ਬਿਉਰੋ ਰਿਪੋਰਟ : ਪਾਤੜਾਂ ਵਿੱਚ ਸਕੇਟਰ ਵਿਦਿਆਰਥੀ ਰਿਆਜ਼ਪ੍ਰਤਾਪ ਸਿੰਘ ਦੇ ਹੈਲਮੇਟ ਵਿਵਾਦ ਨੂੰ ਪ੍ਰਸ਼ਾਸਨ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ । 20 ਸਤੰਬਰ ਨੂੰ ਉਹ ਮੁੜ ਤੋਂ ਖੇਡਾਂ ਵਿੱਚ ਹਿੱਸਾ ਲਏਗਾ। ਪਾਤੜਾਂ ਦੇ ਐਸ.ਡੀ.ਐਮ ਨਵਦੀਪ ਕੁਮਾਰ ਨੇ ਦੱਸਿਆ ਕਿ ਸਕੂਲੀ ਖੇਡਾਂ ਦੌਰਾਨ ਪਿੰਡ ਬਣਵਾਲਾ ਦੇ ਵਿਦਿਆਰਥੀ ਰਿਆਜ਼ਪ੍ਰਤਾਪ ਸਿੰਘ ਨੂੰ ਸਿਰ ਦੀ ਸੱਟ ਤੋਂ ਸੁਰੱਖਿਆ ਲਈ ਸੇਫਟੀਗੇਅਰ ਪਾਉਣ ਨੂੰ ਕਿਹਾ ਗਿਆ ਸੀ ।
ਇਸ ਮਸਲੇ ਦਾ ਹੱਲ ਕੱਢਣ ਦੇ ਲਈ SDM ਦਫ਼ਤਰ ਵਿੱਚ ਬੱਚੇ ਦੇ ਮਾਪਿਆਂ ਅਤੇ ਖੇਡ ਪ੍ਰਬੰਧਕਾਂ ਦਰਮਿਆਨ ਮੀਟਿੰਗ ਹੋਈ । ਐਸ.ਡੀ.ਐਮ ਨਵਦੀਪ ਕੁਮਾਰ ਨੇ ਦੱਸਿਆ ਕਿ ਭਵਿੱਖ ਵਿੱਚ ਸਾਰੀਆਂ ਖੇਡਾਂ ਵਿੱਚ ਇਹ ਵੀ ਯਕੀਨੀ ਬਣਾਉਣਗੇ ਕਿ ਸਾਰੇ ਖਿਡਾਰੀ ਸੇਫਟੀਗੇਅਰ ਪਾਕੇ ਹੀ ਖੇਡਣ। ਉਨ੍ਹਾਂ ਦੱਸਿਆ ਕਿ ਬੱਚੇ ਦੇ ਮਾਪਿਆਂ ਨਾਲ ਬੈਠਕ ਦੌਰਾਨ ਇਹ ਵੀ ਸਾਫ ਹੋ ਗਿਆ ਹੈ ਕਿ ਬੱਚੇ ਨਾਲ ਕਿਸੇ ਵੀ ਅਧਾਰ ਉਤੇ ਵਿਤਕਰਾ ਨਹੀਂ ਕੀਤਾ ਗਿਆ। ਉਸ ਨੂੰ ਕੇਵਲ ਸੇਫਟੀ ਗੇਅਰ ਨਾ ਪਾਉਣ ਕਰਕੇ ਡਿਸਕੁਆਲੀਫਾਈ ਵੀ ਕੀਤਾ ਗਿਆ । ਉਹ ਰਿਆਜ਼ਪ੍ਰਤਾਪ ਸਿੰਘ ਆਪਣੀ ਸਹਿਮਤੀ ਨਾਲ ਸੇਫਟੀਗੇਅਰ ਪਾ ਕੇ 20 ਸਤੰਬਰ ਨੂੰ ਇਨ੍ਹਾਂ ਖੇਡਾਂ ਵਿੱਚ ਭਾਗ ਲਵੇਗਾ।
ਐਸ.ਡੀ.ਐਮ ਨਵਦੀਪ ਕੁਮਾਰ ਨੇ ਦੱਸਿਆ ਕਿ ਪਿਛਲੀਆਂ ਖੇਡਾਂ ਵਿੱਚ ਸਾਰੇ ਬੱਚੇ ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਣ,ਸਭ ਨੇ ਸਿਰ ਦੀ ਸੱਟ ਤੋਂ ਸੁਰੱਖਿਆ ਲਈ ਸੇਫਟੀਗੇਅਰ ਪਾਇਆ ਹੋਇਆ ਸੀ। ਖੇਡ ਪ੍ਰਬੰਧਕਾਂ ਵੱਲੋਂ ਇਸ ਬੱਚੇ ਨੂੰ ਸੇਟਫੀਗੇਅਰ ਪਾਉਣ ਲਈ ਹੀ ਕਿਹਾ ਗਿਆ ਸੀ ਅਤੇ ਇਹ ਕਿਸੇ ਵਿਸ਼ੇਸ਼ ਧਰਮ ਨਾਲ ਪੱਖਪਾਤ ਕਰਕੇ ਖੇਡਣ ਤੋਂ ਨਹੀਂ ਰੋਕਣ ਵਰਗਾ ਕੋਈ ਮਸਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਸਬੰਧਤ ਧਿਰਾਂ ਨਾਲ ਮੀਟਿੰਗ ਕਰਕੇ ਮਾਮਲਾ ਸੁਲਝਾ ਲਿਆ ਗਿਆ ਹੈ।
SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੱਚੇ ਨੂੰ ਜ਼ਬਰਦਸਤੀ ਹੈਲਮੇਟ ਪੁਆਉਣ ਅਤੇ ਖੇਡਾਂ ਤੋਂ ਕੱਢਣ ਦਾ ਵਿਰੋਧ ਕੀਤਾ ਹੈ । ਉਨ੍ਹਾਂ ਨੇ ਕਿਹਾ ਕਿ ਸਿੱਖ ਧਰਮ ਵਿੱਚ ਟੋਪੀ ਪਾਉਣ ਦੀ ਮਨਾਈ ਹੈ । ਪਰ ਇਸ ਦੇ ਬਾਵਜੂਦ ਬੱਚੇ ‘ਤੇ ਦਬਾਅ ਪਾਇਆ ਗਿਆ ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਨੂੰ ਖੇਡਾਂ ਤੋਂ ਬਾਹਰ ਕੱਢ ਦਿੱਤਾ ਗਿਆ । ਇਸ ਤੋਂ ਪਹਿਲਾਂ ਭਾਰਤੀ ਫੌਜ ਵਿੱਚ ਵੀ ਸਿੱਖ ਫੌਜੀਆਂ ਦੇ ਲਈ ਸਪੈਸ਼ਲ ਹੈਲਮੇਟ ਤਿਆਰ ਕੀਤਾ ਜਾ ਰਹੇ ਹਨ ਜਿਸ ਦਾ ਜਥੇਦਾਰ ਹਰਪ੍ਰੀਤ ਸਿੰਘ ਨੇ ਸਖਤ ਵਿਰੋਧ ਕੀਤਾ ਸੀ । ਉਨ੍ਹਾਂ ਨੇ ਕਿਹਾ ਸੀ ਜੇਕਰ ਇਸ ਨੂੰ ਰੋਕਿਆ ਨਹੀਂ ਗਿਆ ਤਾਂ ਸਿੱਖ ਫੌਜੀ ਇਸ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਨਗੇ । ਉਨ੍ਹਾਂ ਨੇ ਇਸ ਨੂੰ ਧਰਮ ਦੀ ਅਜ਼ਾਦੀ ਵਿੱਚ ਦਖਲ ਕਰਾਰ ਦਿੱਤਾ ਸੀ।