ਬਿਉਰੋ ਰਿਪੋਰਟ : ਇਸ ਹਫ਼ਤੇ ਹੋਈ ਤੇਜ਼ ਮੀਂਹ ਨੇ ਸ਼ਿਮਲਾ ਦੀ ਹੋਂਦ ਨੂੰ ਖ਼ਤਰੇ ਵਿੱਚ ਲਿਆ ਦਿੱਤਾ ਹੈ,ਇੱਕ ਤੋਂ ਬਾਅਦ ਇੱਕ ਲੈਂਡ ਸਲਾਈਡ ਦੀ ਵਜ੍ਹਾ ਕਰਕੇ ਹੁਣ ਤੱਕ 80 ਤੋਂ ਵੱਧ ਲੋਕਾਂ ਦੀ ਮੌਤ ਦੀ ਖ਼ਬਰ ਆ ਚੁੱਕੀ ਹੈ । ਇਸ ਵਿਚਾਲੇ ਨਵਾਂ ਸ਼ਹਿਰ ਦੇ ਨਵੀਨ ਭੱਲਾ ਦੀ ਵੀ ਸ਼ਿਮਲਾ ਵਿੱਚ ਲੈਂਡ ਸਲਾਈਡ ਦੇ ਦੌਰਾਨ ਮੌਤ ਹੋ ਗਈ ਹੈ । ਉਹ ਇੱਕ ਫ਼ੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਨਵਾਂ ਸ਼ਹਿਰ ਦੇ ਪਿੰਡ ਸੁੰਡ ਮਕਸੂਦਾਂ ਦਾ ਰਹਿਣ ਵਾਲਾ ਸੀ । ਅਚਾਨਕ ਲਗਾਤਾਰ ਹੋ ਰਹੀ ਬਾਰਸ਼ ਦੇ ਕਾਰਨ ਪਹਾੜ ਦੀ ਤਲਹਟੀ ਵਿੱਚ ਬਣੀ ਫ਼ੈਕਟਰੀ ‘ਤੇ ਪਹਾੜ ਟੁੱਟ ਕੇ ਡਿੱਗ ਗਿਆ । ਮਲਬੇ ਦੇ ਹੇਠਾਂ ਦੱਬਣ ਨਾਲ ਨਵੀਨ ਭੱਲਾ ਦੀ ਮੌਤ ਹੋ ਗਈ ।
ਸ਼ਿਮਲਾ ਵਿੱਚ ਹੀ ਰਹਿੰਦੇ ਸਨ ਨਵੀਨ ਭੱਲਾ
ਪਿੰਡ ਦੇ ਸਰਪੰਚ ਦੇ ਮੁਤਾਬਿਕ ਮ੍ਰਿਤਕ ਨਵੀਨ ਭੱਲਾ 46 ਸਾਲ ਦੇ ਸਨ ਅਤੇ ਉਹ ਪਿਛਲੇ ਕੁਝ ਸਮੇਂ ਤੋਂ ਸ਼ਿਮਲਾ ਵੀ ਰਹਿ ਰਹੇ ਸਨ । ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਤਕਰੀਬਨ 9 ਸਾਲ ਤੋਂ ਉਹ ਇੱਕ ਫ਼ੈਕਟਰੀ ਵਿੱਚ ਕੰਮ ਕਰ ਰਹੇ ਸਨ ਅਤੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ‘ਤੇ ਸੀ,ਪਰਿਵਾਰ ਵਿੱਚ 4 ਮੈਂਬਰ ਸਨ।
ਸਰਪੰਚ ਦੇ ਮੁਤਾਬਿਕ ਨਵੀਨ ਦੇ 2 ਬੱਚੇ ਉਸ ਦੀ ਪਤਨੀ ਅਤੇ ਮਾਂ ਹੈ । ਉਸ ਦੇ ਪਿਤਾ ਦੀ 3 ਸਾਲ ਪਹਿਲਾਂ ਮੌਤ ਹੋ ਗਈ ਸੀ । ਜਿਸ ਕਾਰਨ ਉਨ੍ਹਾਂ ਦੀ ਕਮਾਈ ਤੋਂ ਹੀ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਸੀ । ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਸੀ ।