‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਪਹਿਲੀ ਤੋਂ ਚੌਥੀ ਜਮਾਤ ਲਈ ਸਰਕਾਰੀ ਤੇ ਪ੍ਰਾਈਵੇਟ ਸਕੂਲ 18 ਅਕਤੂਬਰ ਤੋਂ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪਰ ਜ਼ਿਆਦਾਤਰ ਸਕੂਲ 25 ਅਕਤੂਬਰ ਦੇ ਆਸ-ਪਾਸ ਹੀ ਖੁੱਲ੍ਹਣਗੇ। ਸਕੂਲਾਂ ਨੇ ਵਿਦਿਆਰਥੀਆਂ ਨੂੰ ਸਕੂਲ ਭੇਜਣ ਲਈ ਮਾਪਿਆਂ ਦੀ ਸਹਿਮਤੀ ਮੰਗੀ ਹੈ ਤੇ ਮਾਪਿਆਂ ਦੀ ਸਹਿਮਤੀ ਮਿਲਣ ਵਿੱਚ ਦੇਰ ਹੋਣ ਕਾਰਨ ਕਈ ਸਕੂਲ 18 ਤੋਂ ਨਹੀਂ ਖੁੱਲ੍ਹਣਗੇ। ਪ੍ਰਸ਼ਾਸਨ ਨੇ ਸਕੂਲਾਂ ਨੂੰ ਹੁਕਮ ਜਾਰੀ ਕਰ ਕੇ ਕਿਹਾ ਸੀ ਕਿ ਉਹ ਪ੍ਰਾਇਮਰੀ ਜਮਾਤਾਂ ਲਈ ਸਕੂਲ ਤਾਂ ਹੀ ਖੋਲ੍ਹ ਸਕਦੇ ਹਨ ਜੇ ਵਿਦਿਆਰਥੀਆਂ ਦੇ ਮਾਪੇ ਸਕੂਲ ਆਉਣ ਦੀ ਸਹਿਮਤੀ ਦਿੰਦੇ ਹਨ। ਸਕੂਲ ਨਾ ਆਉਣ ਵਾਲੇ ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਜਾਰੀ ਰੱਖਣ ਲਈ ਕਿਹਾ ਗਿਆ ਸੀ। ਸਟਰਾਬੇਰੀ ਫੀਲਡ ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਤੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸਕੂਲ ਭੇਜਣ ਲਈ ਮਾਪਿਆਂ ਦੀ ਸਹਿਮਤੀ 19 ਅਕਤੂਬਰ ਤੱਕ ਮੰਗੀ ਹੈ ਤੇ ਸਹਿਮਤੀ ਮਿਲਣ ਤੋਂ ਬਾਅਦ 25 ਅਕਤੂਬਰ ਤੋਂ ਸਕੂਲ ਖੋਲ੍ਹਣ ਦੀ ਯੋਜਨਾ ਹੈ। ਭਵਨ ਵਿਦਿਆਲਿਆ ਸਕੂਲ ਸੈਕਟਰ 33 ਦੀ ਪ੍ਰਿੰਸੀਪਲ ਸੋਮਾ ਮੁਖੋਪਾਧਿਆਏ ਨੇ ਦੱਸਿਆ ਕਿ ਉਨ੍ਹਾਂ ਦਾ ਸਕੂਲ 18 ਅਕਤੂਬਰ ਤੋਂ ਖੁੱਲ੍ਹ ਜਾਵੇਗਾ ਤੇ ਵਿਦਿਆਰਥੀਆਂ ਨੂੰ ਉਸੇ ਦਿਨ ਸਹਿਮਤੀ ਲਿਆਉਣ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਸੈਕਟਰ 38 ਵਿੱਚ ਸਥਿਤ ਵਿਵੇਕ ਸਕੂਲ ਵੱਲੋਂ 18 ਅਕਤੂਬਰ ਨੂੰ ਸਿਰਫ ਚੌਥੀ ਜਮਾਤ ਹੀ ਸੱਦੀ ਜਾਵੇਗੀ ਜਦਕਿ ਪਹਿਲੀ, ਦੂਜੀ ਅਤੇ ਤੀਜੀ ਜਮਾਤ ਦੇ ਵਿਦਿਆਰਥੀ 20 ਅਕਤੂਬਰ ਤੋਂ ਬਾਅਦ ਹੀ ਸੱਦੇ ਜਾਣਗੇ। ਦੂਜੇ ਪਾਸੇ ਸੈਕਟਰ-37, 42, 45 ਤੇ 47 ਦੇ ਨਿੱਜੀ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਕਿਹਾ ਹੈ ਕਿ ਸਹਿਮਤੀ ਮਿਲਣ ਤੋਂ ਬਾਅਦ ਹੀ ਸਕੂਲ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਸਕੂਲ 20 ਤੋਂ 25 ਅਕਤੂਬਰ ਦਰਮਿਆਨ ਖੋਲ੍ਹੇ ਜਾਣਗੇ।
ਨਿੱਜੀ ਸਕੂਲਾਂ ਦੇ ਸਟਾਫ਼ ਦਾ ਸੌ ਫ਼ੀਸਦੀ ਟੀਕਾਕਰਨ
ਚੰਡੀਗੜ੍ਹ ਦੇ ਨਿੱਜੀ ਸਕੂਲਾਂ ਦੇ ਅਧਿਆਪਕਾਂ ਤੇ ਸਟਾਫ਼ ਦਾ ਲਗਪਗ ਸੌ ਫੀਸਦੀ ਟੀਕਾਕਰਨ ਹੋ ਗਿਆ ਹੈ ਤੇ ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ, ਉਨ੍ਹਾਂ ਨੂੰ ਸਕੂਲ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਸ ਮੌਕੇ ਭਵਨ ਵਿਦਿਆਲਿਆ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਦੇ ਸਾਰੇ ਸਟਾਫ਼ ਦਾ ਕਰੋਨਾ ਟੀਕਾਕਰਨ ਹੋ ਗਿਆ ਹੈ। ਸਟਰਾਅਬੇਰੀ ਫੀਲਡ ਦੀ ਪ੍ਰਿੰਸੀਪਲ ਨੇ ਵੀ ਕਿਹਾ ਕਿ ਉਨ੍ਹਾਂ ਦੇ ਸੌ ਫੀਸਦੀ ਸਟਾਫ਼ ਦਾ ਟੀਕਾਕਰਨ ਹੋ ਚੁੱਕਿਆ ਹੈ। ਦੂਜੇ ਪਾਸੇ ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਸੌ ਫ਼ੀਸਦੀ ਟੀਕਾਕਰਨ ਨਹੀਂ ਹੋਇਆ।