੈਂਕੜੇ ਦੀ ਉਡੀਕ ਹੈ। ਗਿੱਲ ਨੇ ਮੌਜੂਦਾ ਵਿਸ਼ਵ ਕੱਪ ਵਿੱਚ ਹੁਣ ਤੱਕ 6 ਪਾਰੀਆਂ ਵਿੱਚ 219 ਦੌੜਾਂ ਬਣਾਈਆਂ ਹਨ। ਉਹ ਵਿਸ਼ਵ ਕੱਪ 2023 ਦੇ ਪਹਿਲੇ ਦੋ ਮੈਚ ਨਹੀਂ ਖੇਡ ਸਕੇ ਸਨ। ਗਿੱਲ ਡੇਂਗੂ ਤੋਂ ਪੀੜਤ ਹੋਣ ਕਾਰਨ ਪਹਿਲੇ ਦੋ ਮੈਚਾਂ ਤੋਂ ਬਾਹਰ ਹੋ ਗਏ ਸਨ।
ਦੂਜੇ ਪਾਸੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਵੀ ਇਸ ਸਾਲ ਗੇਂਦਬਾਜ਼ੀ ਵਿੱਚ ਦਬਦਬਾ ਬਣਾਇਆ ਹੈ। ਸਿਰਾਜ ਨੇ ਸ਼੍ਰੀਲੰਕਾ ਖਿਲਾਫ ਮੈਚ ‘ਚ 16 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ। ਸਿਰਾਜ ਨੂੰ ਗੇਂਦਬਾਜ਼ੀ ਰੈਂਕਿੰਗ ‘ਚ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਮਿਲਿਆ। ਉਹ ਪਹਿਲੇ ਨੰਬਰ ‘ਤੇ ਆਪਣੀ ਸਥਿਤੀ ਮਜ਼ਬੂਤ ਕਰਨ ‘ਚ ਸਫਲ ਰਿਹਾ। ਸਿਰਾਜ ਨੇ ਇਸ ਵਿਸ਼ਵ ਕੱਪ ‘ਚ ਹੁਣ ਤੱਕ 8 ਮੈਚਾਂ ‘ਚ 10 ਵਿਕਟਾਂ ਲਈਆਂ ਹਨ।