India

HSGPC ਨੂੰ ਮਾਨਤਾ ਮਿਲਣ ਮਗਰੋਂ ਗੁਰਦੁਆਰਾ ਸ਼੍ਰੀ ਨਾਢਾ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਅਖੰਡ ਪਾਠ ਸਾਹਿਬ ਦਾ ਪਾਇਆ ਗਿਆ ਭੋਗ

ਪੰਚਕੂਲਾ : ਪਹਾੜਾਂ ਦੀ ਗੋਦ ਵਿੱਚ ਸਥਾਪਿਤ ਇਤਿਹਾਸਕ ਗੁਰਦੁਆਰਾ ਸ਼੍ਰੀ ਨਾਢਾ ਸਾਹਿਬ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਮਿਲਣ ਮਗਰੋਂ ਸ਼ੁਕਰਾਨੇ ਵਜੋਂ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਗਏ।

ਇਸ ਦੌਰਾਨ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀ ਸ਼ਿਰਕਤ ਕੀਤੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਏ। ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਵਿਧਾਨਕ ਅਧਿਕਾਰ ਦੇਣ ਦੇ ਫੈਸਲੇ ਨੂੰ ਬਰਕਰਾਰ ਰੱਖਣ ਤੋਂ ਬਾਅਦ ਇਸ ਸ਼ੁਕਰਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ।

ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟੜ ਨੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਤੇ ਸੁਪਰੀਮ ਕੋਰਟ ਦਾ ਫੈਸਲਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਖ ਵਿੱਚ ਆਉਣ ਨਾਲ ਹਰਿਆਣੇ ਦੇ ਸਿੱਖ ਬਹੁਤ ਖੁਸ਼ ਹਨ ਤੇ ਹੁਣ ਉਹ ਗੁਰੂਘਰਾਂ ਦੇ ਪ੍ਰਬੰਧ ਖੁਦ ਕਰਨਗੇ।

ਮਨੋਹਰ ਲਾਲ ਖੱਟੜ, ਮੁੱਖ ਮੰਤਰੀ ਹਰਿਆਣਾ

ਉਹਨਾਂ ਕਿਹਾ ਕਿ ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਦਾ ਸਮਾਂ 18 ਮਹੀਨਿਆਂ ਦਾ ਸੀ ਪਰ ਅਦਾਲਤੀ ਕਾਰਵਾਈ ਕਾਰਨ ਉਹ ਲੰਘ ਗਿਆ ਹੈ । ਸੋ ਹੁਣ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਲਈ ਸੋਧ ਕੀਤੀ ਜਾਵੇਗੀ ਤੇ ਸਾਰੇ ਸਾਬਕਾ ਕਮੇਟੀ ਪ੍ਰਧਾਨਾਂ ਤੇ ਮੈਂਬਰਾਂ ਨਾਲ ਵਿਚਾਰ ਕਰਨ ਤੋਂ ਬਾਅਦ ਨਵੀਂ ਐਡ ਹਾਕ ਕਮੇਟੀ ਬਣਾਈ ਜਾਵੇਗੀ ਤੇ ਉਸ ਨੂੰ 18 ਮਹੀਨਿਆਂ ਦਾ ਸਮਾਂ ਦਿੱਤਾ ਜਾਵੇਗਾ ਤੇ ਚੋਣਾਂ ਲਈ ਕਮੀਸ਼ਨ ਬਣਾਇਆ ਜਾਵੇਗਾ।

ਉਹਨਾਂ ਇਹ ਵੀ ਕਿਹਾ ਕਿ ਇੱਕ ਹੋਰ ਕਮੇਟੀ ਨੂੰ ਮਾਨਤਾ ਮਿਲਣ ਨਾਲ ਕੋਈ ਫਰਕ ਨਹੀਂ ਪਵੇਗਾ। ਹੋਰ ਰਾਜਾਂ ਵਿੱਚ ਵੀ ਅਲੱਗ-ਅਲੱਗ ਕਮੇਟੀਆਂ ਹਨ।ਉਹਨਾਂ ਮੰਦਰਾਂ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਉਥੇ ਵੀ ਪ੍ਰਬੰਧਕੀ ਕਮੇਟੀਆਂ ਅਲੱਗ ਅਲੱਗ ਪਰ ਇਸ ਤਰਾਂ ਨਾਲ ਸਮਾਜ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।

ਬਲਜੀਤ ਸਿੰਘ ਦਾਦੂਵਾਲ,ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਸਮੇਤ ਹਾਜ਼ਰ ਸਨ। ਇਸ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸਭ ਨੇ ਮਿਲ ਕੇ ਬੜੇ ਸਤਿਕਾਰ ਨਾਲ ਕੀਰਤਨ ਸਰਵਣ ਕੀਤਾ।