’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਹੈ। 28 ਸਤੰਬਰ, 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਬੰਗਾ ਵਿੱਚ ਉਨ੍ਹਾਂ ਦਾ ਜਨਮ ਹੋਇਆ ਸੀ। ਗੁਲਾਮ ਭਾਰਤ ‘ਚ ਪੈਦਾ ਹੋਏ ਭਗਤ ਸਿੰਘ ਨੇ ਬਚਪਨ ‘ਚ ਹੀ ਦੇਸ਼ ਨੂੰ ਬਰਤਾਨਵੀ ਹਕੂਮਤ ਤੋਂ ਆਜ਼ਾਦ ਕਰਵਾਉਣ ਦਾ ਖ਼ੁਆਬ ਵੇਖ ਲਿਆ ਸੀ। ਛੋਟੀ ਉਮਰ ‘ਚ ਉਨ੍ਹਾਂ ਨੇ ਵੱਡਾ ਸੰਘਰਸ਼ ਕੀਤਾ ਅਤੇ ਦੇਸ਼ ’ਤੇ ਕਾਬਜ਼ ਅੰਗਰੇਜ਼ ਹਕੂਮਤ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ। ਦੇਸ਼ ਲਈ ਕੁਰਬਾਨੀ ਦੇ ਕੇ ਭਗਤ ਸਿੰਘ ਨੇ ਹੱਦਸੇ-ਹੱਦਸੇ ਫਾਂਸੀ ਦਾ ਫੰਦਾ ਚੁੰਮ ਲਿਆ ਸੀ।
ਪਰਿਵਾਰਿਕ ਪਿਛੋਕੜ
ਭਗਤ ਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਇਹ ਇੱਕ ਜੱਟ ਸਿੱਖ ਪਰਿਵਾਰ ਸੀ, ਜਿਸ ਨੇ ਆਰੀਆ ਸਮਾਜ ਦੇ ਵਿਚਾਰਾਂ ਨੂੰ ਅਪਣਾ ਲਿਆ ਸੀ। ਉਨ੍ਹਾਂ ਦੇ ਜਨਮ ਵੇਲੇ ਉਨ੍ਹਾਂ ਦੇ ਪਿਤਾ ਅਤੇ ਦੋ ਚਾਚਿਆਂ, ਅਜੀਤ ਸਿੰਘ ਅਤੇ ਸਵਰਨ ਸਿੰਘ ਦੀ ਜੇਲ੍ਹ ਵਿਚੋਂ ਰਿਹਾਈ ਹੋਈ ਸੀ ਜਿਸ ਕਾਰਨ ਉਨ੍ਹਾਂ ਨੂੰ ਭਾਗਾਂ ਵਾਲਾ ਸਮਝਿਆ ਗਿਆ। ਉਨ੍ਹਾਂ ਦੇ ਵਡੇਰੇ ਭਾਰਤੀ ਆਜ਼ਾਦੀ ਲਹਿਰਾਂ ਵਿੱਚ ਸਰਗਰਮ ਸਨ, ਕੁਝ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਨੌਕਰੀ ਕਰਦੇ ਰਹੇ ਸਨ। ਉਨ੍ਹਾਂ ਦਾ ਪਰਿਵਾਰ ਸਿਆਸੀ ਤੌਰ ਤੇ ਸਰਗਰਮ ਸੀ। ਉਨ੍ਹਾਂ ਦੇ ਪਿਤਾ ਅਤੇ ਚਾਚੇ ਕਰਤਾਰ ਸਿੰਘ ਸਰਾਭਾ ਅਤੇ ਹਰਦਿਆਲ ਦੀ ਅਗਵਾਈ ਵਿੱਚ ਭਾਰਤ ਦੀ ਸੁਤੰਤਰਤਾ ਲਈ ਸਰਗਰਮ ਗਦਰ ਪਾਰਟੀ ਦੇ ਮੈਂਬਰ ਸਨ।
ਭਗਤ ਸਿੰਘ ਦੀ ਪੜ੍ਹਾਈ
ਭਗਤ ਸਿੰਘ ਦੀ ਮੁੱਢਲੀ ਸਿੱਖਿਆ ਲਾਇਲਪੁਰ, (ਹੁਣ ਪਾਕਿਸਤਾਨ ਵਿੱਚ) ਦੇ ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਵਿੱਚ ਹੋਈ। ਬਾਅਦ ਵਿੱਚ ਉਹ ਡੀਏਵੀ ਹਾਈ ਸਕੂਲ ਲਾਹੌਰ ਵਿੱਚ ਦਾਖਲ ਹੋ ਗਏ। ਅੰਗਰੇਜ਼ ਇਸ ਸਕੂਲ ਨੂੰ ‘ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ’ ਕਹਿੰਦੇ ਸਨ। ਭਗਤ ਸਿੰਘ ਭਾਵੇਂ ਰਵਾਇਤੀ ਕਿਸਮ ਦੇ ਪੜ੍ਹਾਕੂ ਤਾਂ ਨਹੀਂ ਸੀ ਪਰ ਉਹ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦੇ ਰਹਿੰਦੇ ਸੀ। ਉਨ੍ਹਾਂ ਨੂੰ ਉਰਦੂ ਵਿੱਚ ਮੁਹਾਰਤ ਹਾਸਲ ਸੀ ਤੇ ਉਹ ਇਸੇ ਭਾਸ਼ਾ ਵਿੱਚ ਆਪਣੇ ਪਿਤਾ ਕਿਸ਼ਨ ਸਿੰਘ ਨੂੰ ਖ਼ਤ ਲਿਖਦੇ ਹੁੰਦੇ ਸੀ। ਭਗਤ ਸਿੰਘ ਨੇ ਲਾਹੌਰ ਦੇ ਖਾਲਸਾ ਹਾਈ ਸਕੂਲ ਵਿੱਚ ਦਾਖਲਾ ਨਹੀਂ ਲਿਆ। ਉਨ੍ਹਾਂ ਦੇ ਦਾਦਾ ਜੀ ਨੇ ਇਸ ਸਕੂਲ ਦੇ ਅਧਿਕਾਰੀਆਂ ਦੀ ਬ੍ਰਿਟਿਸ਼ ਸਰਕਾਰ ਪ੍ਰਤੀ ਵਫ਼ਾਦਾਰੀ ਨੂੰ ਸਵੀਕਾਰ ਨਹੀਂ ਕੀਤਾ। ਉਸ ਦੀ ਬਜਾਏ ਭਗਤ ਸਿੰਘ ਨੂੰ ਆਰਿਆ ਸਮਾਜੀ ਸੰਸਥਾ ਦਯਾਨੰਦ ਐਂਗਲੋ ਵੈਦਿਕ ਹਾਈ ਸਕੂਲ ਵਿੱਚ ਦਾਖਲਾ ਦਵਾਇਆ ਗਿਆ।
1923 ਵਿੱਚ, ਭਗਤ ਸਿੰਘ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਦਾਖ਼ਲ ਹੋ ਗਿਆ ਜਿੱਥੇ ਉਹ ਨਾਟ-ਕਲਾ ਸੋਸਾਇਟੀ ਵਰਗੀਆਂ ਪਾਠਕ੍ਰਮ ਤੋਂ ਬਾਹਰਲ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗਾ। 1923 ਵਿੱਚ ਉਸ ਨੇ ਪੰਜਾਬ ਹਿੰਦੀ ਸਾਹਿਤ ਸੰਮੇਲਨ ਦੁਆਰਾ ਕਰਵਾਇਆ ਇੱਕ ਨਿਬੰਧ ਮੁਕਾਬਲਾ ਜਿੱਤਿਆ, ਜਿਸ ਵਿੱਚ ਉਸ ਨੇ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਲਿਖਿਆ ਸੀ।
ਜਲ੍ਹਿਆਂਵਾਲਾ ਬਾਗ ਦੀ ਘਟਨਾ ਦਾ ਅਸਰ
ਭਗਤ ਸਿੰਘ ਦੀ ਰਗ-ਰਗ ਵਿੱਚ ਦੇਸ਼ ਭਗਤੀ ਵੱਸਦੀ ਸੀ। 13 ਅਪਰੈਲ, 1919 ਨੂੰ ਵਿਸਾਖੀ ਵਾਲੇ ਦਿਨ ਜਲ੍ਹਿਆਂਵਾਲੇ ਬਾਗ ਦੀ ਘਟਨਾ ਦਾ ਭਗਤ ਸਿੰਘ ’ਤੇ ਗਹਿਰਾ ਅਸਰ ਪਿਆ। ਇਸ ਘਟਨਾ ਨੇ ਦੇਸ਼ ਭਰ ਵਿੱਚ ਕ੍ਰਾਂਤੀ ਦੀ ਅੱਗ ਭੜਕਾ ਦਿੱਤੀ ਸੀ। ਰੌਲਟ ਐਕਟ ਦੇ ਵਿਰੋਧ ਵਿੱਚ ਇਕੱਤਰ ਹੋਏ ਦੇਸ਼ ਵਾਸੀ ਜਲ੍ਹਿਆਂਵਾਲੇ ਬਾਗ ਵਿੱਚ ਸਭਾ ਕਰ ਰਹੇ ਸੀ ਕਿ ਜਨਰਲ ਡਾਇਰ ਦੇ ਹੁਕਮਾਂ ਤਹਿਤ ਨਿਹੱਥੇ ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਗਿਆ।
ਉਸ ਸਮੇਂ ਭਗਤ ਸਿੰਘ ਦੀ ਉਮਰ 12 ਸਾਲ ਸੀ। ਇਸ ਘਟਨਾ ਬਾਅਦ ਉਨ੍ਹਾਂ ਨੇ ਜਲ੍ਹਿਆਂਵਾਲੇ ਬਾਗ ਦੀ ਖ਼ੂਨ ਨਾਲ ਲਥਪਥ ਧਰਤੀ ਦੀ ਸਹੁੰ ਖਾਧੀ ਸੀ ਕਿ ਅੰਗਰੇਜ਼ ਹਕੂਮਤ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣਗੇ। ਇਸ ਮਕਸਦ ਲਈ ਉਨ੍ਹਾਂ ਨੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡ ਕੇ ਮਾਰਚ 1926 ਵਿੱਚ ਨੌਜਵਾਨਾਂ ਦੇ ਸਮਾਜਵਾਦੀ ਵਿਚਾਰਧਾਰਕ ਸੰਗਠਨ ‘ਨੌਜਵਾਨ ਭਾਰਤ ਸਭਾ’ ਦੀ ਸਥਾਪਨਾ ਕੀਤੀ।
ਵਿਆਹ ਦੇ ਦਬਾਅ ਕਰਕੇ ਭਗਤ ਸਿੰਘ ਨੇ ਛੱਡਿਆ ਘਰ
ਇੱਕ ਵੇਲਾ ਅਜਿਹਾ ਵੀ ਆਇਆ ਜਦੋਂ ਭਗਤ ਸਿੰਘ ਦੇ ਪਰਿਵਾਰ ਵਾਲੇ ਉਨ੍ਹਾਂ ’ਤੇ ਵਿਆਹ ਲਈ ਦਬਾਅ ਪਾਉਣ ਲੱਗੇ। ਪਰ ਉਨ੍ਹਾਂ ਲਈ ਲਈ ਤਾਂ ਦੇਸ਼ ਨੂੰ ਆਜ਼ਾਦ ਕਰਾਉਣਾ ਹੀ ਅਸਲ ਮਕਸਦ ਸੀ। ਘਰ ਵਾਲਿਆਂ ਦੇ ਦਬਾਅ ਤੋਂ ਪ੍ਰੇਸ਼ਾਨ ਆ ਕੇ ਉਨ੍ਹਾਂ ਨੇ ਘਰ ਹੀ ਛੱਡ ਦਿੱਤਾ ਸੀ।
ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ
ਸਾਲ 1928 ਵਿੱਚ ਸਾਈਮਲ ਕਮਿਸ਼ਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੌਰਾਨ ਜਦ ਅੰਗ੍ਰੇਜ਼ ਸਰਕਾਰ ਖਿਲਾਫ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਸੀ ਤਾਂ ਅੰਗ੍ਰੇਜ਼ ਪੁਲਿਸ ਨੇ ਉਨ੍ਹਾਂ ’ਤੇ ਡਾਂਗਾ ਵਰ੍ਹਾਈਆਂ ਜਿਸ ਕਰਕੇ ਲਾਲਾ ਲਾਜਪਤ ਰਾਏ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ 17 ਨਵੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਇਸ ਦੇ ਕੁਝ ਦਿਨ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ। ਭਗਤ ਸਿੰਘ ਲਾਲਾ ਜੀ ਦੇ ਜੀਵਨ ਦੇ ਅੰਤਿਮ ਸਾਲਾਂ ਦੀ ਸਿਆਸਤ ਤੋਂ ਸਹਿਮਤ ਨਹੀਂ ਸਨ ਤੇ ਉਸ ਨੇ ਇਸ ਦਾ ਖੁੱਲ੍ਹਾ ਵਿਰੋਧ ਵੀ ਕੀਤਾ। ਭਗਤ ਸਿੰਘ ਨੂੰ ਲਾਲਾ ਲਾਜਪਤ ਰਾਏ ਦੀ ਲਾਠੀਚਾਰਜ ਨਾਲ ਵਿਗੜੀ ਹਾਲਤ ਵੇਖ ਕੇ ਅੰਗਰੇਜ਼ ਹਕੂਮਤ ’ਤੇ ਬਹੁਤ ਗੁੱਸਾ ਆਇਆ। ਇਸ ਦਾ ਬਦਲਾ ਲੈਣ ਲਈ ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲਿਸ ਸੁਪਰਡੈਂਟ ਸਕਾਟ ਦਾ ਕਤਲ ਕਰਨ ਦੀ ਯੋਜਨਾ ਬਣਾਈ।
ਗ਼ਲਤੀ ਨਾਲ ਸਾਂਡਰਸ ਦਾ ਕਤਲ
ਅਸਲ ਵਿੱਚ ਭਗਤ ਸਿੰਘ ਪੁਲਿਸ ਸੁਪਰਡੈਂਟ ਸਕਾਟ ਨੂੰ ਮਾਰਨਾ ਚਾਹੁੰਦੇ ਸਨ, ਪਰ ਇੱਕ ਸਾਥੀ ਦੀ ਗ਼ਲਤੀ ਕਰਕੇ ਸਕਾਟ ਦੀ ਥਾਂ 21 ਸਾਲ ਦਾ ਪੁਲਿਸ ਅਧਿਕਾਰੀ ਸਾਂਡਰਸ ਮਾਰਿਆ ਗਿਆ। ਇਸ ਮਾਮਲੇ ਵਿੱਚ ਭਗਤ ਸਿੰਘ ਪੁਲਿਸ ਦੀ ਗ੍ਰਿਫ਼ਤ ਤੋਂ ਬਚ ਨਿਕਲੇ। ਪਰ ਕੁਝ ਸਮੇਂ ਬਾਅਦ ਉਸ ਨੇ ਅਸੈਂਬਲੀ ਸਭਾ ਵਿੱਚ ਬੰਬ ਸੁੱਟਣ ਦੀ ਯੋਜਨਾ ਬਣਾਈ।
ਅਸੈਂਬਲੀ ਵਿੱਚ ਬੰਬ ਦੀ ਘਟਨਾ
ਸਾਂਡਰਸ ਦੇ ਕਤਲ ਮਗਰੋਂ ਭਗਤ ਸਿੰਘ ਨੇ ਚੰਦਰਸ਼ੇਖਰ ਆਜ਼ਾਦ ਤੇ ਪਾਰਟੀ ਦੇ ਹੋਰ ਮੈਂਬਰਾਂ ਨਾਲ ਦਿੱਲੀ ਦੀ ਸੈਂਟਰਲ ਅਸੈਂਬਲੀ ਵਿੱਚ ਬੰਬ ਧਮਾਕਾ ਕੀਤਾ। ਇਨ੍ਹਾਂ ਸਭ ਕੰਮਾਂ ਲਈ ਭਗਤ ਸਿੰਘ ਨੇ ਵੀਰ ਸਾਵਰਕਰ ਦੇ ਕ੍ਰਾਂਤੀਦਲ ਅਭਿਨਵ ਭਾਰਤ ਦੀ ਵੀ ਮਦਦ ਲਈ ਤੇ ਇਸੇ ਦਲ ਕੋਲੋਂ ਬੰਬ ਬਣਾਉਣੇ ਸਿੱਖੇ। ਇਸ ਪਿੱਛੋਂ ਉਨ੍ਹਾਂ ਆਪਣੇ ਦੋ ਸਾਥੀਆਂ ਰਾਜਗੁਰੂ ਤੇ ਸੁਖਦੇਵ ਨੂੰ ਨਾਲ ਲੈ ਕੇ ਕਾਕੋਰੀ ਕਾਂਡ ਨੂੰ ਅੰਜਾਮ ਦਿੱਤਾ। ਇਸ ਨਾਲ ਅੰਗਰੇਜ਼ਾਂ ਵਿੱਚ ਭਗਤ ਸਿੰਘ ਦੇ ਨਾਂ ਦਾ ਖੌਫ ਪੈਦਾ ਹੋ ਗਿਆ।
ਉਸ ਸਮੇਂ ਸਰਕਾਰ ਪਟੇਲ ਦੇ ਵੱਡੇ ਭਰਾ ਬਿੱਠਲ ਭਾਈ ਪਟੇਲ ਪਹਿਲੇ ਭਾਰਤੀ ਪ੍ਰਧਾਨ ਵਜੋਂ ਸਭਾ ਦੀ ਕਾਰਵਾਈ ਦਾ ਸੰਚਾਲਨ ਕਰ ਰਹੇ ਸਨ। ਭਗਤ ਸਿੰਘ ਜਨ ਹਾਨੀ ਨਹੀਂ ਕਰਨਾ ਚਾਹੁੰਦੇ ਸੀ ਪਰ ਉਹ ਬੋਲ਼ੀ ਅੰਗਰੇਜ਼ ਹਕੂਮਤ ਦੇ ਕੰਨ ਖੋਲ੍ਹਣਾ ਚਾਹੁੰਦੇ ਸੀ। ਬੰਬ ਸੁੱਟਣ ਮਗਰੋਂ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਭੱਜ ਸਕਦੇ ਸੀ, ਪਰ ਉਨ੍ਹਾਂ ਦੋਵਾਂ ਆਪ ਹੀ ਗ੍ਰਿਫ਼ਤਾਰੀ ਦੇ ਦਿੱਤੀ।
ਭਗਤ ਸਿੰਘ ਦੀ ਪਿਸਤੌਲ ਤੋਂ ਸਾਂਡਰਸ ਦੇ ਕਤਲ ਦਾ ਖ਼ੁਲਾਸਾ
ਅਸੈਂਬਲੀ ਵਿੱਚ ਬੰਬ ਦੀ ਘਟਨਾ ’ਤੇ ਗ੍ਰਿਫ਼ਤਾਰੀ ਸਮੇਂ ਭਗਤ ਸਿੰਘ ਕੋਲ ਆਪਣੀ ਪਿਸਤੌਲ ਵੀ ਮੌਜੂਦ ਸੀ। ਗ੍ਰਿਫ਼ਤਾਰੀ ਦੇ ਕੁਝ ਸਮੇਂ ਬਾਅਦ ਹੀ ਇਹ ਸਿੱਧ ਹੋ ਗਿਆ ਕਿ ਪੁਲਿਸ ਅਫ਼ਸਰ ਸਾਂਡਰਸ ਦੇ ਕਤਲ ਵਿੱਚ ਇਹੀ ਪਿਸਤੌਲ ਵਰਤੀ ਗਈ ਸੀ। ਇਸ ਲਈ ਅਸੈਂਬਲੀ ਸਭਾ ਵਿੱਚ ਬੰਬ ਸੁੱਟਣ ਦੇ ਮਾਮਲੇ ਵਿੱਚ ਫੜੇ ਗਏ ਭਗਤ ਸਿੰਘ ਨੂੰ ਸਾਂਡਰਸ ਦੇ ਕਤਲ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਕਰਾਰ ਦੇ ਕੇ ਫਾਂਸੀ ਦੀ ਸਜ਼ਾ ਦੇਣ ਦੀ ਫੈਸਲਾ ਕੀਤਾ ਗਿਆ।
ਇਸ ਦੇ ਨਾਲ ਹੀ ਮਾਮਲੇ ਵਿੱਚ ਸੁਖਦੇਵ ਤੇ ਰਾਜਗੁਰੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। 7 ਅਕਤੂਬਰ, 1930 ਨੂੰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਦਾ ਫੈਸਲਾ ਸੁਣਾਇਆ ਗਿਆ ਜਦਕਿ ਬਟੁਕੇਸ਼ਵਰ ਦੱਤ ਨੂੰ ਉਮਰ ਕੈਦ ਹੋਈ।
ਜੇਲ੍ਹ ’ਚ ਭਗਤ ਸਿੰਘ ਦਾ ਆਖ਼ਰੀ ਸਮਾਂ
ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਆਖ਼ਰੀ ਵੇਲੇ ਉਨ੍ਹਾਂ ਨੇ ‘ਰੈਵਾਲਿਊਸ਼ਨਰੀ ਲੈਨਿਨ’ ਨਾਂ ਦੀ ਕਿਤਾਬ ਮੰਗਵਾਈ ਸੀ। ਇਸ ਸਮੇਂ ਉਨ੍ਹਾਂ ਦੇ ਵਕੀਲ ਉਸ ਨੂੰ ਮਿਲਣ ਆਏ। ਇਸ ਮੌਕੇ ਭਗਤ ਸਿੰਘ ਨੇ ਦੇਸ਼ ਦੇ ਨਾਂ ਸੰਦੇਸ਼ ਦਿੱਤਾ, ‘ਸਿਰਫ ਦੋ ਸੰਦੇਸ਼ ਹਨ- ਸਾਮਰਾਜਵਾਦ ਮੁਰਦਾਬਾਦ ਤੇ ਇਨਕਲਾਬ ਜ਼ਿੰਦਾਬਾਦ।’ ਇਸ ਤੋਂ ਬਾਅਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੇਣ ਲਈ ਕੋਠਰੀ ਤੋਂ ਬਾਹਰ ਲਿਆਂਦਾ ਗਿਆ। ਉਨ੍ਹਾਂ ਆਜ਼ਾਦੀ ਦੇ ਗੀਤ ਗਾਉਂਦਿਆਂ ਫਾਂਸੀ ਨੂੰ ਚੁੰਮ ਕੇ ਮੌਤ ਨੂੰ ਗਲ ਲਾਇਆ।
ਭਗਤ ਸਿੰਘ ਦੀ ਫਾਂਸੀ ’ਤੇ ਗਾਂਧੀ ਵਿਵਾਦ
ਮਗਾਤਮਾ ਗਾਂਧੀ ਨੇ ਅਹਿੰਸਾ ਜਦਕਿ ਭਗਤ ਸਿੰਘ ਨੇ ਹਿੰਸਕ ਕ੍ਰਾਂਤੀ ਦਾ ਰਾਹ ਚੁਣਿਆ। ਪਰ ਦੋਵਾਂ ਦਾ ਮਕਸਦ ਇੱਕ ਸੀ, ਦੇਸ਼ ਦੀ ਆਜ਼ਾਦੀ। ਦੋਵੇਂ ਚਾਹੁੰਦੇ ਸਨ ਕਿ ਦੇਸ਼ ਸੋਸ਼ਣ ਦੀਆਂ ਬੇੜੀਆਂ ਤੋਂ ਮੁਕਤ ਹੋ ਜਾਵੇ ਤੇ ਇਸ ਮਕਸਦ ਲਈ ਦੋਵਾਂ ਨੇ ਆਪੋ-ਆਪਣੇ ਤਰੀਕੇ ਨਾਲ ਕਈ ਯਤਨ ਕੀਤੇ।
ਅਕਸਰ ਕਿਹਾ ਜਾਂਦਾ ਹੈ ਕਿ ਮਹਾਤਮਾ ਗਾਂਧੀ ਕੋਲ ਸਿੰਘ ਦੀ ਭਗਤ ਸਿੰਘ ਦੀ ਫਾਂਸੀ ਰੋਕਣ ਦਾ ਮੌਕਾ ਸੀ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਪੰਜਾਬੀ ਵਿਕੀਪੀਡੀਆ ਮੁਤਾਬਕ ਇੱਕ ਹੋਰ ਸਿਧਾਂਤ ਇਹ ਹੈ ਕਿ ਗਾਂਧੀ ਨੇ ਸਿੰਘ ਨੂੰ ਫਾਂਸੀ ਦੇਣ ਲਈ ਬ੍ਰਿਟਿਸ਼ ਹਕੂਮਤ ਨਾਲ ਸਾਜ਼ਿਸ਼ ਕੀਤੀ ਸੀ। ਇਸ ਦੇ ਉਲਟ, ਗਾਂਧੀ ਦੇ ਸਮਰਥਕਾਂ ਨੇ ਦਲੀਲਾਂ ਦਿੱਤੀਆਂ ਕਿ ਸਜ਼ਾ ਰੋਕਣ ਲਈ ਉਨ੍ਹਾਂ ਦਾ ਪ੍ਰਭਾਵ ਬਰਤਾਨਵੀ ਸਰਕਾਰ ‘ਤੇ ਕਾਫ਼ੀ ਨਹੀਂ ਸੀ,ਪਰ ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਭਗਤ ਸਿੰਘ ਦੇ ਜੀਵਨ ਨੂੰ ਬਚਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ। ਉਹ ਇਹ ਵੀ ਦਾਅਵਾ ਕਰਦੇ ਹਨ ਕਿ ਸੁਤੰਤਰਤਾ ਅੰਦੋਲਨ ਵਿੱਚ ਸਿੰਘ ਦੀ ਭੂਮਿਕਾ ਗਾਂਧੀ ਦੇ ਨੇਤਾ ਵਜੋਂ ਭੂਮਿਕਾ ਲਈ ਕੋਈ ਖ਼ਤਰਾ ਨਹੀਂ ਸੀ, ਇਸ ਲਈ ਗਾਂਧੀ ਕੋਲ ਸਿੰਘ ਨੂੰ ਮਰਵਾਉਣ ਦਾ ਕੋਈ ਕਾਰਨ ਨਹੀਂ ਸੀ।
ਗਾਂਧੀ ਨੇ ਹਮੇਸ਼ਾ ਕਿਹਾ ਕਿ ਉਹ ਭਗਤ ਸਿੰਘ ਦੀ ਦੇਸ਼ਭਗਤੀ ਦੇ ਮਹਾਨ ਪ੍ਰਸ਼ੰਸਕ ਸਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਫਾਂਸੀ ਦਾ ਵਿਰੋਧ ਕਰਦੇ ਸਨ ਅਤੇ ਐਲਾਨ ਵੀ ਕੀਤਾ ਸੀ ਕਿ ਫਾਂਸੀ ਰੋਕਣ ਦੀ ਕੋਈ ਸ਼ਕਤੀ ਨਹੀਂ ਹੈ। ਸਿੰਘ ਦੀ ਫਾਂਸੀ ਬਾਰੇ ਗਾਂਧੀ ਨੇ ਕਿਹਾ: “ਸਰਕਾਰ ਕੋਲ ਜ਼ਰੂਰ ਇਨ੍ਹਾਂ ਆਦਮੀਆਂ ਨੂੰ ਫਾਂਸੀ ਦੇਣ ਦਾ ਹੱਕ ਸੀ।” ਗਾਂਧੀ ਨੇ ਇੱਕ ਵਾਰ ਫਾਂਸੀ ਦੀ ਸਜ਼ਾ ਬਾਰੇ ਟਿੱਪਣੀ ਕੀਤੀ: “ਮੈਂ ਕਿਸੇ ਵੀ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦੇਣ ਲਈ ਸਹਿਮਤ ਨਹੀਂ ਹੋ ਸਕਦਾ। ਸਿਰਫ ਪਰਮਾਤਮਾ ਹੀ ਜੀਵਨ ਦਿੰਦਾ ਹੈ ਅਤੇ ਉਹ ਹੀ ਲੈ ਸਕਦਾ।” ਗਾਂਧੀ ਨੇ 90,000 ਰਾਜਨੀਤਕ ਕੈਦੀ, ਜੋ ਸੱਤਿਆਗ੍ਰਹਿ ਅੰਦੋਲਨ ਦੇ ਮੈਂਬਰ ਨਹੀਂ ਸਨ, ਨੂੰ ਗਾਂਧੀ-ਇਰਵਿਨ ਪੈਕਟ ਅਧੀਨ ਰਿਹਾਅ ਕਰਵਾ ਲਿਆ ਸੀ।
- ਗਾਂਧੀ ਤੇ ਵਾਇਸਰਾਏ ਵਿਚਾਲੇ ਸਮਝੌਤਾ
ਸਾਲ 1930 ਵਿੱਚ ਦਾਂਡੀ ਕੂਚ ਦਰਮਿਆਨ ਕਾਂਗਰਸ ਤੇ ਅੰਗਰੇਜ਼ ਹਕੂਮਤ ਵਿਚਾਲੇ ਸੰਘਰਸ ਜ਼ੋਰਾਂ ’ਤੇ ਸੀ। ਇਸੇ ਦੌਰਾਨ ਬਰਤਾਨਵੀ ਸਰਕਾਰ ਨੇ ਭਾਰਤ ਦੀ ਰਾਜ ਵਿਵਸਥਾ ’ਤੇ ਸੁਧਾਰ ਲਈ ਵੱਖ-ਵੱਖ ਲੀਡਰਾਂ ਨੂੰ ਇੱਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਲੰਦਨ ਬੁਲਾਇਆ। ਇਸ ਪਹਿਲੇ ਸੰਮੇਲਨ ਵਿੱਚ ਗਾਂਧੀ ਤੇ ਕਾਂਗਰਸ ਨੇ ਹਿੱਸਾ ਨਹੀਂ ਲਿਆ ਤੇ ਸੰਮੇਲਨ ਬੇਨਤੀਜਾ ਰਿਹਾ।
ਦੂਜੇ ਸੰਮੇਲਨ ਵਿੱਚ ਬਰਤਾਨਵੀ ਸਰਕਾਰ ਨੇ ਪਹਿਲੇ ਸੰਮੇਲਨ ਜਿਹੇ ਨਤੀਜੇ ਤੋਂ ਬਚਣ ਲਈ ਸੰਘਰਸ਼ ਦੀ ਥਾਂ ਗੱਲਬਾਤ ਦੇ ਰਾਹ ਚੱਲਣ ਦਾ ਫੈਸਲਾ ਕੀਤਾ। 17 ਫਰਵਰੀ, 1931 ਨੂੰ ਵਾਇਸਰਾਏ ਅਰਵਿੰਦ ਤੇ ਗਾਂਧੀ ਵਿਚਾਲੇ ਗੱਲਬਾਤ ਸ਼ੁਰੂ ਹੋਈ। ਇਸ ਮਗਰੋਂ 5 ਮਾਰਚ, 1931 ਨੂੰ ਦੋਵਾਂ ਵਿਚਾਸੇ ਸਮਝੌਤਾ ਹੋਇਆ। ਇਸ ਸਮਝੌਤੇ ਮੁਤਾਬਕ ਅਹਿੰਸਕ ਤਰੀਕੇ ਨਾਲ ਸੰਘਰਸ਼ ਦੌਰਾਨ ਫੜੇ ਗਏ ਸਾਰੇ ਕੈਦੀਆਂ ਨੂੰ ਤਾਂ ਰਿਹਾਅ ਕਰਨ ਦੀ ਗੱਲ ਹੋਈ, ਪਰ ਗਾਂਧੀ ਰਾਜਸੀ ਕਤਲ ਦੇ ਮਾਮਲੇ ਵਿੱਚ ਫਾਂਸੀ ਜੀ ਸਜ਼ਾ ਪਾਉਣ ਵਾਲੇ ਭਗਤ ਸਿੰਘ ਨੂੰ ਮੁਆਫ਼ੀ ਨਹੀਂ ਦੁਆ ਸਕੇ।
- ਫਾਂਸੀ ਮਗਰੋਂ ਹੋਰ ਭਖਿਆ ਵਿਵਾਦ
ਇੱਥੋ ਇਸ ਗੱਲ ਤੋਂ ਵੀ ਵਿਵਾਦ ਹੋਣ ਲੱਗਾ ਕਿ ਜਦ ਅੰਗਰੇਜ਼ ਸਰਕਾਰ ਸਾਡੇ ਨੌਜਵਾਨਾਂ ਨੂੰ ਫਾਂਸੀ ਦੇ ਰਹੀ ਹੈ ਤਾਂ ਗਾਂਧੀ ਸਰਕਾਰ ਨਾਲ ਸਮਝੌਤਾ ਕਿਵੇਂ ਕਰ ਸਕਦੇ ਹਨ? ਦੇਸ਼ ਵਿੱਚ ਇਸ ਮਸਲੇ ਨਾਲ ਸਬੰਧਿਤ ਕਈ ਪਰਚੇ ਵੰਡੇ ਜਾਣ ਲੱਗੇ। ਲੋਕ ਇਸ ਸਮਝੌਤੋ ਤੋਂ ਨਾਰਾਜ਼ ਸਨ ਤੇ ਲੋਕ ਸਭਾਵਾਂ ਵਿੱਚ ਗਾਂਧੀ ਦਾ ਵਿਰੋਧ ਹੋਣ ਲੱਗਾ। ਜਦੋੋਂ 23 ਮਾਰਚ ਨੂੰ ਭਗਤ ਸਿੰਘ ਸਣੇ 3 ਜਣਿਆਂ ਨੂੰ ਫਾਹੇ ਲਾਇਆ ਗਿਆ ਤਾਂ ਲੋਕਾਂ ਨੇ ਗਾਂਧੀ ਦਾ ਵਿਰੋਧ ਕੀਤਾ ਕਿ ਗਾਂਧੀ ਨੇ ਹਕੂਮਤ ਨੂੰ ਇਹ ਕਿਉਂ ਨਹੀਂ ਕਿਹਾ ਕਿ ਜੇ ਭਗਤ ਸਿੰਘ ਦੀ ਫਾਂਸੀ ਮੁਆਫ਼ ਨਹੀਂ, ਤਾਂ ਸਮਝੌਤਾ ਵੀ ਨਹੀਂ।
ਭਾਰਤੀ ਮੈਗਜ਼ੀਨ ਫਰੰਟਲਾਈਨ ਵਿੱਚ ਇੱਕ ਰਿਪੋਰਟ ਅਨੁਸਾਰ, ਉਨ੍ਹਾਂ 19 ਮਾਰਚ, 1931 ਨੂੰ ਨਿੱਜੀ ਦੌਰੇ ਸਮੇਤ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਮੌਤ ਦੀ ਸਜ਼ਾ ਨੂੰ ਬਦਲਣ ਲਈ ਕਈ ਵਾਰ ਬੇਨਤੀ ਕੀਤੀ ਸੀ। ਆਪਣੇ ਫੌਜੀ ਮੁਅੱਤਲ ਦੇ ਦਿਨ ਵਾਇਸਰਾਏ ਨੂੰ ਇੱਕ ਚਿੱਠੀ ਵਿੱਚ, ਉਨ੍ਹਾਂ ਨੇ ਫਾਂਸੀ ਦੇ ਫੈਸਲੇ ਵਿੱਚ ਬਦਲਾਅ ਲਈ ਗੰਭੀਰਤਾ ਨਾਲ ਬੇਨਤੀ ਕੀਤੀ, ਪਰ ਇਹ ਨਹੀਂ ਜਾਣਦੇ ਸੀ ਕਿ ਇਹ ਚਿੱਠੀ ਬਹੁਤ ਦੇਰ ਨਾਲ ਪਹੁੰਚੇਗੀ।
ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਕਿਉਂ ਨਹੀਂ ਦੇ ਰਹੀ ਭਾਰਤ ਸਰਕਾਰ?
ਇਹ ਬਹਿਸ ਵੀ ਚੱਲਦੀ ਰਹਿੰਦੀ ਹੈ ਕਿ ਭਗਤ ਸਿੰਘ, ਜਿਸ ਨੇ 23 ਸਾਲ ਦੀ ਉਮਰ ‘ਚ ਦੇਸ਼ ਲਈ ਜਾਨ ਦੇ ਦਿੱਤੀ ਉਸ ਨੂੰ ਬਾਕੀ ਆਜ਼ਾਦੀ ਗੁਲਾਟੀਆਂ ਦੀ ਤਰ੍ਹਾਂ ਪਹਿਲੀ ਪੰਗਤ ‘ਚ ਥਾਂ ਕਿਉਂ ਨਹੀਂ ਦਿੱਤੀ ਜਾਂਦੀ। ਖਾਸ ਤੌਰ ‘ਤੇ ਨਹਿਰੂ ਅਤੇ ਗਾਂਧੀ ਤੋਂ ਇਸ ਦੀ ਸ਼ਿਕਾਇਤ ਰਹੀ। ਕਿਹਾ ਜਾਂਦਾ ਹੈ ਕਿ ਦੋ ਆਜ਼ਾਦੀ ਸੈਨਾਨੀ ਇਤਿਹਾਸ ‘ਚ ਅਜਿਹੇ ਰਹੇ ਹਨ ਜਿਨ੍ਹਾਂ ਨੂੰ ਉਨ੍ਹਾਂ ਦਾ ਬਣਦੀ ਥਾਂ ਮਿਲਣੀ ਚਾਹੀਦੀ ਹੈ, ਇੱਕ ਭਗਤ ਸਿੰਘ ਅਤੇ ਦੂਜੇ ਸੁਭਾਸ਼ ਚੰਦਰ ਬੋਸ।
ਸਮੇਂ-ਸਮੇਂ ’ਤੇ ਭਾਰਤ ਸਰਕਾਰ ਮੰਗ ਉੱਠਦੀ ਹੈ ਕਿ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਕਿਉਂ ਨਹੀਂ ਦਿੱਤਾ ਜਾਂਦਾ। ਸਰਕਾਰ ਕੋਲੋਂ ਇਸ ਬਾਰੇ ਸਪੱਸ਼ਟੀਕਰਨ ਵੀ ਮੰਗਿਆ ਜਾਂਦਾ ਹੈ। ਦੇਸ਼ ਦਾ ਵੱਡਾ ਹਿੱਸਾ ਸ਼ਹੀਦ ਭਗਤ ਸਿੰਘ ਨੂੰ ਆਜ਼ਾਦੀ ਦੀ ਲੜਾਈ ਦਾ ਅਸਲ ਹੀਰੋ ਮੰਨਦਾ ਹੈ ਪਰ ਹੁਣ ਤੱਕ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ। ਇਹ ਮੰਗ ਵੀ ਲੰਮਾ ਸਮੇਂ ਤੋਂ ਚੱਲੀ ਆ ਰਹੀ ਹੈ ਪਰ ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਇਸ ਬਾਰੇ ਜਾਣਕਾਰੀ ਮੰਗਣ ’ਤੇ ਸੂਚਨਾ ਕਮਿਸ਼ਨ ਵੱਲੋਂ ਜਾਣਕਾਰੀ ਮਿਲੀ ਕਿ ਸਰਕਾਰ ਆਜ਼ਾਦੀ ਘੁਲਾਟੀਆਂ ਨੂੰ ਸੁਵਿਧਾਵਾਂ ਤੇ ਪੈਨਸ਼ਨ ਦਿੰਦੀ ਹੈ, ਪਰ ਕਾਨੂੰਨੀ ਮਜਬੂਰੀ ਤਹਿਤ ਭਗਤ ਸਿੰਘ ਜਿਹੇ ਇਨਕਲਾਬੀਆਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਦੇ ਵਾਰਸਾਂ ਨੂੰ ਕਿਸੇ ਕਿਸਮ ਦੀ ਵਿੱਤੀ ਮਦਦ ਦੀ ਗੱਲ ਤਾਂ ਪਾਸੇ ਹੀ ਰਹਿਣ ਦਿਓ।
ਪਾਕਿਸਤਾਨ ’ਚ ਸ਼ਹੀਦ ਭਗਤ ਸਿੰਘ ਨੂੰ ਵੱਡਾ ਮਾਣ
ਅੰਗਰੇਜਾਂ ਵੱਲੋਂ ਚਲਾਏ ਮੁਕੱਦਮੇ ਦੇ ਰਿਕਾਰਡ ਦੀ ਪ੍ਰਦਰਸ਼ਨੀ
ਸ਼ਹੀਦ ਭਗਤ ਸਿੰਘ ਭਾਰਤ ਹੀ ਨਹੀਂ, ਬਲਕਿ ਪਾਕਿਸਤਾਨ ਦੇ ਵੀ ਹੀਰੋ ਹਨ। ਗੁਆਂਢੀ ਮੁਲਕ ਵਿੱਚ ਮਾਰਚ, 2018 ’ਚ ਜਿੱਥੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ, ਉੱਥੇ ਉਨ੍ਹਾਂ ਵਿਰੁੱਧ ਅੰਗਰੇਜਾਂ ਵੱਲੋਂ ਚਲਾਏ ਮੁਕੱਦਮੇ ਦੇ ਰਿਕਾਰਡ ਦੀ ਪਹਿਲੀ ਵਾਰ ਪ੍ਰਦਰਸ਼ਨੀ ਲਾਈ ਗਈ ਜਿਸ ਵਿੱਚ 50 ਦੇ ਕਰੀਬ ਦਸਤਾਵੇਜ਼ ਤੇ ਅਖ਼ਬਾਰਾਂ ਪੇਸ਼ ਕੀਤੀਆਂ ਗਈਆਂ। ਤਕਰੀਬਨ 87 ਸਾਲ ਬਾਅਦ ਮੁਕੱਦਮੇ ਦੇ ਰਿਕਾਰਡ ਦੀ ਲਾਹੌਰ ਦੇ ਆਨਾਰਕਲੀ ਮਕਬਰੇ ਵਿੱਚ ਲਾਈ ਗਈ ਪ੍ਰਦਰਸ਼ਨੀ ਨੂੰ ਲੋਕਾਂ ਨੇ ਇੰਨਾ ਹੁੰਗਾਰਾ ਦਿੱਤਾ ਕਿ ਪ੍ਰਦਰਸ਼ਨੀ ਦਾ ਸਮਾਂ ਵੀ ਵਧਾਇਆ ਗਿਆ ਸੀ।
ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਅੰਗਰੇਜ਼ ਪੁਲਿਸ ਅਧਿਕਾਰੀ ਜੌਹਨ ਪੀ ਸਾਂਡਰਸ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਦੇ ਦੋਸ਼ ਵਿੱਚ ਫਾਂਸੀ ਦਿੱਤੀ ਗਈ ਸੀ। ਪਾਕਿਸਤਾਨ ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਅੱਬਾਸ ਚੁਗਤਾਈ ਮੁਤਾਬਕ ਉਨ੍ਹਾਂ ਨੇ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਸੁਖਦੇਵ ਤੇ ਰਾਜਗੁਰੂ ਨਾਲ ਸਬੰਧਤ ਸਾਰਾ ਰਿਕਾਰਡ ਪ੍ਰਦਰਸ਼ਿਤ ਕੀਤਾ ਸੀ। ਭਗਤ ਸਿੰਘ ਵਿਰੁੱਧ ਚਲਾਏ ਮੁਕੱਦਮੇ ਨੂੰ ‘ਲਾਹੌਰ ਸਾਜਿਸ਼ ਕੇਸ’ ਵਜੋਂ ਜਾਣਿਆਂ ਜਾਂਦਾ ਹੈ।
‘ਭਗਤ ਸਿੰਘ ਚੌਕ’ ਦੀ ਸ਼ੁਰੂਆਤ
ਪਿਛਲੇ ਸਾਲ ਪਾਕਿਸਤਾਨ ਦੇ ਲਾਹੌਰ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ 88ਵਾਂ ਸ਼ਹੀਦੀ ਸਮਾਗਮ ਮੌਕੇ, ਇਨ੍ਹਾਂ ਦੇ ਸ਼ਹੀਦੀ ਸਥਾਨ ‘ਸ਼ਾਦਮਾਨ ਚੌਕ’ ਦਾ ਨਾਂ ਬਦਲ ਕੇ ‘ਭਗਤ ਸਿੰਘ ਚੌਕ’ ਰੱਖਿਆ ਗਿਆ। ਇਸ ਦੇ ਨਾਲ ਹੀ ਲਾਹੌਰ ਪ੍ਰਸ਼ਾਸਨ ਵੱਲੋਂ ਭਗਤ ਸਿੰਘ ਨੂੰ ‘ਕ੍ਰਾਂਤੀਕਾਰੀ ਨੇਤਾ’ ਵੀ ਕਰਾਰ ਦਿੱਤਾ ਗਿਆ। ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਦੀ ਪਹਿਲ ਸਦਕਾ ਸ਼ਾਦਮਾਨ ਚੌਕ ’ਤੇ ਹਰ ਸਾਲ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ। ਯਾਦ ਰਹੇ ਸ਼ਾਦਮਾਨ ਚੌਕ (ਹੁਣ ਭਗਤ ਸਿੰਘ ਚੌਕ) ਉਹੀ ਥਾਂ ਹੈ ਜਿੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਅੰਗਰੇਜ਼ਾਂ ਵੱਲੋਂ 23 ਮਾਰਚ, 1931 ਨੂੰ ਫਾਂਸੀ ਦਿੱਤੀ ਗਈ ਸੀ।