Punjab

ਅਕਾਲੀ ਦਲ ਨੇ ਚੰਨੀ ਦੇ ‘ਦਿਵਾਲੀ ਗਿਫਟ’ ‘ਤੇ ਚੁੱਕੇ ਸਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਗਏ ਦੋ ਵੱਡੇ ਐਲਾਨਾਂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਸਤੀ ਬਿਜਲੀ ਦਾ ਵਾਅਦਾ ਤਾਂ ਪੰਜਾਬ ਸਰਕਾਰ ਨੇ 2017 ਵਿੱਚ ਕੀਤਾ ਸੀ। ਚੰਨੀ ਨੇ ਅੱਜ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਫਰਾਡ ਖੇਡਿਆ ਹੈ। ਚੰਨੀ ਦਾ ਸਿਰਫ ਚੋਣਾਂ ਜਿੱਤਣਾ ਮਕਸਦ ਹੈ, ਚੰਨੀ ਸਿਰਫ ਚੋਣ ਸਟੰਟ ਕਰ ਰਹੇ ਹਨ। ਸਰਕਾਰ ਦੇ 2231 ਮਹਿਕਮਿਆਂ ਦੇ ਬਿੱਲ ਬਿਜਲੀ ਬੋਰਡ ਨੂੰ ਹਾਲੇ ਦੇਣ ਵਾਲੇ ਬਾਕੀ ਹਨ ਅਤੇ ਇਹ ਬਿੱਲ 2231 ਕਰੋੜ 29 ਲੱਖ ਰੁਪਏ ਬਣਦਾ ਹੈ।

ਚੀਮਾ ਨੇ ਸਿੱਧੂ ਦੇ ਇੱਕ ਬਿਆਨ ਦਾ ਹਵਾਲਾ ਦਿੰਦਿਆਂ ਚੰਨੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਬਿਜਲੀ 35 ਫੀਸਦ ਮਹਿੰਗੀ ਕਰਕੇ ਸਿਰਫ ਇੱਕ ਬਿੱਲ ਮੁਆਫ ਕੀਤਾ ਜਾ ਰਿਹਾ ਹੈ। ਚੀਮਾ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਹੀ ਕਿਹਾ ਸੀ ਕਿ ਜੇ ਪੀਪੀਏ ਦੇ ਵਿੱਚ ਕਿਤੇ ਵੀ ਕੋਈ ਖਰਾਬੀ ਹੈ ਤੁਸੀਂ ਰੱਦ ਕਰੋ ਪਰ ਹੁਣ ਚੰਨੀ ਕਹਿ ਰਿਹਾ ਹੈ ਕਿ ਉਹ ਹੁਣ ਪੀਪੀਏ ਵਿਧਾਨ ਸਭਾ ਵਿੱਚ ਲੈ ਕੇ ਜਾਣਗੇ। ਤੁਸੀਂ ਪੌਣੇ ਪੰਜ ਸਾਲ ਕਿਉਂ ਖਾਲੀ ਹੀ ਕੱਢ ਦਿੱਤੇ।ਚੰਨੀ ਠੱਪ ਫਰਮਾਂ ਦੇ ਸਮਝੌਤੇ ਰੱਦ ਕਰ ਰਹੇ ਹਨ। ਚੰਨੀ ਦਾ ਨਾਂ ਵੀ ਇਤਿਹਾਸ ਵਿੱਚ ਫਰਾਡ ਕਰਨ ਵਾਲਿਆਂ ਦੀ ਸੂਚੀ ਵਿੱਚ ਲਿਖਿਆ ਜਾਵੇਗਾ। ਕਾਂਗਰਸ ਨੇ ਪੰਜਾਬ ਦੀ ਜਨਤਾ ‘ਤੇ ਬਹੁਤ ਫਰਾਡ ਕੀਤੇ ਹਨ।

ਚੀਮਾ ਨੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ ਕੀਤੇ ਗਏ ਵਾਧੇ ‘ਤੇ ਵੀ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਰਕਾਰ ਨੇ ਪੇ ਕਮਿਸ਼ਨ ਅਗਲੀ ਸਰਕਾਰ ‘ਤੇ ਪਾ ਦਿੱਤਾ ਹੈ। ਕਦੇ ਡੀਏ ਦਿੱਤਾ ਨਹੀਂ ਹੈ ਪਰ ਹੁਣ 11 ਫੀਸਦੀ ਦੇ ਕੇ ਹੀਰੇ ਹਣਨ ਲੱਗੇ ਹਨ।