ਬਠਿੰਡਾ ਦੇ ਪਰਸਰਾਮ ਨਗਰ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਦਰ ਵਿਦਿਆਰਥੀਆਂ ਦੇ ਕੜੇ ਉਤਾਰਨ ਦਾ ਵੀਡੀਓ ਵਾਇਰਲ ਹੋਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂਚ ਟੀਮ ਭੇਜੀ ਗਈ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ’ਤੇ ਧਰਮ ਪ੍ਰਚਾਰ ਕੇਂਦਰ ਤਲਵੰਡੀ ਸਾਬੋ ਦੇ ਇੰਚਾਰਜ ਜਗਪਾਲ ਸਿੰਘ, ਪ੍ਰਚਾਰਕ ਭਾਈ ਨਿਰਭੈ ਸਿੰਘ, ਭਾਈ ਅਮਰੀਕ ਸਿੰਘ ਤੇ ਭਾਈ ਹਰਦੀਪ ਸਿੰਘ ਨੂੰ ਸਥਾਨਕ ਸਕੂਲ ਵਿਖੇ ਜਾ ਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸਿੱਖ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ, ਕਿਉਂਕਿ ਜਦੋਂ ਵੀ ਕਕਾਰਾਂ ਨਾਲ ਸਬੰਧਿਤ ਕੋਈ ਅਜਿਹਾ ਮਾਮਲਾ ਆਉਂਦਾ ਹੈ ਤਾਂ ਸੰਗਤਾਂ ਅੰਦਰ ਰੋਸ ਫੈਲਣਾ ਕੁਦਰਤੀ ਹੈ। ਬਠਿੰਡਾ ਦੇ ਸਕੂਲ ਵੱਲੋਂ ਵਿਦਿਆਰਥੀਆਂ ਦੇ ਕੜੇ ਉਤਾਰਨ ਦੀ ਸੰਜੀਦਗੀ ਨੂੰ ਦੇਖਦਿਆਂ ਰਿਪੋਰਟ ਲਈ ਜਾ ਰਹੀ ਹੈ, ਜਿਸ ਮਗਰੋਂ ਅਗਲੀ ਵਿਚਾਰ ਕੀਤੀ ਜਾਵੇਗੀ।
ਸਕੂਲ ਦੀ ਇੱਕ ਵੀਡੀਓ ਬੀਤੇ ਦਿਨ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਸਕੂਲ ਦਾ ਇੱਕ ਸੁਰੱਖਿਆ ਗਾਰਡ ਆਪਣੇ ਹੱਥ ਵਿੱਚ ਰੱਸੀ ਨਾਲ ਬੰਨ੍ਹੇ ਸੈਂਕੜੇ ਕੜੇ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ। ਵੀਡੀਓ ਬਣਾਉਣ ਵਾਲੇ ਨੇ ਇਹ ਦਾਅਵਾ ਕੀਤਾ ਹੈ ਕਿ ਸਿੱਖ ਬੱਚਿਆਂ ਦੇ ਕੜੇ ਲੁਹਾਏ ਜਾ ਰਹੇ ਹਨ। ਇਹ ਵੀਡੀਓ ਵਾਇਰਲ ਹੋਣ ‘ਤੇ ਹੰਗਾਮਾ ਸ਼ੁਰੂ ਹੋ ਗਿਆ।
ਦੂਜੇ ਬੰਨੇ ਡੀਈਓ ਨੇ ਸਕੂਲ ਦੇ ਮੁੱਖ ਅਧਿਆਪਕ ਨੂੰ ਕਾਰਨ ਨੋਟਿਸ ਜਾਰੀ ਕੀਤਾ ਗਿਆ ਹੈ। ਵਾਇਰਲ ਵੀਡੀਓ ਤੋਂ ਬਾਅਦ ਸਕੂਲ ਦੇ ਮੁੱਖ ਅਧਿਆਪਕ ਗੁਰਮੇਲ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਜੋ ਵੀ ਵੀਡੀਓ ਵਾਇਰਲ ਹੋ ਰਹੀ ਹੈ, ਇਹ ਵੀਡੀਓ ਬਿਨਾਂ ਕਿਸੇ ਕਾਰਨ ਦੇ ਹੈ। ਮੈਂ ਖ਼ੁਦ ਸਿੱਖ ਧਰਮ ਨਾਲ ਸਬੰਧਿਤ ਹਾਂ। ਸਾਡੇ ਸਕੂਲ ਦਾ ਸਟਾਫ਼ ਸਿੱਖ ਧਰਮ ਨਾਲ ਸਬੰਧਿਤ ਹੈ, ਸਾਡੇ ਸਕੂਲ ਵਿੱਚ 2500 ਤੋਂ ਵੱਧ ਵਿਦਿਆਰਥੀ ਹਨ, ਅਜਿਹਾ ਕਦੇ ਨਹੀਂ ਹੋਇਆ।