Punjab

ਸੀਨੀਅਰ ਆਈਏਐਸ ਅਧਿਕਾਰੀ ਅਨੁਰਾਗ ਵਰਮਾ ਨੇ ਸੰਭਾਲਿਆ ਪੰਜਾਬ ਦੇ ਮੁੱਖ ਸਕੱਤਰ ਦਾ ਅਹੁਦਾ

Senior IAS officer Anurag Verma assumed the post of Chief Secretary of Punjab

ਚੰਡੀਗੜ੍ਹ : ਸੀਨੀਅਰ ਆਈਏਐਸ ਅਧਿਕਾਰੀ ਅਨੁਰਾਗ ਵਰਮਾ ਨੇ ਅੱਜ ਪੰਜਾਬ ਦੇ ਨਵੇਂ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸੇਵਾਮੁਕਤ ਹੋਏ ਪੰਜਾਬ ਦੇ ਮੁੱਖ ਸਕੱਤਰ ਵੀ.ਕੇ. ਜੰਜੂਆ ਵੀ ਹਾਜ਼ਰ ਸਨ। ਚੀਫ਼ ਸੈਕਟਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅਨੁਰਾਗ ਵਰਮਾ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਵਿੱਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੋਇਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕੋਲ ਕਾਬਿਲ ਅਫ਼ਸਰ ਅਤੇ ਅਧਿਕਾਰੀ ਹਨ। ਅਸੀਂ ਸਾਰੇ ਅਫ਼ਸਰਾਂ, ਅਧਿਕਾਰੀਆਂ ਨੂੰ ਨਾਲ ਲੈ ਕੇ ਚੱਲਾਂਗੇ। ਅਜਿਹੀ ਕੋਈ ਮੁਸ਼ਕਿਲ ਨਹੀਂ ਹੈ ਕਿ ਜਿਸ ਦਾ ਹੱਲ ਨਾ ਕੱਢਿਆ ਜਾ ਸਕੇ।

ਅਨੁਰਾਗ ਵਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਵੀ ਫੰਡ ਰੋਕੇ ਗਏ ਹਨ, ਉਹਨਾਂ ਬਾਰੇ ਸਬੰਧਤ ਅਧਿਕਾਰੀ ਨਾਲ ਮੁਲਾਕਾਤ ਕਰਕੇ ਕੇਂਦਰ ਕੋਲ ਮੁੱਦਾ ਚੁੱਕਿਆ ਜਾਵੇਗਾ। ਅਨੁਰਾਗ ਵਰਮਾ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਦਾ RDF ਵੀ ਰੋਕਿਆ ਹੋਇਆ ਹੈ ਅਤੇ ਪੰਜਾਬ ਦੇ ਪਾਣੀਆਂ ‘ਤੇ ਹਿਮਾਚਲ ਵੀ ਹੱਕ ਜਤਾ ਰਿਹਾ ਹੈ। ਇਸ ਬਾਰੇ ਵੀ ਆਉਣ ਵਾਲੇ ਦਿਨਾਂ ‘ਚ ਚਰਚਾ ਕੀਤੀ ਜਾਵੇਗੀ।

ਵੀ.ਕੇ. ਜੰਜੂਆ 30 ਜੂਨ ਨੂੰ ਸੇਵਾ ਮੁਕਤ ਹੋ ਗਏ ਸਨ। ਉਹਨਾਂ ਦੀ ਥਾਂ ‘ਤੇ ਪੰਜਾਬ ਸਰਕਾਰ ਨੇ IAS ਅਫ਼ਸਰ ਅਨੁਰਾਗ ਵਰਮਾ ਨੂੰ ਚੀਫ਼ ਸੈਕਟਰੀ ਲਗਾਇਆ ਹੈ। ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵਾਂ ਅਫ਼ਸਰਾਂ ਨੂੰ ਵਧਾਈ ਦਿੱਤੀ ਸੀ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਅੱਜ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ।

ਮਾਨ ਨੇ ਕਿਹਾ ਕਿ ਸਾਡੀ ਸਰਕਾਰ ਦੌਰਾਨ ਪੰਜਾਬ ਤੇ ਪੰਜਾਬੀਆਂ ਲਈ ਲਏ ਗਏ ਅਹਿਮ ਫ਼ੈਸਲਿਆਂ ‘ਚ ਜੰਜੂਆ ਦੀ ਭੂਮਿਕਾ ਸ਼ਲਾਘਾਯੋਗ ਹੈ। ਅੱਜ ਡਿਊਟੀ ਦੇ ਆਖ਼ਰੀ ਦਿਨ ਉਹਨਾਂ ਨੂੰ ਮਿਲ ਕੇ ਸਫ਼ਲ ਕਾਰਜਕਾਲ ਲਈ ਵਧਾਈਆਂ ਦਿੱਤੀਆਂ। ਜ਼ਿੰਦਗੀ ‘ਚ ਸੁਨਹਿਰੇ ਤੇ ਬਿਹਤਰ ਭਵਿੱਖ ਲਈ ਸ਼ੁੱਭਕਾਮਨਾਵਾਂ ਤੇ ਸਰਕਾਰ ‘ਚ ਸਹਿਯੋਗ ਦੇਣ ਲਈ ਧੰਨਵਾਦ। ਨਾਲ ਹੀ ਮੁੱਖ ਮੰਤਰੀ ਮਾਨ ਨੇ ਨਵੇਂ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਵਧਾਈਆਂ ਦਿੱਤੀਆਂ।