The Khalas Tv Blog Punjab ਬਾਦਲਾਂ ‘ਤੇ ਮੁਸੀਬਤ,ਅਕਾਲੀ ਦਲ ਨੇ ਖੋਲਿਆ ਮਾਨ ਸਰਕਾਰ ਖਿਲਾਫ ਮੋਰਚਾ
Punjab

ਬਾਦਲਾਂ ‘ਤੇ ਮੁਸੀਬਤ,ਅਕਾਲੀ ਦਲ ਨੇ ਖੋਲਿਆ ਮਾਨ ਸਰਕਾਰ ਖਿਲਾਫ ਮੋਰਚਾ

ਚੰਡੀਗੜ੍ਹ :  ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿੱਚ ਏਡੀਜੀਪੀ ਐੱਲ. ਕੇ. ਯਾਦਵ ਦੀ ਅਗਵਾਈ ਵਿੱਚ ਬਣਾਈ ਗਈ ਸਿੱਟ ਵੱਲੋਂ ਫਰੀਦਕੋਟ ਦੀ ਅਦਾਲਤ ਵਿੱਚ 7 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵੀ ਨਾਮ ਸ਼ਾਮਲ ਦੱਸਿਆ ਜਾ ਰਿਹਾ ਹੈ। ਇਸ ਗੱਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ ਤੇ ਕਈ ਸਵਾਲ ਵੀ ਉਠਾਏ ਹਨ।

ਚੰਡੀਗੜ੍ਹ ਵਿੱਚ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਦੇ ਇਸ ਕਦਮ ਨੂੰ ਸਿਆਸੀ ਬਦਲਾਖੋਰੀ ਦਾ ਨਾਮ ਦਿੱਤਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਨੂੰ ਰਾਜਨੀਤਕ ਫੈਸਲਾ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜੋ ਵੀ ਹੋਇਆ ਹੈ, ਇਹ ਸਾਰਾ ਕੁਝ ਸਿਆਸੀ ਭਾਵਨਾ ਨੂੰ ਲੈ ਕੇ ਹੋਇਆ ਹੈ।

ਇਸੇ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਵਿਚਾਲੇ ਚੱਲ ਰਹੇ ਵਿਵਾਦ ਨੂੰ ਵੀ ਮੰਦਭਾਗਾ ਕਿਹਾ । ਉਨ੍ਹਾਂ ਨੇ ਕਿਹਾ ਕਿ ਰਾਜਪਾਲ ਨਾਲ ਬਾਰ ਬਾਰ ਵਿਵਾਦ ਕਰਨ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਸਰਕਾਰ ਹੁਣ ਕੁਝ ਦਿਨ ਦੀ ਪ੍ਰਾਹੁਣੀ ਹੈ।

ਚੰਦੂਮਾਜਰਾ ਨੇ ਸਰਕਾਰ ‘ਤੇ ਦੋਸ਼ ਲਗਾਉਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੀ ਜਨਤਾ ਦਾ ਧਿਆਨ ਅਹਿਮ ਮੁੱਦਿਆਂ ਤੋਂ ਭਟਕਾਉਣ ਅਤੇ ਆਪਣੀ ਵਾਹ-ਵਾਹ ਕਰਾਉਣ ਲਈ ਇਹ ਚਾਲ ਚੱਲੀ ਹੈ। ਸੂਬੇ ਦੀ ਵਿਗੜਦੀ ਕਾਨੂੰਨ ਅਵਸਥਾ ਬਾਰੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਹਨ ਅਤੇ ਸੂਬੇ ਵਿੱਚ ਅਰਾਜਿਕਤਾ ਫੈਲੀ ਹੋਈ ਹੈ।

ਉਨ੍ਹਾਂ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਗਾਉਦਿਆਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਿੱਚ ਬਣੀ ਹੈ,ਉਦੋਂ ਤੋਂ ਪੰਜਾਬ ਵਿੱਚ ਗੈਂਗਸਟਰਵਾਦ ਦਾ ਵਾਧਾ ਹੋਇਆ ਹੈ ਅਤੇ ਪੰਜਾਬ ਦੇ ਕਾਨੂੰਨ ਸਥਿਤੀ ਵਿਗੜੀ ਹੈ। ਜਿਸ ਕਾਰਨ  ਉਦਯੋਗਪਤੀ ਇੱਥੇ ਇੰਡਸਟਰੀ ਲਾਉਣ ਤੋਂ ਡਰ ਰਹੇ ਹਨ।  ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕੋਲ ਸੂਬੇ ਦੇ ਬਹੁ-ਪੱਖੀ ਵਿਕਾਸ ਦਾ ਕੋਈ ਠੋਸ ਏਜੰਡਾ ਨਹੀਂ ਹੈ, ਸਮੁੱਚੀ ਸਰਕਾਰ ਸਿਆਸੀ ਪ੍ਰਾਪੇਗੰਡਾ ਨਾਲ ਚਲਾਈ ਜਾ ਰਹੀ ਹੈ। ਇਸ ਦਾ ਸੱਚ ਹੁਣ ਜਨਤਾ ਦੇ ਸਾਹਮਣੇ ਆ ਰਿਹਾ ਹੈ।

ਉਨਾਂ ਨੇ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ 11 ਮਹੀਨਿਆਂ ਤੋਂ  ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿੱਚ ਸਚਾਈ ਲੱਭਣ ਲਈ, ਸੱਚ ਸਾਹਮਣੇ ਲਿਆਉਣ ਲਈ , ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਇੱਕ ਵੀ ਕਦਮ ਨਹੀਂ ਚੁੱਕਿਆ ਹੈ ਤੇ ਇਹ ਸਰਕਾਰ ਸਿਰਫ ਗੱਲਾਂ ਹੀ ਕਰਦੀ ਹੈ ਨਾ ਕਿ ਕੰਮ।

ਅਕਾਲੀ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਬੀਤੇ ਸੱਤ ਸਾਲਾਂ ਤੋਂ ਇਨ੍ਹਾਂ ਦਾ ਇੱਕ ਹੀ ਮਕਸਦ ਰਿਹਾ ਹੈ ਕਿ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾਵੇ । ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਮਹੀਨਾ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਉਨ੍ਹਾਂ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਨੇ ਬਹਿਬਲ ਕਲਾਂ ਵਿਖੇ ਇਨਸਾਫ ਲਈ ਬੈਠੇ ਮੋਰਚੇ ਵਿੱਚ ਜਾ ਕੇ ਇਹ ਜਾਣਕਾਰੀ ਦਿੱਤੀ ਸੀ ਕਿ ਬੇਅਦਬੀ ਮਾਮਲੇ ਦੇ ਵਿੱਚ ਉਹ ਇਨ੍ਹਾਂ ਲੋਕਾਂ ਦਾ ਨਾਮ ਚਾਰਜਸ਼ੀਟ ਦੇ ਵਿੱਚ ਸ਼ਾਮਲ ਕਰਨਗੇ ।

ਇਸੇ ਦੌਰਾਨ ਉਨ੍ਹਾਂ ਨੇ ਸਰਕਾਰ ਸਵਾਲ ਕਰਦਿਆਂ ਕਿਹਾ ਕਿ

  1. 2 ਸਾਲ ਤੋਂ ਜਾਂਚ ਚੱਲ ਰਹੀ ਸੀ ਤੇ ਅਚਾਨਕ ਚਾਰਜਸ਼ੀਟ ਪੇਸ਼ ਕਿਵੇਂ ਹੋ ਗਈ ?
  2. ਸਪੀਕਰ ਨੇ 28 ਤਾਰੀਕ ਤੋਂ ਪਹਿਲਾ ਚਾਰਜਸ਼ੀਟ ਦਰਜ ਹੋਣ ਦੀ ਗੱਲ ਕਿਵੇਂ ਕੀਤੀ ?
  3. ਕੁਲਦੀਪ ਸਿੰਘ ਧਾਲੀਵਾਲ ਕਹਿੰਦੇ ਬਾਦਲ ਦੋਸ਼ੀ ਹੋਣਗੇ, ਉਨ੍ਹਾਂ ਨੂੰ ਇਹ ਹੱਕ ਕਿਸਨੇ ਦਿੱਤਾ ?
  4. ਹਾਈ ਕੋਰਟ ਨੇ ਕਹਿ ਦਿੱਤਾ ਕਿ ਮੁੱਖ ਮੰਤਰੀ ਦੀ ਡੀਜੀਪੀ ਨਾਲ ਗੱਲ ਹੋਣ ਕਾਰਨ ਮੁਲਜ਼ਮ ਨਹੀਂ ਬਣਾਇਆ ਜਾ ਸਕਦਾ ?
  5. ਮੁੱਖ ਮੰਤਰੀ ਨੇ ਜੇਕਰ ਰਾਤ ਦੇ 2 ਵਜੇ ਆਰਡਰ ਕੀਤੇ ਸੀ ਤਾਂ ਸਾਢੇ 6 ਵਜੇ ਤੱਕ ਕਿਉਂ ਨਹੀਂ ਗੋਲੀ ਚੱਲੀ ?

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਜਵਾਬ ਦੇਵੇ ਕਿ ਕੋਟਕਪੂਰਾ ਵਿੱਚ ਗੋਲੀ ਕੀ ਸੁਖਬੀਰ ਸਿੰਘ ਬਾਦਲ ਨੇ ਚਲਾਈ ਜਾਂ ਪ੍ਰਕਾਸ਼ ਸਿੰਘ ਬਾਦਲ ਨੇ ? ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਹੀ ਨਹੀਂ ਸਨ।   ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਉਤੇ ਫੇਲ੍ਹ ਹੋਈ ਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਹੀ ਸਭ ਕੁਝ ਕੀਤਾ ਜਾ ਰਿਹਾ ਹੈ। ਮਹਿਜ਼ ਸਿਆਸੀ ਹਿੱਤਾਂ ਦੀ ਪੂਰਤੀ ਲਈ ਹੀ ਰਿਪੋਰਟ ਤਿਆਰ ਕਰਵਾਈ ਗਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਕਾਨੂੰਨੀ ਪ੍ਰਕਿਰਿਆ ਦਾ ਸਹਾਰਾ ਲਵੇਗਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਰਿਪੋਰਟ ਸਬੰਧੀ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਰਿਪੋਰਟ ਨੂੰ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਪਹਿਲਾਂ ਹੀ ਨਸ਼ਰ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸਵਾਲ ਕੀਤਾ ਕਿ ਸਪੀਕਰ ਸਾਹਿਬ ਦੱਸਣ ਕਿ ਉਨ੍ਹਾਂ ਨੂੰ ਕਿਵੇਂ ਪਤਾ ਸੀ ਕਿ 28 ਤਾਰੀਕ ਤੋਂ ਪਹਿਲਾਂ ਹੀ ਚਲਾਨ ਪੇਸ਼ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਲੱਭੇ ਨਹੀਂ ਬਣਾਏ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਵੀ ਦਾਅਵਾ ਪੇਸ਼ ਕੀਤਾ ਹੈ  ਕਿ ਪੰਜਾਬ ਵਿਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਚਾਰੇ ਪਾਸੇ ਸਹਿਮ ਦਾ ਮਾਹੌਲ ਹੈ। ਮਹੇਸ਼ਇੰਦਰ ਗਰੇਵਾਲ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸਿਆਸਤ ਦੀ ਬਜਾਏ ਪੰਜਾਬ ਦੇ ਮਸਲਿਆਂ ਦਾ ਹੱਲ ਕਰਨ।

 

 

Exit mobile version