International Religion

ਸਾਊਦੀ ਅਰਬ ਨੇ ਹੱਜ ਯਾਤਰਾ ਦੇ ਨਿਯਮਾਂ ਨੂੰ ਕੀਤਾ ਸਖ਼ਤ, ਉਲੰਘਣਾ ਕਰਨ ‘ਤੇ ਲੱਗ ਸਕਦਾ ਹੈ ਜੁਰਮਾਨਾ

ਸਾਊਦੀ ਅਰਬ ਦੇ ਗ੍ਰਹਿ ਮੰਤਰਾਲੇ ਨੇ 2 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੱਜ ਯਾਤਰਾ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਹੱਜ ਯਾਤਰਾ ਦੌਰਾਨ ਤੈਅ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ‘ਤੇ ਜੁਰਮਾਨਾ ਲਗਾਇਆ ਜਾਵੇਗਾ। ਇਹ ਜੁਰਮਾਨਾ ਲਗਭਗ 2 ਲੱਖ 23 ਹਜ਼ਾਰ ਰੁਪਏ ਹੋ ਸਕਦਾ ਹੈ। ਗ੍ਰਹਿ ਮੰਤਰਾਲੇ ਮੁਤਾਬਕ ਬਿਨਾਂ ਇਜਾਜ਼ਤ ਹੱਜ ਕਰਨਾ ਗੈਰ-ਕਾਨੂੰਨੀ ਮੰਨਿਆ ਜਾਵੇਗਾ ਅਤੇ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾਵੇਗਾ।

ਨਿਯਮਾਂ ਦੀ ਉਲੰਘਣਾ ਕਰਨ ‘ਤੇ ਇਕ ਨਿਸ਼ਚਿਤ ਸਮੇਂ ਲਈ ਸਾਊਦੀ ਅਰਬ ‘ਚ ਦਾਖਲ ਹੋਣ ‘ਤੇ ਵੀ ਪਾਬੰਦੀ ਲੱਗੇਗੀ। ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਪਵਿੱਤਰ ਸਥਾਨਾਂ, ਮੱਕਾ ਅਤੇ ਸੁਰੱਖਿਆ ਨਿਯੰਤਰਣ ਖੇਤਰਾਂ ਵਿੱਚ ਬਿਨਾਂ ਆਗਿਆ ਦੇ ਦਾਖਲ ਹੋਣ ‘ਤੇ ਪਾਬੰਦੀ ਹੋਵੇਗੀ। ਇਹ ਫੈਸਲਾ 2 ਜੂਨ ਤੋਂ 20 ਜੂਨ ਤੱਕ ਲਾਗੂ ਰਹੇਗਾ।

ਦਰਅਸਲ, ਇਸ ਸਾਲ ਹੱਜ ਯਾਤਰਾ ਪਹਿਲਾਂ ਸ਼ੁਰੂ ਹੋ ਰਹੀ ਹੈ, ਇਸ ਲਈ ਭਾਰਤ ਤੋਂ ਹੱਜ ‘ਤੇ ਜਾਣ ਵਾਲੇ ਸ਼ਰਧਾਲੂਆਂ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਦੂਜੇ ਪਾਸੇ ਸਾਊਦੀ ਅਰਬ ਇਸ ਵਾਰ ਵੱਡੇ ਪ੍ਰਬੰਧ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਰਿਕਾਰਡ ਗਿਣਤੀ ‘ਚ ਹੱਜ ਯਾਤਰੀ ਸਾਊਦੀ ਪਹੁੰਚਣਗੇ, ਜਿਨ੍ਹਾਂ ‘ਚੋਂ ਭਾਰਤੀ ਸ਼ਰਧਾਲੂਆਂ ਦੀ ਗਿਣਤੀ ਵੀ ਵਧਣ ਦੀ ਉਮੀਦ ਹੈ। ਸਾਊਦੀ ਅਰਬ ਇਸ ਸਾਲ 20 ਲੱਖ ਤੋਂ ਵੱਧ ਹੱਜ ਯਾਤਰੀਆਂ ਦੇ ਸਵਾਗਤ ਦੀ ਤਿਆਰੀ ਕਰ ਰਿਹਾ ਹੈ। ਸਰਕਾਰ ਦੇ ਨਾਲ-ਨਾਲ ਨਿੱਜੀ ਖੇਤਰ ਦੀਆਂ ਏਜੰਸੀਆਂ ਵੀ ਹੱਜ ਸਹੂਲਤਾਂ ਵਧਾਉਣ ‘ਤੇ ਜ਼ੋਰ ਦੇ ਰਹੀਆਂ ਹਨ। ਸਾਊਦੀ ਸਰਕਾਰ ਨੇ ਕਿਹਾ ਹੈ ਕਿ ਇਸ ਸਾਲ ‘ਨੁਸੁਕ ਕਾਰਡ’ ਪ੍ਰਣਾਲੀ ਵੀ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਹੱਜ ਯਾਤਰੀਆਂ ਦੀ ਸਹੂਲਤ ਵਿਚ ਵਾਧਾ ਹੋ ਸਕਦਾ ਹੈ।

ਗਲਫ ਨਿਊਜ਼ ਮੁਤਾਬਕ ਇਸ ਸਾਲ ਰਮਜ਼ਾਨ ਦੇ ਮਹੀਨੇ ਮੱਕਾ ਦੀ ਗ੍ਰੈਂਡ ਮਸਜਿਦ ‘ਚ ਵੱਡੀ ਗਿਣਤੀ ‘ਚ ਸ਼ਰਧਾਲੂ ਆਏ ਸਨ। ਰਿਪੋਰਟ ਮੁਤਾਬਕ ਸਾਊਦੀ ਅਰਬ ਸਮੇਤ ਬਾਹਰੋਂ ਆਏ ਕਰੀਬ 3 ਕਰੋੜ ਮੁਸਲਮਾਨਾਂ ਨੇ ਉਮਰਾਹ ਕੀਤਾ। ਇਸ ਤੋਂ ਇਲਾਵਾ ਰਮਜ਼ਾਨ ਦੇ ਮਹੀਨੇ ‘ਚ 3 ਕਰੋੜ 30 ਲੱਖ ਲੋਕ ਮਸਜਿਦ-ਏ-ਨਬਵੀ ਪਹੁੰਚੇ ਅਤੇ ਨਮਾਜ਼ ਅਦਾ ਕੀਤੀ। ਅਜਿਹੇ ‘ਚ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਸਾਲ ਵੀ ਰਿਕਾਰਡ ਗਿਣਤੀ ‘ਚ ਸ਼ਰਧਾਲੂ ਹੱਜ ਲਈ ਆ ਸਕਦੇ ਹਨ। ਹੱਜ ਮੰਤਰਾਲੇ ਨੇ ਇਸ ਸਾਲ ਮਦੀਨਾ ਆਉਣ ਅਤੇ ਜਾਣ ਵਾਲੇ ਸ਼ਰਧਾਲੂਆਂ ਲਈ 3500 ਲੋਕਾਂ ਦੀ ਡਿਊਟੀ ਲਗਾਈ ਹੈ। ਇਸ ਤੋਂ ਇਲਾਵਾ ਸਰਕਾਰ ਨੇ ਵੱਡੀ ਗਿਣਤੀ ਵਿਚ ਇਸਲਾਮਿਕ ਇਤਿਹਾਸਕ ਸਥਾਨਾਂ ਦਾ ਨਵੀਨੀਕਰਨ ਕੀਤਾ ਹੈ। ਇਸ ਵਾਰ ਲੋਕਾਂ ਨੂੰ ਟੂਰ ਗਾਈਡ ਵੀ ਦਿੱਤੇ ਜਾਣਗੇ। ਹੱਜ ਮੰਤਰਾਲੇ ਮੁਤਾਬਕ ਪਿਛਲੇ ਸਾਲ ਕਰੀਬ 18 ਲੱਖ ਸ਼ਰਧਾਲੂ ਸਾਊਦੀ ਅਰਬ ਪੁੱਜੇ ਸਨ।