‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਸਿੱਖ ਇਤਿਹਾਸ ਵਿੱਚ ਸ਼ਹੀਦੀ ਦਾ ਆਰੰਭ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨਾਲ ਹੁੰਦਾ ਹੈ। ਭਾਈ ਤਾਰੂ ਸਿੰਘ ਜੀ ਅਠਾਰ੍ਹਵੀਂ ਸਦੀ ਦੇ ਸ਼ਹੀਦਾਂ ਵਿੱਚੋਂ ਇੱਕ ਮਹਾਨ ਸਿੱਖ ਸ਼ਹੀਦ ਹਨ, ਜਿਨ੍ਹਾਂ ਦਾ ਜਨਮ 1716 ਈਸਵੀ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੂਹਲਾ ਵਿਖੇ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦੇ ਸਾਥੀਆਂ ਦੀ ਸ਼ਹੀਦੀ ਉਪਰੰਤ ਮੁਗਲਾਂ ਵੱਲੋਂ ਸਿੱਖਾਂ ਉੱਤੇ ਬਹੁਤ ਅੱਤਿਆਚਾਰ ਕੀਤੇ ਗਏ ਸਨ। ਜਦੋਂ ਬਾਬਾ ਜੀ ਨੂੰ ਗੁਰਦਾਸ ਨੰਗਲ ਦੀ ਲੜਾਈ ਦੌਰਾਨ ਫੜ ਕੇ ਲਾਹੌਰ ਦਾ ਗਵਰਨਰ ਅਬਦੁਲ ਸਮੁੰਦ ਖ਼ਾਂ ਲਾਹੌਰ ਲੈ ਕੇ ਜਾ ਰਿਹਾ ਸੀ ਤਾਂ ਉਨ੍ਹਾਂ ਨੂੰ ਲਾਹੌਰ ਤੋਂ ਦਿੱਲੀ ਲਿਜਾਏ ਜਾਣ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮਗਰ ਸਿੱਖਾਂ ਦੇ ਸੀਸਾਂ ਨਾਲ ਭਰੇ ਹੋਏ ਗੱਡੇ ਵੀ ਸਨ ਅਤੇ ਦੋ ਹਜ਼ਾਰ ਸਿੰਘਾਂ ਦੇ ਸੀਸ ਨੇਜਿਆਂ ਉੱਪਰ ਟੰਗੇ ਹੋਏ ਸਨ।
1734 ਈਸਵੀ ਵਿੱਚ ਲਾਹੌਰ ਵਿੱਚ ਭਾਈ ਮਨੀ ਸਿੰਘ ਜੀ ਸ਼ਹੀਦ ਹੋਏ। ਉਸ ਵੇਲੇ ਪੰਜਾਬ ਦੇ ਗਵਰਨਰ ਜ਼ਕਰੀਆ ਖ਼ਾਨ ਨੇ ਸਿੱਖਾਂ ਉੱਪਰ ਜ਼ੁਲਮ ਹੋਰ ਵਧਾ ਦਿੱਤੇ। ਜ਼ਕਰੀਆ ਖ਼ਾਨ ਨੇ ਹੁਕਮ ਦਿੱਤਾ ਕਿ ‘ਮੈਨੂੰ ਕਿਸੇ ਪਾਸੇ ਕੋਈ ਸਿੱਖ ਦਿਸਣਾ ਨਹੀਂ ਚਾਹੀਦਾ।’ ਜ਼ਕਰੀਆ ਖ਼ਾਨ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ। ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਸਿੱਖਾਂ ਨੇ ਜੰਗਲਾਂ ਵਿੱਚ ਟਿਕਾਣੇ ਕਰ ਲਏ।
ਸ਼ਹੀਦ ਭਾਈ ਤਾਰੂ ਸਿੰਘ ਜੀ ਇੱਕ ਮਿਹਨਤੀ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਸਨ। ਭਾਈ ਤਾਰੂ ਸਿੰਘ ਜੀ ਨੇ ਜੰਗਲਾਂ ‘ਚ ਲੁਕ ਕੇ ਰਹਿੰਦੇ ਸਿੰਘਾਂ ਵਾਸਤੇ ਲੰਗਰਾਂ ਦੀ ਸੇਵਾ ਸ਼ੁਰੂ ਕਰ ਦਿੱਤੀ। ਇੱਕ ਸੂਹੀਏ ਹਰਿ ਭਗਤ ਨਿਰੰਜਨੀਏ ਨੇ ਸਮੇਂ ਦੀ ਹਕੂਮਤ ਕੋਲ ਇਸ ਬਾਰੇ ਚੁਗਲੀ ਲਾਈ ਤਾਂ ਇਹ ਗੱਲ ਜ਼ਕਰੀਆ ਖ਼ਾਨ ਤੋਂ ਬਰਦਾਸ਼ਤ ਨਹੀਂ ਹੋਈ। ਉਸ ਨੇ ਹੁਕਮ ਭੇਜ ਕੇ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਵਿਖੇ ਤਲਬ ਕਰ ਲਿਆ।
ਭਾਈ ਤਾਰੂ ਸਿੰਘ ਜੀ ਨੂੰ ਧਰਮ ਦੀ ਇਸ ਸੇਵਾ ਬਦਲੇ ਅਸਹਿ ਤੇ ਅਕਹਿ ਤਸੀਹੇ ਸਹਿਣੇ ਪਏ। ਜ਼ਕਰੀਆ ਖ਼ਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਧਰਮ ਪਰਿਵਰਤਨ ਕਰ ਕੇ ਮੁਸਲਮਾਨ ਬਣ ਜਾਣ ਵਾਸਤੇ ਕਈ ਲਾਲਚ ਦਿੱਤੇ। ਭਾਈ ਤਾਰੂ ਸਿੰਘ ਜੀ ਨੂੰ ਕਿਹਾ ਗਿਆ ਕਿ ਉਹ ਸਿੱਖੀ ਨੂੰ ਛੱਡ ਕੇ ਦੀਨ ਕਬੂਲ ਕਰ ਲਵੇ ਤੇ ਇਸ ਦੇ ਬਦਲੇ ਉਸ ਨੂੰ ਦੁਨੀਆ ਭਰ ਦੀਆਂ ਖ਼ੁਸ਼ੀਆਂ ਤੇ ਸੁੱਖ-ਸਹੂਲਤਾਂ ਮਿਲਣਗੀਆਂ ਪਰ ਭਾਈ ਤਾਰੂ ਸਿੰਘ ਜੀ ਸਿੱਖੀ ਸਿਦਕ ਤੋਂ ਨਾ ਡੋਲੇ। ਉਨ੍ਹਾਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਤੋਂ ਬੇਮੁੱਖ ਹੋਣਾ ਕਬੂਲ ਨਹੀਂ ਕੀਤਾ।
ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਇੱਕ ਫਤਵਾ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਦਾ ਖੋਪਰ ਉਤਾਰ ਦਿੱਤਾ ਜਾਵੇ। ਸਿੱਖ ਇਤਾਹਾਸ ਦੇ ਬਹੁਤ ਸਾਰੇ ਸਰੋਤਾਂ ਵਿੱਚ ਇਹ ਲਿਖਿਆ ਹੋਇਆ ਹੈ ਕਿ ਉਨ੍ਹਾਂ ਦੇ ਕੇਸ ਕੱਟਣ ਦਾ ਫੁਰਮਾਨ ਜਾਰੀ ਹੋਇਆ ਸੀ ਪਰ ਕੇਸ ਕੱਟੇ ਨਾ ਗਏ। ਪਰ ਇਸਲਾਮ ਦੀਆਂ ਜਿੰਨੀਆਂ ਵੀ ਧਾਰਮਿਕ ਕਿਤਾਬਾਂ ਹਨ, ਉਸਦੇ ਵਿੱਚ ਕੇਸ ਕੱਟਣ ਦਾ ਫਤਵਾ ਨਹੀਂ ਹੈ। ਕੇਸ ਕੱਟਣ ਦਾ ਨਾ ਸਾਹਿਬਜ਼ਾਦਿਆਂ ਨੂੰ ਫਤਵਾ ਦਿੱਤਾ ਗਿਆ ਤੇ ਨਾ ਹੀ ਭਾਈ ਮਨੀ ਸਿੰਘ ਜੀ ਨੂੰ ਦਿੱਤਾ ਗਿਆ ਸੀ। ਇੱਕ ਉਮਰ ‘ਚ ਸਭ ਤੋਂ ਛੋਟੇ ਸੀ ਤੇ ਇੱਕ ਉਮਰ ‘ਚ ਸਭ ਤੋਂ ਵੱਡੇ ਸੀ। ਦਰਅਸਲ, ਭਾਈ ਤਾਰੂ ਸਿੰਘ ਜੀ ਲਈ ਫਤਵਾ ਹੀ ਇਹੀ ਸੀ ਕਿ ਉਨ੍ਹਾਂ ਦਾ ਖੋਪਰ ਉਤਾਰਿਆ ਜਾਵੇ। ਕੇਸ ਕੱਟਣ ਦਾ ਫਤਵਾ ਨਹੀਂ ਹੋਇਆ ਸੀ ਕਿਉਂਕਿ ਇਸਲਾਮ ਨੇ ਕਦੇ ਵੀ ਕਿਸੇ ਦੇ ਕੇਸ ਕਤਲ ਨਹੀਂ ਕੀਤੇ। ਇਸਲਾਮ ‘ਚ ਲਿਖਿਆ ਹੋਇਆ ਹੈ ਕਿ ਧਾਰਮਿਕ ਕਰਮ ਉਨ੍ਹਾਂ ਚਿਰ ਹੀ ਪ੍ਰਵਾਨ ਹਨ ਜਿੰਨਾਂ ਚਿਰ ਤੁਸੀਂ ਕੇਸਾਂ ਦੀ ਬੇਅਦਬੀ ਨਹੀਂ ਕਰਦੇ।
ਭਾਈ ਤਾਰੂ ਸਿੰਘ ਜੀ ਦਾ ਖੋਪਰ ਉਤਾਰਨ ਤੋਂ ਪਹਿਲਾਂ ਜ਼ਕਰੀਆ ਖਾਨ ਨੇ ਉਨ੍ਹਾਂ ਨੂੰ ਕੁੱਝ ਸ਼ਬਦ ਵਰਤੇ ਸਨ। ਜ਼ਕਰੀਆ ਖਾਨ ਭਾਈ ਤਾਰੂ ਸਿੰਘ ਜੀ ਨੂੰ ਕਹਿੰਦਾ ਹੈ ਕਿ ਮੇਰਾ ਜੀਅ ਕਰਦਾ ਹੈ ਕਿ ਮੈਂ ਤੇਰੇ ਸਿਰ ‘ਚ ਜੁੱਤੀਆਂ ਮਾਰ-ਮਾਰ ਕੇ ਤੇਰਾ ਸਿਰ ਗੰਜਾ ਕਰ ਦਿਆਂ। ਭਾਈ ਤਾਰੂ ਸਿੰਘ ਜੀ ਨੇ ਮੁਸਕਰਾ ਕੇ ਕਿਹਾ ਕਿ ਜ਼ਕਰੀਆ ਖਾਨ, ਇਹ ਤਾਂ ਅਕਾਲ ਪੁਰਖ ਹੀ ਜਾਣਦਾ ਹੈ ਕਿ ਜੁੱਤੀਆਂ ਤੇਰੇ ਪੈਣੀਆਂ ਹਨ ਜਾਂ ਮੇਰੇ ਪੈਣਗੀਆਂ।
ਭਾਈ ਤਾਰੂ ਸਿੰਘ ਜੀ ਦਾ ਰੰਬੀ ਨਾਲ ਖੋਪਰ ਉਤਾਰ ਦਿੱਤਾ ਗਿਆ ਅਤੇ ਇਹ ਜ਼ਖਮੀ ਹੋ ਗਏ ਸਨ। ਉੱਧਰ ਜ਼ਕਰੀਆ ਖਾਨ ਦਾ ਪਿਸ਼ਾਬ ਰੁਕ ਗਿਆ। ਬਹੁਤ ਸਾਰੇ ਹਕੀਮਾਂ ਤੋਂ ਉਸਦਾ ਇਲਾਜ ਕਰਵਾਇਆ ਗਿਆ ਪਰ ਕਿਸੇ ਕੋਲੋਂ ਵੀ ਉਸਨੂੰ ਅਰਾਮ ਨਾ ਆਇਆ। ਅਖੀਰ ਇੱਕ ਹਕੀਮ ਨੇ ਆਪਣੇ ਕੋਲੋਂ ਬਲਾ ਲਾਉਣ ਵਾਸਤੇ ਕਿਹਾ ਕਿ ਤੈਨੂੰ ਕਿਤੇ ਉਸ ਸਿੱਖ ਨੂੰ ਸਜ਼ਾ ਦੇਣ ਦੇ ਕਰਕੇ ਸਰਾਪ ਤਾਂ ਨਹੀਂ ਲੱਗ ਗਿਆ।
ਭਾਈ ਤਾਰੂ ਸਿੰਘ ਜੀ ਦੀ ਜੁੱਤੀ ਰੋਜ਼ ਹੀ ਜ਼ਕਰੀਆ ਖਾਨ ਦੇ ਸਿਰ ‘ਤੇ ਮਾਰੀ ਜਾਂਦੀ ਸੀ ਤੇ ਇਤਿਹਾਸਕਾਰ ਕਹਿੰਦੇ ਹਨ ਕਿ ਜ਼ਕਰੀਆ ਖਾਨ ਆਰਾਮ ਮਹਿਸੂਸ ਕਰਦਾ ਸੀ। ਜ਼ਕਰੀਆ ਖਾਨ ਦੀ ਮੌਤ ਹੋ ਗਈ। ਭਾਈ ਤਾਰੂ ਸਿੰਘ ਜੀ ਖੋਪਰੀ ਲਾਹੇ ਜਾਣ ਤੋਂ ਬਾਅਦ 22 ਦਿਨ ਬਾਅਦ 1 ਜੁਲਾਈ 1745 ਈਸਵੀ ਨੂੰ ਸ਼ਹਾਦਤ ਪ੍ਰਾਪਤ ਕਰ ਗਏ। ਜ਼ਕਰੀਆ ਖਾਨ ਦਾ ਪੁੱਤ ਜ਼ਾਈਆ ਖਾਨ ਜਦੋਂ ਦਰਬਾਰ ਦੇ ਵਿੱਚ ਆਉਂਦਾ ਹੈ ਤਾਂ ਦਰਬਾਰੀਆਂ ਨੂੰ ਪੁੱਛਦਾ ਹੈ ਕਿ ਮੇਰੇ ਪਿਤਾ ਦੀ ਮੌਤ ਕਿਵੇਂ ਹੋਈ। ਇੱਕ ਦਰਬਾਰੀ ਵੇ ਕਿਹਾ ਕਿ ‘ਤੇਰਾ ਪਿਉ ਇੱਕ ਸ਼ਹੀਦ ਹੋ ਚੁੱਕੇ ਸਿੱਖ ਦੇ ਛਿੱਤਰ ਖਾ ਕੇ ਮਰ ਗਿਆ ਹੈ।’
ਭਾਈ ਤਾਰੂ ਸਿੰਘ ਜੀ ਦਾ ਸਿੱਖੀ ਸਿਦਕ ਤੇ ਸ਼ਹਾਦਤ ਸਿੱਖਾਂ ਨੂੰ ਸਦਾ ਯਾਦ ਰਹੇਗੀ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਰਾਹ ਰੁਸ਼ਨਾਉਂਦੀ ਰਹੇਗੀ। ਭਾਈ ਤਾਰੂ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਅੱਜ ਸਿੱਖ ਆਪਣੀ ਨਿੱਤ ਦੀ ਅਰਦਾਸ ਵਿੱਚ ਯਾਦ ਕਰਦੇ ਹਨ।