Punjab

SGPC ਪ੍ਰਧਾਨ ਧਾਮੀ ਦਾ ਸੀਐੱਮ ਮਾਨ ਨੂੰ ਜਵਾਬ

SGPC President Dhami's reply to CM MANN

ਚੰਡੀਗੜ੍ਹ : ਸੂਬੇ ਜਲੰਧਰ ਜਿਮਨੀ ਚੋਣ ਲਈ ਸਿਆਸੀ ਮੈਦਾਨ ਭਖਿਆ ਹੋਇਆ ਹੈ। ਸਾਰੀਆਂ ਸਿਆਸੀ ਧਿਰਾਂ ਨੇ ਜਿੱਤ ਲਈ ਆਪੋ-ਆਪਣਾ ਜ਼ੋਰ ਲਾਇਆ ਹੋਇਆ ਹੈ। ਇਸ ਦੌਰਾਨ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਅਕਾਲੀ ਦਲ ਬਾਦਲ ਦੇ ਹੱਕ ਪ੍ਰਚਾਰ ਉਤੇ ਤਿੱਖੇ ਸਵਾਲ ਕੀਤੇ ਸਨ।

ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਵਾਬ ਦਿੱਤਾ ਗਿਆ ਹੈ। ਧਾਮੀ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲਿਆਂ ਉੱਤੇ ਗੱਲ ਕਰਨ ਦਾ ਹੱਕ ਭਗਵੰਤ ਮਾਨ ਜੀ, ਤੁਹਾਨੂੰ ਨਹੀਂ ਹੈ।

ਮੁੱਖ ਮੰਤਰੀ ਜੀ, ਹਾਲ ਹੀ ਵਿੱਚ ਵਾਪਰੀ ਮੋਰਿੰਡੇ ਦੀ ਬੇਅਦਬੀ ਦੀ ਘਟਨਾ ਦੇ ਦੋਸ਼ ਤੋਂ ਤੁਸੀਂ ਆਪਣੇ ਆਪ ਨੂੰ ਕਿਵੇਂ ਮੁਕਤ ਕਰ ਸਕਦੇ ਹੋ। ਹੋਰ ਵੀ ਕਈ ਬੇਅਦਬੀ ਘਟਨਾਵਾਂ ਤੁਹਾਡੀ ਸਰਕਾਰ ਦੇ ਹੁੰਦਿਆਂ ਹੋਈਆਂ ਹਨ। ਹਾਂ, ਇਹ ਘਟਨਾਵਾਂ ਸਾਰੇ ਸਿੱਖਾਂ ਨੂੰ ਦੁੱਖ ਦਿੰਦੀਆਂ ਹਨ, ਇਹ ਨਹੀਂ ਵਾਪਰਨੀਆਂ ਚਾਹੀਦੀਆਂ ਪਰ ਇਸ ਉੱਤੇ ਰਾਜਨੀਤੀ ਕਰਨੀ ਵੀ ਗੁਨਾਹ ਹੈ। ਰਹੀ ਗੱਲ ਚੋਣ ਪ੍ਰਚਾਰ ਦੀ, ਆਪਣੀ ਪਾਰਟੀ ਦਾ ਪ੍ਰਚਾਰ ਕਰਨਾ ਸਭ ਦਾ ਸੰਵਿਧਾਨਿਕ ਹੱਕ ਹੈ। ਭਗਵੰਤ ਸਿੰਘ ਮਾਨ, ਤੁਹਾਨੂੰ ਪੰਜਾਬ ਦੇ ਸਰੋਕਾਰਾਂ, ਹੱਕਾਂ, ਹਿੱਤਾਂ ਵੱਲ ਸੋਚਣਾ ਚਾਹੀਦਾ ਹੈ, ਜਿਸ ਤੋਂ ਕਿ ਤੁਸੀਂ ਮੂੰਹ ਮੋੜੀ ਬੈਠੇ ਹੋ।

ਦੱਸ ਦਈਏ ਕਿ ਲੰਘੇ ਕੱਲ੍ਹ  ਮੁੱਖ ਮੰਤਰੀ ਮਾਨ ਨੇ ਸਵਾਲ ਕਰਦਿਆਂ ਕਿਹਾ ਕਿ ਸੀ ਜਿਸ ਪਾਰਟੀ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਲੱਗੇ ਹੋਣ ਉਸ ਪਾਰਟੀ ਦੇ ਹੱਕ ਵਿੱਚ SGPC ਦੇ ਵੱਲੋਂ ਚੋਣ ਪ੍ਰਚਾਰ ਕਰਨਾ ਕਿੰਨਾ ਕੁ ਸਹੀ ਹੈ।

ਇਸ ਸਬੰਧੀ ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ  ਸੀ ਕਿ ‘ਇੱਕ ਅਜਿਹੀ ਰਾਜਨੀਤਕ ਪਾਰਟੀ ਜਿਸ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਲਜ਼ਾਮ ਲੱਗਦੇ ਹਨ, ਉਸ ਪਾਰਟੀ ਦੇ ਹੱਕ ‘ਚ SGPC ਦੇ ਪ੍ਰਧਾਨ ਦੁਆਰਾ ਵੋਟਾਂ ਦਾ ਪ੍ਰਚਾਰ ਕਰਨਾ ਕਿੰਨਾ ਕੁ ਜਾਇਜ਼ ਹੈ ?  ਕੀ ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਹੀਂ ?

ਇਸ ਮਾਮਲੇ ਵਿੱਚ SGPC ਨੇ ਸੀਐੱਮ ਮਾਨ ਨੂੰ ਜਵਾਬ ਵੀ ਦੇ ਦਿੱਤਾ ਸੀ । ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ  ਸੀ ਕਿ ਰੁਤਬੇ ਮੁਤਾਬਕ ਗੱਲ ਕਰਨੀ ਚਾਹੀਦੀ ਹੈ। ਜਿਹੜੀ ਪਾਰਟੀ ਵਾਅਦੇ ਕਰਕੇ ਮੁੱਕਰ ਜਾਂਦੀ ਹੈ, ਪ੍ਰੋ. ਭੁੱਲਰ ਦੀ ਰਿਹਾਈ ਲਈ ਸਿਰਫ਼ ਇੱਕ ਦਸਤਖ਼ਤ ਨਹੀਂ ਕਰ ਰਹੀ, ਸਿੱਖ ਨੌਜਵਾਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਪਹੁੰਚਾਇਆ, ਕੀ ਧਾਮੀ ਸਾਹਿਬ ਉਸ ਪਾਰਟੀ ਲਈ ਪ੍ਰਚਾਰ ਕਰਨ ? ਇਸ ਗੱਲ ਦਾ ਜਵਾਬ ਇਹ ਸਾਨੂੰ ਦੇਣ। ਧਾਮੀ ਨੂੰ ਸਮਝਾਉਣ ਦੀ ਲੋੜ ਨਹੀਂ ਹੈ, ਉਹ ਬਹੁਤ ਸੁਲਝੇ ਹੋਏ ਹਨ। ਕਦੇ ਦੇਖਿਆ ਹੈ ਕਿ SGPC ਦੀ ਗੱਡੀ ਕਿਸੇ ਰਾਜਨੀਤਿਕ ਮਕਸਦ ਲਈ ਵਰਤੀ ਗਈ ਹੋਵੇ। ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਲਈ ਪ੍ਰਚਾਰ ਕਰਨਾ ਕੀ ਕੋਈ ਗੁਨਾਹ ਹੈ ?