Punjab

SGPC ਦਾ 9 ਅਰਬ 81 ਕਰੋੜ 94 ਲੱਖ ਰੁਪਏ ਦਾ ਸਾਲਾਨਾ ਬਜਟ ਪਾਸ

‘ਦ ਖ਼ਾਲਸ ਬਿਊਰੋ:- ਜ਼ਬਰਦਸਤ ਹੰਗਾਮੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਪਾਸ ਹੋ ਗਿਆ ਹੈ।  ਕੋਰੋਨਾ ਮਹਾਂਮਾਰੀ ਕਰਕੇ ਸ਼ਰਧਾਲੂਆਂ ਦੀ ਗੁਰਦੁਆਰਿਆਂ ’ਚ ਆਮਦ ਘਟਣ ਨਾਲ ਗੁਰਦੁਆਰਿਆਂ ਦੀ ਗੋਲਕ ’ਤੇ ਪਏ ਅਸਰ ਕਰਕੇ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਸਵਾਰ ਸਾਢੇ ਅਠਾਰਾਂ ਫ਼ੀਸਦ ਘੱਟ ਗਿਆ ਹੈ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਅੱਜ ਪੇਸ਼ ਕੀਤੇ ਗਏ ਸਾਲਾਨਾ ਬਜਟ ਵਿੱਚ ਵਿੱਤੀ ਸਾਲ 2020-21 ਵਾਸਤੇ 9 ਅਰਬ 81 ਕਰੋੜ 94 ਲੱਖ ਰੁਪਏ ਦੀ ਅਨੁਮਾਨਤ ਰਕਮ ਪੇਸ਼ ਕੀਤੀ ਗਈ ਸੀ, ਹਾਲਾਂਕਿ ਅਨੁਮਾਨਤ ਆਮਦਨ ਛੇ ਅਰਬ 65 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ।

ਇਸ ਘਾਟੇ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਆਪਣੀਆਂ ਬੱਚਤਾਂ ਦੀ ਵਰਤੋਂ ਕੀਤੀ ਜਾਵੇਗੀ। ਇਹ ਬਜਟ ਪਿਛਲੇ ਸਾਲ ਨਾਲੋਂ ਸਾਢੇ ਅਠਾਰਾਂ ਫ਼ੀਸਦ ਘੱਟ ਹੈ। ਪਿਛਲੇ ਸਾਲ ਲਗਪਗ 12 ਅਰਬ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ। ਬਜਟ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਆਪਣੀ ਗੱਲ ਸਾਹਮਣੇ ਰੱਖਣ ਲਈ ਰੌਲਾ-ਰੱਪਾ ਵੀ ਪਾਇਆ ਗਿਆ, ਜਿਨ੍ਹਾਂ ਨੂੰ ਮਗਰੋਂ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਗਿਆ।

ਲੋਕ ਇੰਨਸਾਫ ਪਾਰਟੀ ਦੇ ਲੀਡਰ ਅਤੇ SGPC ਮੈਂਬਰ ਬਲਵਿੰਦਰ ਸਿੰਘ ਬੈਂਸ ਅਤੇ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੇਵਾ ਸਿੰਘ ਸੇਖਵਾਂ ਵੱਲੋਂ ਇਹ ਹੰਗਾਮਾ ਕੀਤਾ ਗਿਆ ਸੀ ਅਤੇ ਲਾਪਤਾ ਹੋਏ 328 ਪਾਵਨ ਸਰੂਪਾਂ ਦੀ ਪੂਰੀ ਜਾਣਕਾਰੀ ਉਨ੍ਹਾਂ ਤੱਕ ਪਹੁੰਚਾਏ ਜਾਣ ਦੀ ਮੰਗ ਕੀਤੀ।  SGPC ਦੇ ਦਫਤਰ ਦੇ ਬਾਹਰ ਵੀ ਸਿੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਕੋਰੋਨਾ ਮਹਾਂਮਾਰੀ ਕਾਰਨ ਇਸ ਵਾਰ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਮਾਰਚ ਮਹੀਨੇ ਵਿੱਚ ਪੇਸ਼ ਨਹੀਂ ਹੋ ਸਕਿਆ ਸੀ।