Punjab

ਗੋਇੰਦਵਾਲ ਮਾਮਲਾ : ਜੇਲ੍ਹ ਪ੍ਰਸ਼ਾਸਨ ‘ਤੇ ਡਿਗੀ ਗਾਜ,ਹੋ ਗਈ ਆਹ ਕਾਰਵਾਈ

ਤਰਨਤਾਰਨ : ਗੋਇੰਦਵਾਲ ਜੇਲ੍ਹ ਵਿੱਚ ਹੋਈ ਗੈਂਗਵਾਰ ਦੇ ਦੌਰਾਨ ਹੋਏ ਦੋਹਰੇ ਕਤਲਾਂ ਦੀ ਗਾਜ਼ ਜੇਲ੍ਹ ਪ੍ਰਸ਼ਾਸਨ ‘ਤੇ ਵੀ ਡਿੱਗੀ ਹੈ।ਵੱਡੀ ਕਾਰਵਾਈ ਕਰਦੇ ਹੋਏ ਜੇਲ੍ਹ ਦੇ ਡਿੱਪਟੀ ਸੁਪਰੀਡੈਂਟ ਹਰੀਸ਼ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਸੁਪਰੀਡੈਂਟ ਇਕਬਾਲ ਸਿੰਘ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਈਪ੍ਰੋਫਾਈਲ ਜੇਲ੍ਹ ਵਿੱਚ ਇਸ ਤਰਾਂ ਨਾਲ ਗੈਂਗਵਾਰ ਹੋਣਾ ਤੇ 2 ਲੋਕਾਂ ਦਾ ਮਾਰਿਆ ਜਾਣਾ ਜੇਲ੍ਹ ਵਿੱਚ ਸੁਰੱਖਿਆ ‘ਤੇ ਗੰਭੀਰ ਸਵਾਲ ਖੜੇ ਕਰਦੇ ਹੈ । ਖਾਸ ਤੌਰ ‘ਤੇ ਉਦੋਂ,ਜਦੋਂ ਸਿੱਧੂ ਮੂਸੇ ਵਾਲੇ ਦੇ ਕਤਲ ਵਰਗੇ ਵੱਡੇ ਕੇਸ ਵਿੱਚ ਸ਼ਾਮਲ 25 ਮੁਲਜ਼ਮ ਇਕੋ ਜੇਲ੍ਹ ਵਿੱਚ ਹੋਣ।

ਜੇਲ੍ਹ ਪ੍ਰਸ਼ਾਸਨ ਇਸ ਲਈ ਵੀ ਸੁਆਲਾਂ ਦੇ ਘੇਰੇ ਵਿੱਚ ਆਉਂਦਾ ਹੈ ਕਿਉਂਕਿ ਜਦ ਪਹਿਲਾਂ ਵੀ ਇਹਨਾਂ ਗੈਂਗਸਟਰਾਂ ਦਰਮਿਆਨ ਕਈ ਵਾਰ ਝਗੜਾ ਹੋਇਆ ਸੀ ਤਾਂ ਉਸ ਵੇਲੇ ਸਹੀ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਤੇ ਦੂਜੀ ਗੱਲ,ਇਸ ਲੜਾਈ ਵਿੱਚ ਇੱਕ ਦੂਜੇ ਨੂੰ ਜ਼ਖਮੀ ਕਰਨ ਲਈ ਹਥਿਆਰ ਵਜੋਂ ਵਰਤੀਆਂ ਗਈਆਂ ਲੋਹੇ ਦੀਆਂ ਪੱਤੀਆਂ ਜੇਲ੍ਹ ਵਿੱਚ ਕਿਵੇਂ ਪਹੁੰਚੀਆਂ ?

ਇਸ ਲੜਾਈ ਵਿੱਚ ਮਨਮੋਹਨ ਮੋਹਣਾ ਤੇ ਮਨਦੀਪ ਤੂਫਾਨ ਨਾਮ ਦੇ ਗੈਂਗਸਟਰ ਮਾਰੇ ਗਏ ਸੀ ,ਜਿਹਨਾਂ ਤੇ ਸਿੱਧੂ ਮੂਸੇ ਵਾਲਾ ਦੀ ਰੇਕੀ ਕਰਨ ਦਾ ਇਲਜ਼ਾਮ ਲਗਾ ਸੀ। ਇਸ ਤੋਂ ਇਲਾਵਾ ਮਨਪ੍ਰੀਤ ਭਾਉ, ਅਰਸ਼ਦ ਖਾਨ ਤੇ ਕੇਸ਼ਵ ਸਖ਼ਤ ਜ਼ਖਮੀ ਹੋਏ ਸਨ। ਕੱਲ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ ਤੇ ਸੱਤ ਗੈਂਗਸਟਰਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਹੁਣ ਜਾਂਚ ਅੱਗੇ ਵੱਧਣ ‘ਤੇ ਜੇਲ੍ਹ ਪ੍ਰਸ਼ਾਸਨ ਵੀ ਜਾਂਚ ਦੇ ਘੇਰੇ ਵਿੱਚ ਆ ਗਿਆ ਹੈ ਤੇ ਗੋਇੰਦਵਾਲ ਜੇਲ੍ਹ ਦੇ ਸੁਪਰੀਡੈਂਟ ਦੇ ਖਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਦੋਂ ਕਿ ਡਿਪਟੀ ਸੁਪਰੀਡੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।