Punjab

ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ‘ਤੇ SGPC ਦੀ ਸਖਤੀ ! ਜੇਕਰ ਇਹ ਕੰਮ ਮੁੜ ਕੀਤਾ ਤਾਂ ਸਖਤ ਕਾਰਵਾਈ ਹੋਵੇਗੀ !

 

ਬਿਉਰੋ ਰਿਪੋਰਟ : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਗੀ ਸਿੰਘਾਂ ਨੂੰ ਇੱਕ ਵੱਡਾ ਅਤੇ ਅਹਿਮ ਆਦੇਸ਼ ਜਾਰੀ ਕੀਤਾ ਹੈ । ਜੇਕਰ ਰਾਗੀਆਂ ਨੇ ਇਸ ਨੂੰ ਨਾ ਮੰਨਿਆ ਤਾਂ ਉਨ੍ਹਾਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ । ਕਮੇਟੀ ਵੱਲੋਂ ਨਿਰਦੇਸ਼ ਦਿੱਤਾ ਗਿਆ ਹੈ ਕਿ ਡਿਊਟੀ ਸਮੇਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦਾ ਪ੍ਰਸਾਰਣ ਉਹ ਆਪਣੇ ਨਿੱਜੀ ਚੈਨਲਾਂ ‘ਤੇ ਨਾ ਚਲਾਉਣ। ਸ੍ਰੋਮਣੀ ਕਮੇਟੀ ਦੇ ਸਕੱਤਰ ਵੱਲੋਂ ਰਾਗੀ ਸਿੰਘਾਂ ਦੇ ਨਾਂ ਇਹ ਨੋਟਿਸ ਜਾਰੀ ਕੀਤਾ ਹੈ ।

ਸ੍ਰੋਮਣੀ ਕਮੇਟੀ ਮੁਤਾਬਿਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘ ਯੂ-ਟਿਊਬ ਅਤੇ ਵੈੱਬ ਚੈਨਲ ਤੋਂ ਆਪਣੀ ਡਿਊਟੀ ਸਮੇਂ ਦੇ ਕੀਰਤਨ ਪ੍ਰਸਾਰਣ ਦਾ ਲਿੰਕ ਆਪਣੇ ਨਿੱਜੀ ਚੈਨਲ ‘ਤੇ ਪਾਕੇ ਵਿਊ ਵਧਾ ਰਹੇ ਹਨ। ਇਸ ਨਾਲ ਕਾਪੀ ਰਾਈਟ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ । ਸ੍ਰੋਮਣੀ ਕਮੇਟੀ ਨੇ ਕਿਹਾ ਜੇਕਰ ਅੱਗੋਂ ਤੋਂ ਅਜਿਹਾ ਹੋਇਆ ਤਾਂ ਸਖਤ ਕਾਰਵਾਈ ਦੇ ਲਈ ਤਿਆਰ ਰਹਿਣ ਰਾਗੀ ਸਿੰਘ। SGPC ਦੀ IT ਵਿੰਗ ਦੀ ਰਿਪੋਰਟ ਤੋਂ ਬਾਅਦ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ।

SGPC ਦੇ ਮੁਤਾਬਿਕ ਰਾਗੀ ਸਿੰਘ ਕਮੇਟੀ ਦੇ ਯੂ-ਟਿਉਬ ਚੈਨਲ ਨੂੰ ਸ਼ੇਅਰ ਕਰ ਸਕਦੇ ਹਨ ਪਰ ਆਪਣੇ ਨਿੱਜੀ ਚੈਨਲ ‘ਤੇ ਲਿੰਕ ਨਹੀਂ ਪਾ ਸਕਦੇ ਹਨ । 23 ਜੁਲਾਈ 2023 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਯੂ-ਟਿਊਬ ਚੈਨਲ ਦੀ ਸ਼ੁਰੂਆਤ ਕੀਤੀ ਗਈ ਸੀ । ਜਦੋਂ PTC ਨੇ ਵੀ ਯੂ-ਟਿਊਬ ‘ਤੇ ਅਗਲੇ ਦਿਨ ਲਿੰਕ ਸ਼ੇਅਰ ਕੀਤਾ ਸੀ ਤਾਂ ਵਿਵਾਦ ਤੋਂ ਬਾਅਦ ਉਨ੍ਹਾਂ ਨੇ ਇਸ ਵਿੱਚ ਸੁਧਾਰ ਕਰਕੇ ਇਸ ਨੂੰ ਬੰਦ ਕਰ ਦਿੱਤਾ ਸੀ । SGPC ਜਲਦ ਹੀ ਆਪਣਾ ਟੀਵੀ ਸੈਟਲਾਇਟ ਚੈਨਲ ਲੈਕੇ ਆ ਰਹੀ ਹੈ ਇਸ ਦੇ ਲਈ ਕਮੇਟੀ ਵੱਲੋਂ ਕੇਂਦਰੀ ਸੂਚਨਾ ਮੰਤਾਰਾਲਾ ਨੂੰ ਦਰਖਾਸਤ ਵੀ ਦਿੱਤੀ ਗਈ ਹੈ। ਚੈਨਲ ਨੂੰ ਸ਼ੁਰੂ ਹੋਣ ਦੇ ਲਈ ਸਮਾਂ ਲੱਗੇਗਾ ਇਸੇ ਲਈ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਦੀ ਅਪੀਲ ਤੋਂ ਬਾਅਦ PTC ਨੇ ਉੱਦੋਂ ਤੱਕ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸਾਸਨ ਜਾਰੀ ਰੱਖਣ ਦਾ ਫੈਸਲਾ ਲਿਆ ਹੈ ਜਦੋਂ ਤੱਕ SGPC ਦਾ ਆਪਣਾ ਨਵਾਂ ਸੈਟਲਾਇਟ ਚੈਨਲ ਸ਼ੁਰੂ ਨਹੀਂ ਹੋ ਜਾਂਦਾ ਹੈ ।

ਪੰਜਾਬ ਸਰਕਾਰ ਵੱਲੋਂ ਜਦੋਂ 20 ਜੂਨ ਨੂੰ ਵਿਧਾਨਸਭਾ ਦੇ ਅੰਦਰ ਗੁਰਦੁਆਰਾ ਸੋਧ ਬਿੱਲ 2023 ਪੇਸ਼ ਕਰਕੇ ਪਾਸ ਕੀਤਾ ਗਿਆ ਸੀ । ਹਾਲਾਂਕਿ ਰਾਜਪਾਲ ਨੇ ਇਸ ਨੂੰ ਹੁਣ ਤੱਕ ਮਨਜ਼ੂਰੀ ਨਹੀਂ ਦਿੱਤੀ ਹੈ । ਪਰ ਇਸ ਬਿੱਲ ਦੇ ਪੇਸ਼ ਹੋਣ ਤੋਂ ਬਾਅਦ SGPC ਨੇ ਫੌਰਨ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕਰਨ ਦਾ ਐਲਾਨ ਕੀਤਾ । ਗੁਰਦੁਆਰਾ ਸੋਧ ਬਿੱਲ 2023 ਦੇ ਮੁਤਾਬਿਕ ਸ੍ਰੀ ਦਰਬਾਰ ਸਾਹਿਬ ਦੇ ਅੰਦਰੋ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਸਾਰੇ ਚੈਨਲਾਂ ਨੂੰ ਦਿੱਤਾ ਗਿਆ ਸੀ ।