ਸਾਊਦੀ ਅਰਬ ਨੇ ਇਸ ਸਾਲ ਹੱਜ ਯਾਤਰੀਆਂ ਦੀ ਗਿਣਤੀ ਅਤੇ ਉਮਰ ਨਾਲ ਸਬੰਧਤ ਪਾਬੰਦੀਆਂ ਹਟਾ ਦਿੱਤੀਆਂ ਹਨ। ਨਿਊਜ਼ ਏਜੰਸੀ ਏਐਫਪੀ ਦੇ ਮੁਤਾਬਕ ਹੱਜ ਅਤੇ ਉਮਰਾ ਮਾਮਲਿਆਂ ਦੇ ਮੰਤਰੀ ਤੌਫੀਕ ਅਲ-ਰਬਿਆ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਨੇ “ਇਸ ਸਾਲ ਹੱਜ ਯਾਤਰੀਆਂ ਦੀ ਗਿਣਤੀ ਕੋਰੋਨਾ ਵਾਇਰਸ ਤੋਂ ਪਹਿਲਾਂ ਦੇ ਬਰਾਬਰ ਹੋਵੇਗੀ। ਹੱਜ ਲਈ ਆਉਣ ਵਾਲਿਆਂ ਲਈ ਕੋਈ ਉਮਰ ਸੀਮਾ ਨਹੀਂ ਹੋਵੇਗੀ।”
ਹੱਜ ਹਰ ਸਾਲ ਇੱਕ ਧਾਰਮਿਕ ਸਮਾਗਮ ਹੁੰਦਾ ਹੈ, ਜੋ ਇਸ ਸਾਲ ਜੂਨ ਮਹੀਨੇ ਵਿੱਚ ਹੋਵੇਗਾ। ਹੱਜ ਇਸਲਾਮ ਦੇ ਪੰਜ ਫਰਜ਼ਾਂ ਵਿੱਚੋਂ ਇੱਕ ਹੈ। ਬਾਕੀ ਚਾਰ ਫਰਜ਼ ਹਨ- ਕਲਮਾ, ਰੋਜ਼ਾ, ਨਮਾਜ਼ ਅਤੇ ਜ਼ਕਾਤ। ਧਾਰਮਿਕ ਮਾਨਤਾਵਾਂ ਅਨੁਸਾਰ ਸਰੀਰਕ ਅਤੇ ਆਰਥਿਕ ਤੌਰ ‘ਤੇ ਸਮਰੱਥ ਹਰ ਮੁਸਲਮਾਨ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਵਾਰ ਇਹ ਫਰਜ਼ ਨਿਭਾਵੇ।
ਗਲਫ ਨਿਊਜ਼ ਦੀ ਰਿਪੋਰਟ ਮੁਤਾਬਿਕ ਸਾਲ 2019 ‘ਚ ਕਰੀਬ 25 ਲੱਖ ਲੋਕਾਂ ਨੇ ਹੱਜ ਕੀਤਾ ਸੀ। ਹਾਲਾਂਕਿ, ਅਗਲੇ ਦੋ ਸਾਲਾਂ ਵਿੱਚ, ਕੋਰੋਨਾ ਮਹਾਂਮਾਰੀ ਦੇ ਕਾਰਨ, ਯਾਤਰੀਆਂ ਦੀ ਗਿਣਤੀ ਸੀਮਤ ਸੀ। ਇਸ ਦੌਰਾਨ ਸਿਰਫ 65 ਸਾਲ ਤੱਕ ਦੇ ਲੋਕ ਹੀ ਹੱਜ ਯਾਤਰਾ ‘ਤੇ ਜਾ ਸਕਦੇ ਹਨ। ਸਾਲ 2022 ‘ਚ ਕਰੀਬ 9 ਲੱਖ ਸ਼ਰਧਾਲੂ ਹੱਜ ਪੁੱਜੇ ਸਨ, ਜਿਨ੍ਹਾਂ ‘ਚੋਂ 7 ਲੱਖ 80 ਹਜ਼ਾਰ ਵਿਦੇਸ਼ੀ ਸਨ।