Punjab

ਕੇਜਰੀਵਾਲ ਦੀ ਅਪੀਲ ਨਹੀਂ ਪਸੰਦ ਆਈ ਇਹਨਾਂ ਕਾਂਗਰਸੀ ਲੀਡਰਾਂ ਨੂੰ, ਕਹਿੰਦੇ ਨਾ ਮੰਨਿਓ ਇਹਦੀ ਗੱਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਆਰਡੀਨੈਂਸ ਦੇ ਖਿਲਾਫ਼ ਸੰਘਰਸ਼ ਕਰਨ ਲਈ ਸਾਰੀਆਂ ਵਿਰੋਧੀ ਪਾਰਟੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਪਰ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪ ਨੂੰ ਨਿਸ਼ਾਨਾ ਬਣਾਇਆ ਹੈ ਤੇ ਹਾਈ ਕਮਾਂਡ ਨੂੰ ਅਪੀਲ ਕੀਤੀ ਹੈ ਕਿ ਆਪ ਨਾਲ ਬਿਲਕੁਲ ਵੀ ਸਹਿਯੋਗ ਨਾ ਕੀਤਾ ਜਾਵੇ।

ਸੁਖਪਾਲ ਸਿੰਘ ਖਹਿਰਾ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਦਿੱਲੀ ਵਿੱਚ ਆਪਣੀ ਸਰਕਾਰ ਵਿਰੁੱਧ ਭਾਜਪਾ ਦੇ ਗੈਰ-ਸੰਵਿਧਾਨਕ ਆਰਡੀਨੈਂਸ ਨੂੰ ਰੋਕਣ ਲਈ ਇੱਕ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੋਧੀ ਧਿਰ, ਵਿਸ਼ੇਸ਼ ਤੌਰ ‘ਤੇ ਕਾਂਗਰਸ ਦਾ ਸਮਰਥਨ ਮੰਗ ਰਹੇ ਹਨ ਪਰ ਦੂਜੇ ਪਾਸੇ ਉਹ ਪੰਜਾਬ ਵਿੱਚ ਆਪਣੇ ਵਿਰੋਧੀ ਪਾਰਟੀਆਂ ਵਿਰੁੱਧ ਗੈਰ-ਸੰਵਿਧਾਨਕ ਕਾਰਵਾਈਆਂ ਵਿੱਚ ਸ਼ਾਮਲ ਹਨ।

ਖਹਿਰਾ ਨੇ ਸਪੱਸ਼ਟ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ  ਇੱਕ ਪਾਸੇ ਜਿਥੇ ਝੂਠੇ ਕੇਸ ਦਰਜ ਕਰਕੇ ਅਤੇ ਅੰਨ੍ਹੇਵਾਹ ਗ੍ਰਿਫਤਾਰੀਆਂ ਕਰ, ਯੋਜਨਾਬੱਧ ਚਰਿੱਤਰ ਹੱਤਿਆ ਨੂੰ ਅੰਜਾਮ ਦੇ ਰਹੀ ਹੈ, ਉਥੇ ਜਿਸਮਾਨੀ ਸ਼ੋਸ਼ਣ ਸਕੈਂਡਲ ਵਿੱਚ ਸ਼ਾਮਲ ਕਟਾਰੂਚੱਕ ਵਰਗੇ ਦੋਸ਼ੀ ਮੰਤਰੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਨ ਵਾਲੀਆਂ ਸਾਰੀਆਂ ਅਵਾਜ਼ਾਂ ਨੂੰ ਦਬਾਉਣ ਲਈ ਕਾਂਗਰਸੀਆਂ ਦੇ ਖਿਲਾਫ ਪੁਲਿਸ ਅਤੇ ਵਿਜੀਲੈਂਸ ਬਿਊਰੋ ਦੀ ਘੋਰ ਦੁਰਵਰਤੋਂ ਕਰ ਰਹੀ ਹੈ।ਖਹਿਰਾ ਨੇ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ‘ਆਪ’ ਜੋ ਕਿ ਭਾਜਪਾ ਦਾ ਇਕ ਹੋਰ ਪਰਛਾਵਾਂ ਹੈ , ਨੂੰ ਸਮਰਥਨ ਦੇਣ ਲਈ ਉਹ ਘਟੋ ਘੱਟ ਦੋ ਵਾਰ ਸੋਚਣ।

ਖਹਿਰਾ ਦੇ ਇਸ ਬਿਆਨ ਦੀ ਸੀਨੀਅਰ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਹਾਮੀ ਭਰੀ ਹੈ ਤੇ ਆਪਣੇ ਟਵੀਟ ਵਿੱਚ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਅਪੀਲ ਕੀਤੀ ਹੈ ਕਿ ‘ਆਪ’ ਦੀ ਮਦਦ ਕਰਨ ‘ਤੇ ਵਿਚਾਰ ਕਰਨ ਤੋਂ ਪਹਿਲਾਂ ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ, ਗੁਜਰਾਤ ਅਤੇ ਕਰਨਾਟਕ ਦੀ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ। ਆਪ ਇਹਨਾਂ ਰਾਜਾਂ ਵਿੱਚ ਭਾਜਪਾ ਨੂੰ ਰਾਜਨੀਤਿਕ ਧਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਸੀ। ਉਹਨਾਂ ਦਾਅਵਾ ਕੀਤਾ ਹੈ ਕਿ ‘ਆਪ’ ਭਾਜਪਾ ਦੀ ਬੀ ਟੀਮ ਹੈ ਅਤੇ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਭੇਡਾਂ ਦੇ ਕੱਪੜਿਆਂ ਵਿੱਚ ਬਘਿਆੜ ਦੀ ਰੱਖਿਆ ਨਾ ਕੀਤੀ ਜਾਵੇ।

ਆਪਣੇ ਇੱਕ ਹੋਰ ਟਵੀਟ ਵਿੱਚ ਬਾਜਵਾ ਨੇ ਆਪ ‘ਤੇ ਸਿੱਧਾ ਵਾਰ ਕਰਦੇ ਹੋਏ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਂਗਰਸ ਤੋਂ ਕੋਈ ਸਮਰਥਨ ਜਾਂ ਹਮਦਰਦੀ ਦੇ ਹੱਕਦਾਰ ਨਹੀਂ ਹਨ। ਆਪ ਸਰਕਾਰ ਦੇ ਆਗੂਆਂ ਅਤੇ ਵਰਕਰਾਂ ਨੇ ਪੁਲਿਸ ਅਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਕੇ ਨੇ ਕਾਂਗਰਸੀ ਆਗੂਆਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਉਹ ਦਿੱਲੀ ਦੇ ਲੋਕਾਂ ਦੇ ਹੱਕ ਲਈ ਅੱਜ ਤੋਂ ਦੇਸ਼ ਭਰ ਦਾ ਦੌਰੇ ‘ਤੇ ਜਾ ਰਹੇ ਹਨ। । SC ਨੇ ਬਰਸੋਂ ਬਾਅਦ ਦੇ ਹੁਕਮਾਂ ਰਾਹੀਂ ਦਿੱਲੀ ਦੇ ਲੋਕਾਂ ਦਾ ਸਾਥ ਦਿੱਤਾ, ਉਨ੍ਹਾਂ ਦੇ ਹੱਕ ਦਿਤੇ ਪਰ ਕੇਂਦਰ ਸਰਕਾਰ ਨੇ ਆਰਡੀਨੈਂਸ ਲਿਆ ਕੇ ਉਹ ਸਾਰੇ ਅਧਿਕਾਰ ਖੋਹ ਲਏ।

ਕੇਜਰੀਵਾਲ ਨੇ ਆਪਣਏ ਟਵੀਟ ਵਿੱਚ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਸੀ  ਕਿ ਜਦੋਂ ਇਹ ਕਾਨੂੰਨ ਰਾਜ ਸਭਾ ਵਿੱਚ ਆਵੇਗਾ ਤਾਂ ਇਸ ਨੂੰ ਕਿਸੇ ਵੀ ਹਾਲਤ ਵਿੱਚ ਪਾਸ ਨਾ ਹੋਣ ਦਿੱਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਆਪਣੇ ਇਸ ਦੌਰੇ ਦੇ ਦੌਰਾਨ ਉਹ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਮਿਲਣਗੇ ਅਤੇ ਉਨ੍ਹਾਂ ਦਾ ਸਮਰਥਨ ਮੰਗਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਦੌਰੇ ਦੌਰਾਨ ਉਹਨਾਂ ਦਾ ਸਾਥ ਦੇਣ ਦੀ ਗੱਲ ਕਹੀ ਹੈ।