International

ਅਫ਼ਗਾਨਿਸਤਾਨ ‘ਚ ਖੁੱਲ੍ਹੇ ਸਕੂਲ ਪਰ ਕੁੜੀਆਂ ਲਈ ਕੀ ਹੈ ਹੁਕਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਦੇ ਪੂਰੇ ਇੱਕ ਮਹੀਨੇ ਬਾਅਦ ਸੈਕੰਡਰੀ ਸਕੂਲ ਮੁੜ ਖੋਲ੍ਹੇ ਜਾ ਰਹੇ ਹਨ। ਤਾਲਿਬਾਨ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ ਸਾਰੇ ਪੁਰਸ਼ ਅਧਿਆਪਕਾਂ ਨੂੰ ਕੰਮ ‘ਤੇ ਵਾਪਸ ਆਉਣ ਦਾ ਆਦੇਸ਼ ਦਿੱਤਾ ਹੈ। ਮੰਤਰਾਲੇ ਨੇ ਕਿਹਾ ਕਿ ਸੱਤਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੀ ਪੜਾਈ ਲਈ ਵਿਦਿਆਰਥੀਆਂ ਦੇ ਲਈ ਸ਼ੁੱਕਰਵਾਰ ਤੋਂ ਸਕੂਲ ਖੋਲ੍ਹੇ ਜਾਣਗੇ। ਹਾਲਾਂਕਿ, ਕੁੜੀਆਂ ਦੇ ਲਈ ਸਕੂਲ ਖੋਲ੍ਹੇ ਜਾਣ ਬਾਰੇ ਤਾਲਿਬਾਨ ਨੇ ਹਾਲੇ ਤੱਕ ਕੁੱਝ ਨਹੀਂ ਬੋਲਿਆ।

ਯੂਨੀਸੈੱਫ ਨੇ ਕੀਤਾ ਸਵਾਗਤ

ਯੂਨੀਸੈੱਫ ਨੇ ਲੜਕਿਆਂ ਦੇ ਲਈ ਸਕੂਲ ਖੋਲ੍ਹਣ ਦੇ ਤਾਲਿਬਾਨ ਦੇ ਫੈਸਲੇ ਦਾ ਸਵਾਗਤ ਕੀਤ ਹੈ ਪਰ ਨਾਲ ਹੀ ਚਿੰਤਾ ਵੀ ਜਾਹਿਰ ਕੀਤੀ ਹੈ ਕਿ ਲੜਕੀਆਂ ਨੂੰ ਸਿੱਖਿਆ ਤੋਂ ਦੂਰ ਨਹੀਂ ਕੀਤਾ ਜਾਣਾ ਚਾਹੀਦਾ। ਯੂਨੀਸੈੱਫ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਔਰਤਾਂ ਅਤੇ ਬੱਚੀਆਂ ਦਾ ਭਵਿੱਖ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਹ ਜ਼ਰੂਰੀ ਹੈ ਕਿ ਸਾਰੀਆਂ ਲੜਕੀਆਂ ਵੀ ਬਿਨਾਂ ਕਿਸੇ ਦੇਰੀ ਦੇ ਆਪਣੀ ਸਿੱਖਿਆ ਜਾਰੀ ਰੱਖ ਸਕਣ। ਇਸ ਲਈ ਜ਼ਰੂਰੀ ਹੈ ਕਿ ਸਾਰੀਆਂ ਔਰਤ ਅਧਿਆਪਕਾਂ ਨੂੰ ਵੀ ਕੰਮ ‘ਤੇ ਵਾਪਸ ਬੁਲਾਉਣਾ ਚਾਹੀਦਾ ਹੈ।