ਬਿਊਰੋ ਰਿਪੋਰਟ : ਦਿੱਲੀ ਦੇ ਰੋਹਿਣੀ ਇਲਾਕੇ ਦੇ SDM ਸ਼ਾਹਜਾਦ ਆਲਮ ਵੱਲੋਂ ਇਲਾਕੇ ਦੇ ਗੁਰਦੁਆਰੇ ਨੂੰ ਲੈਕੇ ਤੁਗਲਕੀ ਫਰਮਾਨ ਜਾਰੀ ਕੀਤਾ ਹੈ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਹਨ ਕਿ ਰੋਹਿਣੀ ਦੇ ਸੈਕਟਰ 21 ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਵਿੱਚ 10 ਜਾਣਿਆਂ ਤੋਂ ਵਧ ਸੰਗਤ ਹਾਜ਼ਰ ਨਹੀਂ ਰਹਿ ਸਕਦੀ ਹੈ । ਸਿਰਫ਼ ਇੰਨਾਂ ਹੀ ਨਹੀਂ SDM ਸਾਬ੍ਹ ਨੇ ਗੁਰੂ ਘਰ ਦੀ ਉਸਾਰੀ ਨੂੰ ਲੈਕੇ ਵੀ ਵੱਡਾ ਸਵਾਲ ਚੁੱਕਿਆ ਹੈ । ਇਸ ਦੇ ਨਾਲ ਸ਼ਾਹਜਾਦ ਆਲਮ ਵੱਲੋਂ ਗੁਰੂ ਘਰ ਦੇ ਬਾਹਰ ਗੈਰ ਕਾਨੂੰਨੀ ਉਸਾਰੀ ਦੇ ਖਿਲਾਫ਼ ਵੀ 1 ਹਫ਼ਤੇ ਦੇ ਅੰਦਰ ਸਖਤ ਕਾਰਵਾਹੀ ਦੇ ਨਿਰਦੇਸ਼ ਦਿੱਤੇ ਹਨ ।
SDM ਸ਼ਾਹਜਾਦ ਆਲਮ ਨੇ ਕਿਹਾ ਕਿ ਗੁਰੂ ਘਰ ਤੋਂ ਆਉਣ ਵਾਲੀ ਅਵਾਜ਼ ਦੇ ਨਾਲ Noise ਪ੍ਰਦੂਸ਼ਣ ਹੁੰਦਾ ਅਤੇ ਜਿਸ ਨਾਲ ਲੋਕਾਂ ਦੀ ਮੈਂਟਲ ਹੈਲਥ ‘ਤੇ ਬੁਰਾ ਅਸਰ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਰੋਹਿਣੀ ਦੇ ਸੈਕਟਰ 21 ਦਾ ਗੁਰਦੁਆਰਾ ਫਲੈਟਾਂ ਦੇ ਨੇੜੇ ਹੈ ਇਸ ਲਈ ਗੁਰੂ ਘਰ ਵਿੱਚ ਇੱਕ ਸਮੇਂ 10 ਜਾਣਿਆਂ ਤੋਂ ਵਧ ਸੰਗਤ ਦੀ ਹਾਜ਼ਰੀ ਨਹੀਂ ਹੋਣੀ ਚਾਹੀਦੀ ਹੈ। ਖਾਸ ਕਰਕੇ ਸ਼ਾਮ 7:15 PM ਤੋਂ 8:15 PM ਦੇ ਵਿੱਚ ਕਿਉਂਕਿ ਇਸ ਨਾਲ ਸਥਾਨਕ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ । ਇਸ ਤੋਂ ਇਲਾਵਾ SDM ਨੇ ਕਿਹਾ ਹੈ ਕਿ ਗੁਰਦੁਆਰੇ ਵਿੱਚ ਮਾਇਕ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਅਵਾਜ਼ ਗੁਰੂ ਘਰ ਤੋਂ ਬਾਹਰ ਨਹੀਂ ਆਉਣੀ ਚਾਹੀਦੀ ਹੈ। ਹਾਲਾਂਕਿ ਸਿੱਖ ਮਹਿਲਾਵਾਂ ਨੂੰ ਹਰ ਵੀਰਵਾਰ ਸ਼ਾਮ 3:30 PM ਤੋਂ 5:30 PM ਤੱਕ ਪਾਠ ਅਤੇ ਕੀਰਤਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ । ਪਰ ਨਾਲ ਹੀ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮਾਇਕ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ SDM ਨੇ ਆਪਣੇ ਨਿਰਦੇਸ਼ ਵਿੱਚ ਕਿਹਾ ਕਿ ਗੁਰਪੁਰਬ ਅਤੇ ਹੋਰ ਵੱਡੇ ਦਿਨਾਂ ਦੌਰਾਨ ਇਹ ਨਿਰਦੇਸ਼ ਲਾਗੂ ਨਹੀਂ ਹੋਵੇਗਾ । SDM ਨੇ ਆਪਣੇ ਆਰਡਰ ਵਿੱਚ ਇਹ ਵੀ ਸਵਾਲ ਚੁੱਕਿਆ ਹੈ ਕਿ ਆਖਿਰ ਕਿਵੇਂ ਰਿਹਾਇਸ਼ੀ ਘਰਾਂ ਵਿੱਚ ਗੁਰਦੁਆਰੇ ਦੀ ਉਸਾਰੀ ਨੂੰ ਇਜਾਜ਼ਤ ਦਿੱਤੀ ਗਈ ਸੀ । SDM ਸ਼ਾਹਜਾਦ ਆਲਮ ਦਾ ਫਰਮਾਨ ਇਲਾਕੇ ਦੇ SHO ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਿਆ ਗਿਆ ਹੈ ਅਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇੰਨਾਂ ਹੁਕਮਾਂ ਦੇ ਪਾਲਨ ਵਿੱਚ ਕਿਸੇ ਵੀ ਤਰ੍ਹਾਂ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ ਹੈ। ਹੁਕਮਾਂ ਨੂੰ ਇੱਕ ਹਫ਼ਤੇ ਦੇ ਅੰਦਰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ।