ਬਿਊਰ ਰਿਪੋਰਟ : SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਉਸ ਨੇ ਪੰਜਾਬ ਦੇ ਇੱਕ ਰੇਲਵੇ ਟਰੈਕ ਦੇ ਕਲੈਂਪ ਉਖਾੜ ਦਿੱਤੇ ਹਨ। ਉਸ ਨੇ ਕਲੈਂਪ ਉਖਾੜਨ ਦਾ ਵੀਡੀਓ ਵੀ ਜਾਰੀ ਕੀਤਾ ਹੈ । ਰਾਤ ਦੇ ਇਸ ਵੀਡੀਓ ਵਿੱਚ ਇੱਕ ਸ਼ਖ਼ਸ ਹਥੋੜਾ ਲੈਕੇ ਕਲੈਂਪ ਉਖਾੜਦਾ ਹੋਇਆ ਨਜ਼ਰ ਵੀ ਆ ਰਿਹਾ ਹੈ,ਹਾਲਾਂਕਿ ਵੀਡੀਓ ਵਿੱਚ ਉਸ ਸ਼ਖਸ ਦੀ ਤਸਵੀਰ ਨਜ਼ਰ ਨਹੀਂ ਆ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਹਰਕਤ ਲਹਿਰਾ ਮੁਹੱਬਤ ਥਰਮਲ ਪਲਾਂਟ ਨੂੰ ਜਾਂਦੀ ਲਾਈਨ ‘ਤੇ ਹੋਈ ਹੈ । 122 ਨੰਬਰ ਰੇਲਵੇ ਫਾਟਕ ਦੇ ਕੋਲ 13 ਕਲੈਂਪਾਂ ਨੂੰ ਕੱਢਿਆ ਗਿਆ ਹੈ। ਇਸ ਵੀਡੀਓ ਨੂੰ ਪਾਉਣ ਤੋਂ ਬਾਅਦ ਪੰਨੂ ਚੁਣੌਤੀ ਦੇ ਰਿਹਾ ਹੈ ਕਿ ਉਹ ਥਰਮਲ ਪਲਾਂਟ ਨੂੰ ਜਾਣ ਵਾਲੇ ਕੋਲੋ ਨੂੰ ਪਲਾਂਟ ਤੱਕ ਪਹੁੰਚਣ ਨਹੀਂ ਦੇਵੇਗਾ । ਲਹਿਰਾ ਮੁਹੱਬਤ ਤੋਂ ਪੂਰੇ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਹੁੰਦੀ ਹੈ ।
ਰੇਲਵੇ ਲਹਿਰਾ ਮੁਹੱਬਤ ਦੀ ਲਾਈਨ ਨੂੰ ਡਬਲ ਕਰ ਰਿਹਾ ਹੈ। ਵੱਡੀ ਗਿਣਤੀ ਵਿੱਚ ਉੱਥੇ ਮੁਲਾਜ਼ਮ ਕੰਮ ਕਰ ਰਹੇ ਹਨ । ਦੱਸਿਆ ਜਾ ਰਿਹਾ ਹੈ ਕਿ ਪੰਨੂ ਦੇ ਲੋਕਾਂ ਨੇ ਇਸ ਹਰਕਤ ਨੂੰ ਰਾਤ ਨੂੰ ਅੰਜਾਮ ਦਿੱਤਾ ਹੈ । ਸਵੇਰ ਵੇਲੇ ਕਲੈਂਪ ਉਖੜੇ ਹੋਣ ਦੀ ਵਜ੍ਹਾ ਕਰਕੇ ਟ੍ਰੇਨ ਕਈ ਘੰਟੇ ਤੱਕ ਖੜੀ ਰਹੀ । ਜੇਕਰ ਸਮੇਂ ਸਿਰ ਰੇਲਵੇ ਦੇ ਅਧਿਕਾਰੀ ਇਸ ਨੂੰ ਨਾ ਵੇਖ ਦੇ ਤਾਂ ਕੋਈ ਵੀ ਹਾਦਸਾ ਹੋ ਸਕਦਾ ਸੀ । ਪੰਨੂ ਦੀ ਇਸ ਹਰਕਤ ਨੂੰ ਬਿਲਕੁਲ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ । ਉਹ ਅਜਿਹੀ ਹਰਕਤ ਯਾਤਰੀ ਲਾਈਨ ‘ਤੇ ਵੀ ਕਰ ਸਕਦਾ ਹੈ । ਜੇਕਰ ਅਜਿਹਾ ਹੁੰਦਾ ਤਾਂ ਇਸ ਨਾਲ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਪੁਲਿਸ ਨੂੰ ਲਹਿਰਾ ਮੁਹੱਬਤ ਰੇਲ ਟਰੈਕਟ ‘ਤੇ ਕਲੈਂਪ ਉਖਾੜਨ ਵਾਲਿਆਂ ‘ਤੇ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ । ਇਸ ਤੋਂ ਪਹਿਲਾਂ ਗੁਰਪਤਵੰਤ ਸਿੰਘ ਪੰਨੂ ਕਈ ਵਾਰ ਧਮਕੀ ਦੇ ਚੁੱਕਾ ਹੈ ।
SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਤਾਜ਼ਾ ਧਮਕੀ ਅੰਮ੍ਰਿਤਸਰ ਵਿੱਚ ਹੋਣ ਵਾਲਾ G20 ਸੰਮਿਟ ਹੈ, ਉਸ ਨੇ ਧਮਕੀ ਦਿੱਤੀ ਸੀ ਕਿ ਉਹ ਇਹ ਸੰਮਿਟ ਨਹੀਂ ਹੋਣ ਦੇਵੇਗਾ । ਪਿਛਲੇ ਹਫਤੇ ਜਦੋਂ ਰਾਸ਼ਟਰਪਤੀ ਦ੍ਰੋਪਤੀ ਮੁਰਮੁਰ ਜਦੋਂ ਅੰਮ੍ਰਿਤਸਰ ਦਰਸ਼ਨ ਕਰਨ ਦੇ ਲਈ ਆਈ ਸੀ ਤਾਂ ਦਿਵਾਰਾਂ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਸਨ । ਇਸ ਦੀ ਜ਼ਿੰਮੇਵਾਰੀ ਵੀ ਪੰਨੂ ਨੇ ਲਈ ਸੀ । ਡੇਢ ਸਾਲ ਪਹਿਲਾਂ ਡੀਸੀ ਦਫਤਰਾਂ ‘ਤੇ ਖਾਲਿਸਤਾਨ ਦੇ ਝੰਡੇ ਲਹਿਰਾਉਣ ਦੇ ਮਾਮਲੇ ਵਿੱਚ ਗੁਰਪਤਵੰਤ ਪੰਨੂ ਦਾ ਹੀ ਹੱਥ ਸੀ। ਉਸ ਨੇ ਨੌਜਵਾਨਾਂ ਨੂੰ ਇਹ ਕੰਮ ਕਰਨ ਦੇ ਲਈ ਇਨਾਮ ਵੀ ਦਿੱਤੇ ਸਨ। ਭਾਰਤ ਸਰਕਾਰ ਵੱਲੋਂ ਗੁਰਪਤਵੰਤ ਸਿੰਘ ਪੰਨੂ ਨੂੰ ਦਹਿਸ਼ਤਗਰਦਾਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ।