India

ਬਿਹਾਰ, ਉਡੀਸ਼ਾ, ਰਾਜਸਥਾਨ ਅਤੇ ਉਤਰਾਖੰਡ ਵਿੱਚ ਅੱਜ ਮੁੜ ਖੁੱਲ੍ਹੇ ਸਕੂਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਿਹਾਰ, ਉਡੀਸ਼ਾ, ਰਾਜਸਥਾਨ ਅਤੇ ਉਤਰਾਖੰਡ ਵਿੱਚ ਕੋਰੋਨਾ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅੱਜ ਮੁੜ ਤੋਂ ਸਕੂਲ ਖੁੱਲ੍ਹਣ ਜਾ ਰਹੇ ਹਨ। ਇਨ੍ਹਾਂ ਸੂਬਿਆਂ ਨੇ ਮੁੜ ਸਕੂਲ ਖੋਲ੍ਹਣ ਲਈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤੋਂ ਇਲਾਵਾ ਆਪਣੀ ਕੋਵਿਡ -19 ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸਓਪੀ) ਵੀ ਜਾਰੀ ਕੀਤੀਆਂ ਹਨ।

ਓਡੀਸ਼ਾ ਵਿੱਚ 9ਵੀਂ ਅਤੇ 11ਵੀਂ ਤੱਕ ਮੁੜ ਖੁੱਲ੍ਹੇ ਸਕੂਲ

ਓਡੀਸ਼ਾ ਨੇ ਕੋਵਿਡ -19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ 9ਵੀਂ ਅਤੇ 11ਵੀਂ ਜਮਾਤਾਂ ਲਈ ਮੁੜ ਸਕੂਲ ਖੋਲ੍ਹ ਦਿੱਤੇ ਹਨ। ਕਲਾਸਾਂ ਹਫ਼ਤੇ ਵਿੱਚ ਛੇ ਦਿਨ ਸਵੇਰੇ 8:30 ਵਜੇ ਤੋਂ ਸਵੇਰੇ 10:30 ਵਜੇ ਤੱਕ ਲੱਗਣਗੀਆਂ। ਇਨ੍ਹਾਂ ਦੋ ਘੰਟਿਆਂ ਵਿੱਚ ਤਿੰਨ ਪੀਰੀਅਡ ਹੋਣਗੇ। ਇਸ ਤੋਂ ਪਹਿਲਾਂ 10ਵੀਂ ਅਤੇ 12ਵੀਂ ਜਮਾਤ ਦੀਆਂ ਕਲਾਸਾਂ ਲਈ ਮੁੜ ਸਕੂਲ ਖੋਲ੍ਹੇ ਗਏ ਸਨ।

ਰਾਜਸਥਾਨ ‘ਚ 6ਵੀਂ ਤੋਂ 8ਵੀਂ ਤੱਕ ਮੁੜ ਖੁੱਲ੍ਹੇ ਸਕੂਲ

ਰਾਜਸਥਾਨ ਨੇ ਕੋਰੋਨਾ ਨਿਯਮਾਂ ਦੇ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ 6ਵੀਂ ਤੋਂ 8ਵੀਂ ਕਲਾਸ ਤੱਕ ਸਕੂਲ ਦੁਬਾਰਾ ਖੋਲ੍ਹ ਦਿੱਤੇ ਹਨ। ਸਕੂਲਾਂ ਦੇ ਨਾਲ-ਨਾਲ ਸੂਬੇ ਦੇ ਕਾਲਜ ਵੀ ਪਹਿਲੇ ਅਤੇ ਦੂਜੇ ਸਾਲ ਦੇ ਵਿਦਿਆਰਥੀਆਂ ਲਈ ਦੁਬਾਰਾ ਖੋਲ੍ਹ ਦਿੱਤੇ ਗਏ ਹਨ। ਸਿਰਫ 50 ਪ੍ਰਤੀਸ਼ਤ ਵਿਦਿਆਰਥੀਆਂ ਨੂੰ ਹੀ ਕਲਾਸਾਂ ਵਿੱਚ ਜਾਣ ਦੀ ਆਗਿਆ ਦਿੱਤੀ ਜਾਵੇਗੀ ਜਦਕਿ ਬਾਕੀ ਦੇ ਵਿਦਿਆਰਥੀ ਆਨਲਾਈਨ ਕਲਾਸਾਂ ਲਗਾਉਣਗੇ। ਸੂਬੇ ਨੇ ਪਹਿਲਾਂ 9ਵੀਂ ਤੋਂ 12ਵੀਂ ਜਮਾਤ ਤੱਕ ਸਕੂਲਾਂ ਨੂੰ ਖੋਲ੍ਹ ਦਿੱਤਾ ਸੀ ਅਤੇ ਆਖਰੀ ਸਾਲ ਦੇ ਵਿਦਿਆਰਥੀਆਂ ਲਈ ਕਾਲਜਾਂ ਅਤੇ ਯੂਨੀਵਰਸਿਟੀਆਂ ਮੁੜ ਖੋਲ੍ਹ ਦਿੱਤੀਆਂ ਸਨ।

ਬਿਹਾਰ ਵਿੱਚ ਮੁੜ ਖੁੱਲ੍ਹੇ ਸਕੂਲ

ਬਿਹਾਰ ਦੇ ਸਕੂਲਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ ਕਿ ਸਕੂਲ ਵਿੱਚ ਵਿਦਿਆਰਥੀ ਹਰ ਸਮੇਂ ਚਿਹਰੇ ਦੇ ਮਾਸਕ ਪਾ ਕੇ ਰੱਖਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ। ਸਕੂਲਾਂ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਕੋਰੋਨਾ ਟੈਸਟ ਕਰਵਾਉਣਾ ਵੀ ਲਾਜ਼ਮੀ ਕੀਤਾ ਗਿਆ ਹੈ।

ਉੱਤਰਾਖੰਡ ਵਿੱਚ 6ਵੀਂ ਤੋਂ 11ਵੀਂ ਤੱਕ ਮੁੜ ਖੁੱਲ੍ਹੇ ਸਕੂਲ

ਉੱਤਰਾਖੰਡ ਨੇ ਅੱਜ 6ਵੀਂ ਤੋਂ 11ਵੀਂ ਕਲਾਸ ਤੱਕ ਮੁੜ ਸਕੂਲ ਖੋਲ੍ਹ ਦਿੱਤੇ ਹਨ। ਸਕੂਲਾਂ ਵਿੱਚ ਨੋਡਲ ਅਧਿਕਾਰੀ ਨਿਯੁਕਤ ਕਰਨਗੇ, ਜੋ ਕਲਾਸਰੂਮਾਂ ਦੀ ਨਿਯਮਤ ਤੌਰ ‘ਤੇ ਸੈਨੇਟਾਈਜ਼ਿੰਗ, ਥਰਮਲ ਸਕ੍ਰੀਨਿੰਗ, ਮਾਸਕ ਪਹਿਨਣ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਦਾ ਧਿਆਨ ਰੱਖਣਗੇ।