ਲੁਧਿਆਣਾ : ਕਿਹਾ ਜਾਂਦਾ ਹੈ ਕਿ ਜਿਸ ਦੀ ਜ਼ਿੰਦਗੀ ਜਿੰਨੀ ਲਿਖੀ ਹੁੰਦੀ ਹੈ ਉਹ ਉਨੇ ਦਿਨ ਹੀ ਜਿਉਂਦਾ ਹੈ ਫਿਰ ਭਾਵੇਂ ਉਹ ਬਜ਼ੁਰਗ ਹੋਣ, ਜਵਾਨ ਹੋਣ ਜਾਂ ਨਵਜੰਮੇ ਹੋਣ। ਸੂਬੇ ਵਿੱਚ ਲਗਾਤਾਰ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੜਕੀਆਂ ਅਕੇ ਲੜਕਿਆਂ ਵਿਚਕਾਰ ਅੰਤਰ ਨਾ ਕਰਨ ਤੇ ਦੋਵਾਂ ਨੂੰ ਇੱਕ ਸਮਾਨ ਸਮਝਣ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ ਪਰ ਫਿਰ ਕੁਝ ਲੋਕ ਲੜਕੀਆਂ ਦੇ ਜੰਮਣ ਉੱਤੇ ਜਾਂ ਤਾਂ ਉਨ੍ਹਾਂ ਨੂੰ ਮਾਰ ਦਿੰਦੇ ਹਨ ਜਾਂ ਫਿਰ ਕੁਝ ਲੋਕ ਉਨ੍ਹਾਂ ਨੂੰ ਜੰਮਦਿਆਂ ਹੀ ਮਰਨ ਲਈ ਸੁੱਟ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨਵਜੰਮੀ ਬੱਚੀ ਨੂੰ ਅਣਪਛਾਤੇ ਲੋਕ ਕਿਸੇ ਦੇ ਘਰ ਅੱਗੇ ਸੁੱਟ ਕੇ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਸਵੇਰੇ ਕਰੀਬ 7.30 ਵਜੇ ਇੱਕ ਨਵਜੰਮੀ ਬੱਚੀ ਇੱਕ ਘਰ ਦੇ ਬਾਹਰ ਪਈ ਮਿਲੀ। ਸ਼ੁਕਰ ਹੈ ਕਿ ਆਵਾਰਾ ਕੁੱਤਿਆਂ ਨੇ ਇਸ ਨਵਜੰਮੀ ਬੱਚੀ ਨੂੰ ਨਹੀਂ ਦੇਖਿਆ, ਨਹੀਂ ਤਾਂ ਇਹ ਬੱਚੀ ਆਪਣੀ ਜਾਨ ਤੋਂ ਹੱਥ ਧੋ ਬੈਠੀ ਸੀ। ਕਿੰਨੀ ਕਠੋਰ ਅਤੇ ਲਾਚਾਰ ਹੋਵੇਗੀ ਉਹ ਮਾਂ ਜਿਸ ਨੇ ਇਸ ਬੱਚੀ ਨੂੰ ਜਨਮ ਦਿੰਦੇ ਹੀ ਸੜਕ ‘ਤੇ ਸੁੱਟ ਦਿੱਤਾ।
ਬਾਈਕ ਸਵਾਰ ਨੇ ਸਵੇਰੇ 7.30 ਵਜੇ ਲੜਕੀ ਨੂੰ ਦੇਖਿਆ, ਪੁਲਿਸ ਜਾਂਚ ‘ਚ ਜੁਟੀ
ਸੰਤ ਐਨਕਲੇਵ ਵਿੱਚ ਸਵੇਰੇ ਕਰੀਬ 7:30 ਵਜੇ ਇੱਕ ਬਾਈਕ ਸਵਾਰ ਨੌਜਵਾਨ ਨੇ ਇਲਾਕਾ ਨਿਵਾਸੀ ਸ਼ਸ਼ੀ ਨੂੰ ਦੱਸਿਆ ਕਿ ਉਸ ਦੇ ਘਰ ਦੇ ਬਾਹਰ ਇੱਕ ਛੋਟੀ ਲੜਕੀ ਪਈ ਹੈ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਸਾਰੇ ਇਲਾਕਾ ਵਾਸੀਆਂ ‘ਚ ਡਰ ਦਾ ਮਾਹੌਲ ਬਣ ਗਿਆ। ਗੁਆਂਢੀ ਕੰਵਲ ਪ੍ਰੀਤ ਸਿੰਘ ਮਲਹੋਤਰਾ ਨੇ ਦੱਸਿਆ ਕਿ ਉਹ ਤੁਰੰਤ ਲੜਕੀ ਨੂੰ ਕੰਬਲ ਵਿੱਚ ਲਪੇਟ ਕੇ ਇੱਕ ਨਿੱਜੀ ਹਸਪਤਾਲ ਲੈ ਗਏ ਪਰ ਉੱਥੇ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਉਹ ਲੜਕੀ ਨੂੰ ਮਾਡਲ ਟਾਊਨ ਦੇ ਨਿੱਜੀ ਹਸਪਤਾਲ ਲੈ ਗਿਆ ਅਤੇ ਉੱਥੇ ਉਸ ਨੂੰ ਦਾਖਲ ਕਰਵਾਇਆ। ਮਲਹੋਤਰਾ ਨੇ ਦੱਸਿਆ ਕਿ ਉਸੇ ਸਮੇਂ ਫੋਨ ਕਰਕੇ ਪੀ.ਸੀ.ਆਰ. ਸੂਚਨਾ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਪੀ.ਸੀ.ਆਰ ਮੌਕੇ ‘ਤੇ ਪਹੁੰਚੀ । ਉਨਾਂ ਨੇ ਦੱਸਿਆ ਕਿ ਬੱਚੀ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਉਥੇ ਹੀ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਲੜਕੀ ਦੀ ਦੇਖ ਭਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਉਸ ਨੂੰ ਕਿਸੇ ਬੱਚਿਆਂ ਦੇ ਆਸ਼ਰਮ ਵਿੱਚ ਭੇਜਿਆ ਜਾਵੇਗਾ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਦੁੱਗਰੀ ਥਾਣਾ ਇੰਚਾਰਜ ਮਧੂ ਬਾਲਾ ਨੇ ਦੱਸਿਆ ਕਿ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਲੜਕੀ ਅਣਪਛਾਤਿਆਂ ਵੱਲੋਂ ਸੜਕ ‘ਤੇ ਸੁੱਟ ਦਿੱਤਾ ਗਿਆ ਸੀ।
ਬੱਚੀ ਜਿੰਦਾ ਹੋਣ ਕਾਰਨ ਉਸ ਨੂੰ ਮੁਹਲਾ ਵਾਸੀਆਂ ਨੇ ਹਸਪਤਾਲ ਦਾਖਲ ਕਰਵਾਇਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁਹੱਲਾ ਵਾਸੀਆਂ ਵਲੋਂ ਸਾਨੂੰ ਸੀਸੀਟੀਵੀ ਫੁਟੇਜ ਦਿੱਤੀ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਤਫਤੀਸ਼ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।