Punjab

1 ਫਰਵਰੀ SGPC ਦਾ ਜਨਰਲ ਇਜਲਾਸ ! ਇਸ ਮਾਮਲੇ ‘ਚ CM ਮਾਨ ਖਿਲਾਫ ਬਣੇਗੀ ਵੱਡੀ ਰਣਨੀਤੀ ! ਜਥੇਦਾਰ ਸਾਹਿਬ ਨੇ ਦੋਸ਼ੀ ਠਹਿਰਾਇਆ ਸੀ

ਬਿਉਰੋ ਰਿਪੋਰਟ : ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਕਪੂਰਥਲਾ ਦੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿੱਚ ਪੁਲਿਸ ਵੱਲੋਂ ਕੀਤੀ ਗਈ ਫਾਇਰਿੰਗ ਦੇ ਮਾਮਲੇ ਵਿੱਚ SGPC ਨੇ 1 ਫਰਵਰੀ ਨੂੰ ਜਨਰਲ ਹਾਊਸ ਸਦਿਆ ਹੈ । ਇਹ ਫੈਸਲਾ SGPC ਵੱਲੋਂ ਗਠਿਤ ਜਾਂਚ ਕਮੇਟੀ ਦੇ ਨਤੀਜਿਆਂ ਦੀ ਰਿਪੋਰਟ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਵੱਲੋਂ ਮੁੱਖ ਮੰਤਰੀ ਨੂੰ ਦੋਸ਼ੀ ਠਹਿਰਾਉਣ ਤੋਂ ਬਾਅਦ ਲਿਆ ਗਿਆ ਹੈ । SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸਰਕਾਰ ਨੇ ਇੱਕ ਸਿੱਟ ਦਾ ਗਠਨ ਕੀਤਾ ਸੀ ਪਰ ਉਸ ਤੋਂ ਬਾਅਦ ਚੁੱਪੀ ਧਾਰ ਲਈ। ਅਸੀਂ 1 ਫਰਵਰੀ ਨੂੰ ਇਹ ਰਿਪੋਰਟ ਮੈਂਬਰਾਂ ਨੂੰ ਦੇਵਾਂਗੇ ਅਤੇ ਪਿੰਡ-ਪਿੰਡ ਸੰਗਤ ਦੇ ਕੋਲ ਪਹੁੰਚਾਈ ਜਾਵੇਗੀ,ਉਨ੍ਹਾਂ ਕੋਲੋ ਰਾਇ ਮੰਗੀ ਜਾਵੇਗੀ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸਾਨੂੰ ਸਾਰਿਆਂ ਨੂੰ ਮਿਲਕੇ ਤੈਅ ਕਰਨਾ ਹੋਵੇਗਾ ਕਿ ਜੇਕਰ ਕਿਸੇ ਗੁਰੂ ਘਰ ਵਿੱਚ ਗੋਲੀ ਚੱਲਦੀ ਹੈ ਤਾਂ ਉਸ ਦਾ ਮੁਲਜ਼ਮ ਕੌਣ ਹੈ ਇਸ ਦੀ ਜ਼ਿੰਮੇਵਾਰੀ ਸ੍ਰੀ ਅਕਾਲ ਤਖਤ ਵੱਲੋਂ ਤੈਅ ਕੀਤੀ ਜਾਣੀ ਚਾਹੀਦੀ ਹੈ।

ਸਿਰਫ਼ ਇੰਨਾਂ ਹੀ ਨਹੀਂ ਜਦੋਂ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕੋਲੋ ਜਦੋਂ 2015 ਵਿੱਚ ਬਰਗਾੜੀ ਬੇਅਦਬੀ ਤੋਂ ਬਾਅਦ ਹੋਏ ਗੋਲੀਕਾਂਡ ਦੀ ਜ਼ਿੰਮੇਵਾਰੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਇਹ ਪੁਰਾਣਾ ਮਾਮਲਾ ਹੈ,ਅਦਾਲਤ ਇਸ ‘ਤੇ ਕਾਰਵਾਈ ਕਰ ਰਹੀ ਹੈ । ਸਾਨੂੰ ਅੱਜ ਦੀ ਗੱਲ ਕਰਨੀ ਚਾਹੀਦੀ ਹੈ। ਸਾਫ ਹੈ ਧਾਮੀ ਇਸ ਮਸਲੇ ਨੂੰ ਟਾਲ ਦੇ ਹੋਏ ਨਜ਼ਰ ਆਏ।

ਇੱਕ ਪਾਸੇ ਧਾਮੀ 2015 ਦੀ ਬੇਅਦਬੀ ਦੇ ਮਾਮਲੇ ਨੂੰ ਪੁਰਾਣਾ ਦੱਸ ਰਹੇ ਸਨ ਤਾਂ ਦੂਜੇ ਪਾਸੇ ਉਨ੍ਹਾਂ ਨੇ ਇਸੇ ਮਾਮਲੇ ਵਿੱਚ 2 ਸਾਲ ਤੱਕ ਸੌਦਾ ਸਾਧ ਦੇ ਖਿਲਾਫ 295 A ਅਧੀਨ ਕਾਰਵਾਈ ਨੂੰ ਹਹੀ ਝੰਡੀ ਨਾ ਦੇਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਮਾਨ ਸਰਕਾਰ ਚੋਰ ਖੇਡਾਂ ਖੇਡ ਰਹੀ ਹੈ। ਜਦਕਿ ਰਾਮ ਰਹੀਮ ਦੇ 7 ਹੋਰ ਸਾਥੀਆਂ ਖਿਲਾਫ 295 A ਧਾਰਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ । ਗ੍ਰਹਿ ਮੰਤਰਾਲਾ ਮੁੱਖ ਮੰਤਰੀ ਮਾਨ ਕੋਲ ਹੈ ਇਸ ਲਈ ਉਹ ਆਪ ਜ਼ਿੰਮੇਵਾਰ ਹਨ ।

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੋ ਦਵਿੰਦਰ ਪਾਲ ਸਿੰਘ ਭੁੱਲਰ ਦੀ ਸਮੇਂ ਤੋਂ ਪਹਿਲਾਂ ਸਜ਼ਾ ਮੁਆਫੀ ਦੀ ਪਟੀਸ਼ਨ ਰੱਦ ਕਰਨ ‘ਤੇ ਆਮ ਆਮਦੀ ਪਾਰਟੀ ਦੇ ਤਰਕ ਨੂੰ ਵੀ ਖਾਰਜ ਕਰ ਦਿੱਤਾ । ਉਨ੍ਹਾਂ ਕਿਹਾ ਤੁਸੀਂ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਸਵਾਲ ਚੁੱਕ ਦੇ ਸੀ ਹੁਣ ਤੁਸੀਂ 1 ਮੈਂਬਰ ਦਾ ਹਵਾਲਾ ਦੇਕੇ ਬੱਚ ਨਹੀਂ ਸਕਦੇ ਹੋ,ਲੋਕਾਂ ਨੇ ਹੁਣ ਤੁਹਾਡੀ ਸਫਾਈ ਨਹੀਂ ਸੁਣਨੀ ਹੈ।

ਬੰਦੀ ਸਿੰਘਾ ਦੇ ਮੁੱਦੇ ‘ਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕੇਂਦਰ ਨੂੰ ਕਿਹਾ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ‘ਤੇ 9 ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਵਾਅਦਾ ਸੀ ਉਸ ਨੂੰ ਪੂਰਾ ਕਰੋ । ਉਨ੍ਹਾਂ ਦੱਸਿਆ ਅਸੀਂ ਗ੍ਰਹਿ ਮੰਤਰੀ ਨੂੰ ਮਿਲਣ ਦਾ ਸਮਾਂ ਮੰਗਿਆ ਸੀ,ਪਰ ਰਾਮ ਮੰਦਰ ਅਤੇ ਹੋਰ ਮੁੱਦਿਆਂ ਦੀ ਵਜ੍ਹਾ ਕਰਕੇ ਸਮਾਂ ਨਹੀਂ ਮਿਲ ਸਕੀਆਂ ਹੈ, ਜਥੇਦਾਰ ਸ੍ਰੀ ਅਕਾਲ ਤਖਤ ਵੱਲੋਂ ਦਿੱਤੀ ਗਈ ਡੈਡਲਾਈ ਵੀ ਖਤਮ ਹੋ ਰਹੀ ਹੈ। ਅਸੀਂ ਪੰਜਾਬ ਦੇ ਡੀਜੀਪੀ ਅਤੇ ਜੇਲ੍ਹ ਵਿਭਾਗ ਨੂੰ ਚਿੱਠੀ ਲਿਖ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਦਾ ਸਮਾਂ ਮੰਗਿਆ ਹੈ ।

SGPC ਨੇ ਸੌਦਾ ਸਾਧ ਨੂੰ ਪੈਰੋਲ ਮਿਲਣ ‘ਤੇ ਵੀ ਹਰਿਆਣਾ ਸਰਕਾਰ ਨੂੰ ਘੇਰ ਦੇ ਹੋਏ ਕਿਹਾ ਸਿੱਖਾਂ ਵਾਰੀ ਤੁਸੀਂ ਚੁੱਪੀ ਧਾਰ ਲੈਂਦੇ ਹੋ,ਰਾਮ ਰਹੀਮ ਨੂੰ ਪੈਰੋਲ ਨੂੰ ਤੁਸੀਂ ਮਜ਼ਾਕ ਬਣਾ ਲਿਆ ਹੈ। 200 ਦਿਨ ਦੀ ਪੈਰੋਲ ਦਿੰਦੇ ਹੋ,ਉਸ ਨੂੰ ਜੇਲ੍ਹ ਭੇਜਣ ਦੀ ਥਾਂ ਘਰ ਵਿੱਚ ਹੀ ਨਜ਼ਰ ਬੰਦ ਕਰ ਲਿਓ।

28 ਫਰਵਰੀ ਨੂੰ SGPC ਦੀਆਂ ਵੋਟਾਂ ਬਣਾਉਣ ਦੀ ਅਖੀਰਲੀ ਤਰੀਕ ਹੈ । SGPC ਦੇ ਪ੍ਰਧਾਨ ਨੇ ਇਲਜ਼ਾਮ ਲਗਾਇਆ ਕਿ ਕੁਝ ਗੈਰ ਸਿੱਖਾਂ ਦੀ ਵੋਟਾਂ ਬਣ ਰਹੀਆਂ ਹਨ। ਸਰਕਾਰ ਸਿੱਧੇ ਤੌਰ ‘ਤੇ ਦਖਲ ਦੇ ਰਹੀ ਹੈ । ਮੈਂ ਅਕਾਲੀ ਦਲ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੱਧ ਤੋਂ ਵੱਧ ਸਿੱਖਾਂ ਦੀਆਂ ਵੋਟਾਂ ਬਣਵਾਉਣ ।