Punjab

ਅੰਮ੍ਰਿਤਸਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਐਲਾਨ! ਮਜੀਠੀਆ ਨੇ ਕੀਤਾ ਸਲੈਕਟ

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਕੇਂਦਰ ਦੇ ਨਾਲ-ਨਾਲ ਹੁਣ ਪੰਜਾਬ ਵਿੱਚ ਵੀ ਹਲਚਲ ਤੇਜ਼ ਹੋ ਗਈ। ਵੱਖ-ਵੱਖ ਸਿਆਸੀ ਪਾਰਟੀਆਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਰਹੀਆਂ ਹਨ। ਇਸੇ ਲੈਅ ਵਿੱਚ ਸ਼੍ਰੋਮਣੀ ਅਕਾਲੀ ਨੇ ਵੀ ਆਪਣੇ ਉਮੀਦਵਾਰਾਂ ਦੀ ਤਜਵੀਜ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਹਲਕੇ ਤੋਂ ਅਨਿਲ ਜੋਸ਼ੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਲਾਨਣ ਵੱਲ ਇਸ਼ਾਰਾ ਕੀਤਾ ਹੈ।

ਦਰਅਸਲ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵਰਕਰਾਂ ਨਾਲ ਮੀਟਿੰਗ ਦੌਰਾਨ ਅਨਿਲ ਜੋਸ਼ੀ ਦੇ ਨਾਂ ‘ਤੇ ਹੱਥ ਖੜੇ ਕਰਵਾਏ। ਉਨ੍ਹਾਂ ਕਿਹਾ ਹਾਲਾਂਕਿ ਅਧਿਕਾਰਿਕ ਤੌਰ ‘ਤੇ ਪਾਰਟੀ ਉਮੀਦਵਾਰ ਦਾ ਐਲਾਨ ਕਰੇਗੀ, ਪਰ ਮੈਂ ਸਾਰੇ ਪਾਰਟੀ ਵਰਕਰਾਂ ਦੀ ਅਵਾਜ਼ ਹਾਈਕਮਾਨ ਤੱਕ ਪਹੁੰਚਾਉਣੀ ਹੈ। ਮਜੀਠੀਆ ਨੇ ਅਨਿਲ ਜੋਸ਼ੀ ਨੂੰ ਭਾਈਚਾਰਕ ਸਾਂਝ ਦਾ ਪ੍ਰਤੀਕ ਦੱਸਿਆ ਅਤੇ ਦਾਅਵਾ ਕੀਤਾ ਕਿ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਨਤਾ ਦੇ ਸਭ ਤੋਂ ਕਾਬਿਲ ਵਕੀਲ ਹਨ।

ਸ਼੍ਰੋ੍ਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਲੋਕਸਭਾ ਚੋਣਾਂ ਦੇ ਲਈ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਵਿੱਚ 3 ਨਾਂ ਹਨਚ ਪਹਿਲਾਂ ਨਾਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਦਾ ਹੈ, ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ, ਜਦਕਿ ਦੂਜਾ ਹੈਰਾਨ ਕਰਨ ਵਾਲਾ ਨਾਂ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਦਾ ਹੈ। ਉਨ੍ਹਾਂ ਨੂੰ ਪਾਰਟੀ ਨੇ ਫਿਰੋਜ਼ਪੁਰ ਤੋਂ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਵੱਲੋਂ ਐਲਾਨਿਆ ਤੀਜਾ ਨਾਂ ਹੈ ਹਰਪਾਲ ਸਿੰਘ ਬਲੇਰ, ਉਨ੍ਹਾਂ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਸਬੰਧਿਤ ਖ਼ਬਰ – SAD ਅੰਮ੍ਰਿਤਸਰ ਵੱਲੋਂ ਲੋਕਸਭਾ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ

ਇਸ ਤੋਂ ਪਹਿਲਾਂ ਆਮ ਆਦਮੀ ਨੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਅੰਮ੍ਰਿਤਸਰ ਤੋਂ ਦੂਜੀ ਵਾਰ ਉਮੀਦਵਾਰ ਐਲਾਨਿਆ ਹੈ ਜਦਕਿ ਭਾਜਪਾ ਨੇ ਸਾਬਕਾ IFS ਅਤੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ‘ਤੇ ਸਿਆਸੀ ਦਾਅ ਖੇਡਿਆ ਹੈ।

ਕਾਂਗਰਸ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਫਿਲਹਾਲ ਉਮੀਦਵਾਰ ਤੈਅ ਨਹੀਂ ਕੀਤਾ। ਦੋ ਵਾਰ ਦੈ ਸਾਂਸਦ ਗੁਰਜੀਤ ਔਜਲਾ ਦੇ ਨਾਲ ਸਾਬਕਾ ਉੱਪ ਮੁੱਖ ਮੰਤਰੀ ਓ.ਪੀ ਸੋਨੀ ਵੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।

ਸੋਨੀ 5 ਵਾਰ ਦੇ ਵਿਧਾਇਕ ਹਨ ਅਤੇ 2009 ਵਿੱਚ ਬੀਜੇਪੀ ਵੱਲੋਂ ਉਮੀਦਵਾਰ ਰਹੇ ਨਵਜੋਤ ਸਿੰਘ ਸਿੱਧੂ ਨੂੰ ਕਰੜੀ ਟੱਕਰ ਦਿੱਤੀ ਸੀ, ਜਦਕਿ ਗੁਰਜੀਤ ਔਜਲਾ 2 ਵਾਰ ਦੇ ਐੱਪਮੀ ਹਨ, ਉਨ੍ਹਾਂ ਦੇ ਪਾਲਾ ਬਦਲਣ ਦੀਆਂ ਚਰਚਾਵਾਂ ਸਨ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਸਾਫ ਕਰ ਦਿੱਤਾ ਸੀ ਕਿ ਪਾਰਟੀ ਟਿਕਟ ਦੇਵੇ ਜਾਂ ਨਾ ਦੇਵੇ, ਉਹ ਕਾਂਗਰਸ ਵਿੱਚ ਹੀ ਰਹਿਣਗੇ। ਪਰ ਜੇਕਰ ਸੋਨੀ ਨੂੰ ਟਿਕਟ ਨਾ ਮਿਲੀ ਤਾਂ ਉਹ ਪਾਲਾ ਬਦਲ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਬੀਜੇਪੀ ਦੇ ਸੰਪਰਕ ਵਿੱਚ ਹਨ।