Punjab

ਹੁਣ ਆਹ ਯੂਨਿਟ ਵੀ ਹੋਏ ਬੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜੀਜੀਐੱਸਐੱਸਟੀਪੀ ਰੋਪੜ ਦੇ ਚਾਰ ਯੂਨਿਟ ਬੰਦ ਹੋ ਗਏ ਹਨ। ਬੀਤੇ ਦਿਨ ਇਸ ਦੇ ਯੂਨਿਟ ਦੋ ਅਤੇ ਤਿੰਨ ਰਾਹੀਂ 337 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਸੀ। ਬਠਿੰਡਾ ਨੇੜਲੇ ਜੀਐੱਚਟੀਪੀ ਲਹਿਰਾ ਮੁਹੱਬਤ ਤਾਪ ਘਰ ਦਾ ਅੱਜ ਇੱਕ ਹੋਰ ਯੂਨਿਟ ਬੰਦ ਹੋ ਗਿਆ ਹੈ। ਫਿਲਹਾਲ ਇਸ ਦੇ ਚਾਰ ਯੂਨਿਟਾਂ ’ਚੋਂ ਤਿੰਨ ਬੰਦ ਪਏ ਹਨ ਅਤੇ ਇੱਕੋ-ਇੱਕ ਯੂਨਿਟ 182 ਮੈਗਾਵਾਟ ਬਿਜਲੀ ਸਪਲਾਈ ਕਰ ਰਿਹਾ ਹੈ। ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਕੋਲੇ ਦੀ ਹੋਰ ਸਪਲਾਈ ਹੋਈ ਹੈ। ਤਾਪ ਘਰ ਵੱਲੋਂ ਬੀਤੇ ਦਿਨ 1064 ਮੈਗਾਵਾਟ ਬਿਜਲੀ ਸਪਲਾਈ ਕੀਤੀ ਗਈ ਸੀ ਅਤੇ ਅੱਜ ਇਹ ਵਧ ਕੇ 1241 ਮੈਗਾਵਾਟ ਹੋ ਗਈ ਹੈ। ਪ੍ਰਬੰਧਕਾਂ ਮੁਤਾਬਕ ਤਕਨੀਕੀ ਪੱਖੋਂ ਤਾਪ ਘਰ ਦੇ ਤਿੰਨੋਂ ਯੂਨਿਟ ਇਸ ਵੇਲੇ ਪੂਰੀ ਸਮਰੱਥਾ ਵਿੱਚ ਬਿਜਲੀ ਪੈਦਾਵਾਰ ਕਰਨ ਦੇ ਯੋਗ ਹਨ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਅਧਿਕਾਰੀ ਨੇ ਦੱਸਿਆ ਕਿ ਲਹਿਰਾ ਮੁਹੱਬਤ ਦੇ ਜੀਐੱਚਟੀਪੀ ਤਾਪ ਘਰ ਦੇ ਯੂਨਿਟ ਨੰਬਰ-1 ਵੱਲੋਂ 182 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਜਦੋਂ ਕਿ ਯੂਨਿਟ ਨੰਬਰ 2, 3 ਅਤੇ 4 ਦੇ ਬੰਦ ਹੋਣ ਦਾ ਘੁੱਗੂ ਵੱਜ ਗਿਆ ਹੈ। ਇਸੇ ਤਰ੍ਹਾਂ ਜੀਜੀਐੱਸਐੱਸਟੀਪੀ ਰੋਪੜ ਦੇ ਸਾਰੇ ਯੂਨਿਟ ਬੰਦ ਹੋ ਗਏ ਹਨ। ਰਾਜਪੁਰਾ ਦੇ ਐੱਲ ਐਂਡ ਟੀ ਤਾਪ ਘਰ ਦੇ ਯੂਨਿਟ ਨੰਬਰ-1 ਵੱਲੋਂ ਅੱਜ 675 ਅਤੇ ਦੂਜੇ ਯੂਨਿਟ ਵੱਲੋਂ 656 ਮੈਗਾਵਾਟ ਬਿਜਲੀ ਸਪਲਾਈ ਕੀਤੀ ਗਈ ਹੈ। ਜੀਵੀਕੇ ਗੋਇੰਦਵਾਲ ਸਾਹਿਬ ਤਾਪ ਘਰ ਦੇ ਦੋਵੇਂ ਯੂਨਿਟ 308 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ। ਇਸੇ ਤਰ੍ਹਾਂ ਹਾਈਡਰੋ ਪਾਵਰ ਸਟੇਸ਼ਨਾਂ ਤੋਂ ਅੱਜ 423 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ, ਜਦੋਂ ਕਿ ਬੀਤੇ ਦਿਨ ਸਿਰਫ 266 ਮੈਗਾਵਾਟ ਬਿਜਲੀ ਹੀ ਮਿਲੀ ਸੀ।

ਕੋਲਾ ਸੰਕਟ ਭਾਵੇਂ ਹਾਲੇ ਵੀ ਬਰਕਰਾਰ ਹੈ ਪਰ ‘ਓਪਨ ਐਕਸਚੇਂਜ’ ਵਿੱਚ ਬਿਜਲੀ ਦੀਆਂ ਕੀਮਤਾਂ ’ਚ ਪਿਛਲੇ ਦੋ ਦਿਨਾਂ ਦੌਰਾਨ ਭਾਰੀ ਗਿਰਾਵਟ ਆਈ ਹੈ। ਇਸ ਨਾਲ 16 ਦਿਨਾਂ ’ਚ ਹੀ ਕਰੀਬ ਸਾਢੇ ਤਿੰਨ ਅਰਬ ਰੁਪਏ ਦੀ ਬਿਜਲੀ ਖਰੀਦ ਚੁੱਕੇ ਪਾਵਰਕੌਮ ਨੂੰ ਵੱਡੀ ਰਾਹਤ ਮਿਲੀ ਹੈ। ਅੱਜ ਓਪਨ ਐਕਸਚੇਂਜ ’ਚੋਂ ਪਾਵਰਕੌਮ ਨੇ 4 ਰੁਪਏ 60 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ 20.24 ਮਿਲੀਅਨ ਯੂਨਿਟ ਬਿਜਲੀ ਖਰੀਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਕਤੂਬਰ ਦੇ ਸ਼ੁਰੂਆਤੀ ਦਿਨਾਂ ’ਚ ਵੀ ਓਪਨ ਐਕਸਚੇਂਜ ਤੋਂ ਬਿਜਲੀ ਸਸਤੀ ਮਿਲੀ। ਪਹਿਲੀ ਅਕਤੂਬਰ ਨੂੰ ਪਾਵਰਕੌਮ ਨੇ 4.55 ਰੁਪਏ ਅਤੇ ਤਿੰਨ ਅਕਤੂਬਰ ਨੂੰ 4.60 ਰੁਪਏ ਦੇ ਹਿਸਾਬ ਨਾਲ ਬਿਜਲੀ ਦੀ ਖਰੀਦ ਕੀਤੀ ਸੀ। ਫਿਰ ਇਹ ਰੇਟ ਵੱਧ ਗਏ ਤੇ 11 ਅਕਤੂਬਰ ਨੂੰ ਓਪਨ ਐਕਸਚੇਂਜ ’ਚ ਬਿਜਲੀ ਦਾ ਰੇਟ 13.96 ਰੁਪਏ ਪ੍ਰਤੀ ਯੂਨਿਟ ਵੀ ਰਿਹਾ। ਹੁਣ ਲਗਾਤਾਰ ਦੋ ਦਿਨਾਂ ਤੋਂ ਬਿਜਲੀ ਦੇ ਰੇਟ ਘਟੇ ਹੋਏ ਹਨ।