‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪਰਿਵਰਤਨ ਦੀਆਂ ਘਟਨਾਵਾਂ ਨੂੰ ਰੋਕਣ ਲਈ ‘ਘਰਿ ਘਰਿ ਅੰਦਰਿ ਧਰਮਸਾਲ’ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਪਿੰਡਾਂ ਵਿੱਚ ਸਾਡੀਆਂ ਟੀਮਾਂ ਪਿੰਡਾਂ ਦੇ ਘਰ-ਘਰ ਵਿੱਚ ਜਾ ਕੇ ਸਿੱਖ ਇਤਿਹਾਸ ਸਬੰਧੀ ਇਸ਼ਤਿਹਾਰ ਵੰਡਦੀਆਂ ਹਨ ਅਤੇ ਫਿਰ ਘਰ-ਘਰ ਸੁਨੇਹਾ ਦਿੱਤਾ ਜਾਂਦਾ ਹੈ ਕਿ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਸਮੇਤ ਉਹ ਵੀ ਹਾਜ਼ਰੀ ਭਰਨ। ਅਸੀਂ ਹਰੇਕ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸੱਤ ਦਿਨਾਂ ਦਾ ਪ੍ਰੋਗਰਾਮ ਕਰਦੇ ਹਾਂ, ਜਿਸ ਵਿੱਚ ਬਾਣੀ ਕੰਠ ਕਰਵਾਈ ਜਾਂਦੀ ਹੈ, ਸਿੱਖ ਧਰਮ ਦਾ ਮੁੱਢਲਾ ਇਤਿਹਾਸ ਦੱਸਿਆ ਜਾਂਦਾ ਹੈ। ਸੱਤ ਦਿਮ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਸਥਾਨਕ ਗੁਰਦੁਆਰਾ ਦੇ ਗ੍ਰੰਥੀ, ਰਾਗੀ ਸਿੰਘਾਂ ਜਾਂ ਫਿਰ ਉੱਥੋਂ ਦੇ ਪ੍ਰਚਾਰਕਾਂ ਨੂੰ ਬਾਕੀ ਬਾਣੀ ਕੰਠ ਕਰਵਾਉਣ ਦੀ ਜ਼ਿੰਮੇਵਾਰੀ ਲਾ ਕੇ ਜਾਂਦੇ ਹਾਂ। ਸਾਨੂੰ ਖੁਸ਼ੀ ਹੈ ਕਿ ਸਾਰੇ ਗ੍ਰੰਥੀ ਸਾਡਾ ਪੂਰਾ ਸਹਿਯੋਗ ਦੇ ਰਹੇ ਹਨ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਵਿਖੇ ਅੰਮ੍ਰਿਤ ਵੇਲੇ ਵੀ ਪੂਰਾ ਇਕੱਠ ਹੁੰਦਾ ਹੈ ਅਤੇ ਦੁਪਹਿਰ ਵੇਲੇ ਕਲਾਸਾਂ ਲੱਗਦੀਆਂ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਕਦੇ ਵੀ ਆਪਣਾ ਧਰਮ ਪਰਿਵਰਤਨ ਨਹੀਂ ਕਰ ਸਕਦਾ। ਸਿੱਖ ਕਦੇ ਵੀ ਆਪਣੇ ਧਰਮ ਨੂੰ ਆਂਚ ਨਹੀਂ ਆਉਣ ਦਿੰਦਾ। ਸਿੱਖ ਇੰਨਾ ਕੱਚਾ ਨਹੀਂ ਜੋ ਕਿਸੇ ਲਾਲਚ ਵਿੱਚ ਆ ਕੇ ਆਪਣਾ ਧਰਮ ਛੱਡ ਦੇਵੇ। ਦਰਅਸਲ, ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਸਿੱਖ ਵਿਅਕਤੀ ਵੱਲੋਂ ਸ਼ਰੇਆਮ ਆਪਣਾ ਧਰਮ ਪਰਿਵਰਤਨ ਕੀਤਾ ਗਿਆ ਸੀ, ਜਿਸਦੀ ਲੋਕਾਂ ਨੇ ਖੂਬ ਆਲੋਚਨਾ ਕੀਤੀ।
ਬੀਬੀ ਜਗੀਰ ਕੌਰ ਨੇ ਮੇਘਾਲਿਆ ਦੇ ਸ਼ਲੌਂਗ ਵਿੱਚ ਸਿੱਖਾਂ ‘ਤੇ ਆਏ ਸੰਕਟ ‘ਤੇ ਵੀ ਆਪਣੀ ਚਿੰਤਾ ਜਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਉੱਥੋਂ ਦੀ ਸਰਕਾਰ ਨੂੰ ਚਿੱਠੀ ਲਿਖ ਰਹੇ ਹਾਂ। ਦੋ ਹਸਪਤਾਲ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਮ ‘ਤੇ ਸ਼ੁਰੂ ਕਰਾਂਗੇ।