The Khalas Tv Blog Punjab ਡਿਬਰੂਗੜ੍ਹ ਜੇਲ੍ਹ ’ਚ ਬੰਦ ਅੱਠ ਨੌਜੁਆਨ ਚੜ੍ਹਦੀ ਕਲਾ ਵਿਚ ਹਨ : SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ
Punjab

ਡਿਬਰੂਗੜ੍ਹ ਜੇਲ੍ਹ ’ਚ ਬੰਦ ਅੱਠ ਨੌਜੁਆਨ ਚੜ੍ਹਦੀ ਕਲਾ ਵਿਚ ਹਨ : SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ

SGPC legal delegation, detained Punjab youths, Dibrugarh, ਸ਼੍ਰੋਮਣੀ ਕਮੇਟੀ , ਕਾਨੂੰਨੀ ਵਫ਼ਦ, ਡਿਬਰੂਗੜ੍ਹ , ਸਿੱਖ ਨੌਜਵਾਨ, ਪੰਜਾਬ ਨਿਊਜ਼

ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਵਫ਼ਦ ਨੇ ਡਿਬਰੂਗੜ੍ਹ ਵਿਖੇ ਨਜ਼ਰਬੰਦ ਨੌਜੁਆਨਾਂ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ : ਬੀਤੇ ਦਿਨਾਂ ਅੰਦਰ ਪੰਜਾਬ ਵਿੱਚੋਂ ਗ੍ਰਿਫ਼ਤਾਰ ਕਰਕੇ ਅਸਾਮ ਦੇ ਡਿਬਰੂਗੜ੍ਹ(Dibrugarh) ਵਿਖੇ ਜੇਲ੍ਹ ਵਿਚ ਬੰਦ ਕੀਤੇ ਗਏ ਨੌਜੁਆਨਾਂ ਦੇ ਕੇਸਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(SGPC )ਨੇ ਪੈਰਵਾਈ ਆਰੰਭ ਦਿੱਤੀ ਹੈ। ਇਸ ਸਬੰਧ ਵਿਚ ਡਿਬਰੂਗੜ੍ਹ ਪੁੱਜੇ ਸ਼੍ਰੋਮਣੀ ਕਮੇਟੀ ਦੇ ਵਕੀਲਾਂ ਵੱਲੋਂ ਜਿਥੇ ਬੀਤੇ ਦਿਨ ਅੱਠ ਨੌਜੁਆਨਾਂ ਨਾਲ ਜੇਲ੍ਹ ਵਿਚ ਮੁਲਾਕਾਤ ਕੀਤੀ ਗਈ, ਉਥੇ ਹੀ ਜੇਲ੍ਹ ਪ੍ਰਸ਼ਾਸਨ ਪਾਸੋਂ ਇਨ੍ਹਾਂ ਦੇ ਕੇਸਾਂ ਸਬੰਧੀ ਜ਼ਰੂਰੀ ਦਸਤਾਵੇਜ਼ ਵੀ ਪ੍ਰਾਪਤ ਕੀਤੇ ਗਏ ਹਨ।

ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਅਗਵਾਈ ਵਿਚ ਅਸਾਮ ਗਏ ਵਫ਼ਦ ’ਚ ਐਡਵੋਕੇਟ ਮਨਦੀਪ ਸਿੰਘ ਸਿੱਧੂ ਅਤੇ ਐਡਵੋਕੇਟ ਰੋਹਿਤ ਸ਼ਰਮਾ ਸ਼ਾਮਲ ਹਨ।

ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਹੋਏ ਆਦੇਸ਼ ਅਨੁਸਾਰ ਡਿਬਰੂਗੜ੍ਹ ਵਿਖੇ ਕੌਮੀ ਸੁਰੱਖਿਆ ਕਾਨੂੰਨ ਤਹਿਤ ਕੈਦ ਕੀਤੇ ਨੌਜੁਆਨਾਂ ਦੇ ਕੇਸਾਂ ਦੀ ਪੈਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਮਾਹਿਰ ਸਥਾਨਕ ਪੱਧਰ ’ਤੇ ਜਾ ਕੇ ਆਪਣਾ ਕੰਮ ਸ਼ੁਰੂ ਕਰ ਚੁੱਕੇ ਹਨ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਡਿਬਰੂਗੜ੍ਹ ਵਿਖੇ ਅੱਠ ਨੌਜੁਆਨ ਨਜ਼ਰਬੰਦ ਹਨ, ਜਿਨ੍ਹਾਂ ਨੂੰ ਕਾਨੂੰਨੀ ਮੱਦਦ ਦਿੱਤੀ ਜਾ ਰਹੀ ਹੈ। ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਲੀਗਲ ਟੀਮ ਨੇ ਬੰਦੀ ਨੌਜੁਆਨਾਂ ਅਤੇ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਨਾਲ ਮੁਲਾਕਾਤ ਕਰਕੇ ਅਗਲੀ ਕਾਰਵਾਈ ਦੀ ਤਿਆਰੀ ਕਰ ਲਈ ਹੈ।

ਇਸੇ ਦੌਰਾਨ ਅਸਾਮ ਤੋਂ ਗੱਲਬਾਤ ਕਰਦਿਆਂ ਐਡਵੋਕੇਟ ਸਿਆਲਕਾ ਨੇ ਦੱਸਿਆ ਹੈ ਕਿ ਡਿਬਰੂਗੜ੍ਹ ਜੇਲ੍ਹ ’ਚ ਬੰਦ ਅੱਠ ਨੌਜੁਆਨ ਚੜ੍ਹਦੀ ਕਲਾ ਵਿਚ ਹਨ। ਉਨ੍ਹਾਂ ਦੱਸਿਆ ਕਿ ਨਜ਼ਰਬੰਦ ਕੀਤੇ ਅੱਠ ਨੌਜੁਆਨਾਂ ਨਾਲ ਮੁਲਾਕਾਤ ਕਰਨ ਲਈ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਨੂੰ ਅਰਜੀ ਦਰਜ ਕਰਨ ਵਿਚ ਸਥਾਨਕ ਵਕੀਲਾਂ ਸਮੇਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਡਿਬਰੂਗੜ੍ਹ ਬਾਰ ਐਸੋਸੀਏਸ਼ਨ ਨੇ ਸ਼੍ਰੋਮਣੀ ਕਮੇਟੀ ਦੀ ਕਾਨੂੰਨੀ ਟੀਮ ਦਾ ਸਹਿਯੋਗ ਕੀਤਾ ਹੈ।

ਐਡਵੋਕੇਟ ਮਨਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਨਜ਼ਰਬੰਦ ਕੀਤੇ ਗਏ ਨੌਜੁਆਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਆਰਡਰ ਅਤੇ ਹੋਰ ਲੋੜੀਂਦੇ ਦਸਤਾਵੇਜ਼ ਸ਼੍ਰੋਮਣੀ ਕਮੇਟੀ ਦੀ ਕਾਨੂੰਨੀ ਟੀਮ ਨੂੰ ਮੁਹੱਈਆ ਕਰਵਾ ਦਿੱਤੇ ਗਏ ਹਨ, ਜਿਸ ਤਹਿਤ ਅਗਲੀ ਕਾਨੂੰਨੀ ਪੈਰਵਾਈ ਜਾਰੀ ਰੱਖੀ ਜਾਵੇਗੀ।

Exit mobile version