Punjab

ਸਤਿਕਾਰ ਕਮੇਟੀ ਨੇ SGPC ਚੋਣਾਂ ਕਰਵਾਉਣ ਦੀ ਕੀਤੀ ਮੰਗ !

ਬਿਊਰੋ ਰਿਪੋਰਟ : ਗੁਰਦੁਆਰਾ ਸੋਧ ਬਿੱਲ ਦੇ ਖਿਲਾਫ SGPC ਵੱਲੋਂ ਬੁਲਾਏ ਗਏ ਵਿਸ਼ੇਸ਼ ਇਜਲਾਸ ਅਤੇ ਸਰਕਾਰ ਖਿਲਾਫ਼ ਮੋਰਚੇ ਬੰਦੀ ਦੇ ਐਲਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਮੁੱਖ ਸੇਵਾਦਾਰ ਸੁਖਜੀਤ ਸਿਘ ਖੋਸਾ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਘੇਰਿਆ ਹੈ । ਉਨ੍ਹਾਂ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚਾ ਲਗਾਉਣ ਦੀ ਗੱਲ ਕੌਮ ਨੂੰ ਸਮਝ ਨਹੀਂ ਆ ਰਹੀ ਹੈ ।


ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਸੁਖਜੀਤ ਸਿੰਘ ਖੋਸਾ ਨੇ ਪੁੱਛਿਆ ਕਿ ਜਦੋਂ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਰ ਸਰੂਪ ਚੋਰੀ ਹੋਏ ਸਨ ਅਤੇ ਸੌਦਾ ਸਾਧ ਦੇ ਚੇਲਿਆਂ ਨੇ ਸ਼ਰੇਆਮ ਸਿੰਘਾਂ ਨੂੰ ਚੁਣੌਤੀ ਦਿੱਤੀ ਸੀ ਤਾਂ ਉਸ ਵੇਲੇ ਮੋਰਚਾ ਕਿਉਂ ਨਹੀਂ ਲਗਾਇਆ ਗਿਆ ਸੀ । ਸਿਰਫ਼ ਇਨ੍ਹਾਂ ਹੀ ਨਹੀਂ ਬੇਅਦਬੀ ਦੇ ਖਿਲਾਫ਼ ਬੋਲਣ ਵਾਲਿਆਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ ਸੀ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਗੋਲੀਆਂ ਚਲਾਇਆ ਗਈਆਂ ਸਨ, ਉਸ ਵੇਲੇ SGPC ਕਿਉਂ ਚੁੱਪ ਰਹੀ ਸੀ,ਮੋਰਚਾ ਕਿਉਂ ਨਹੀਂ ਲਗਾਇਆ ਗਿਆ ਸੀ ? ਖੋਸਾ ਨੇ ਕਿਹਾ ਬਾਦਲਾਂ ਦੇ ਕਹਿਣ ‘ਤੇ ਗੁਰੂ ਦੋਖੀ ਸਿਰਸੇ ਵਾਲੇ ਸਾਧ ਨੂੰ ਬਿਨਾਂ ਮੰਗੇ ਮੁਆਫੀ ਦਿੱਤੀ ਸੀ,ਉਸ ਵੇਲੇ ਕਿਸੇ ਦੀ ਜ਼ਬਾਨ ਕਿਉਂ ਨਹੀਂ ਖੁੱਲੀ ਸੀ ? ਸਿਰਫ਼ ਇਨ੍ਹਾਂ ਹੀ ਨਹੀਂ ਸਤਿਕਾਰ ਕਮੇਟੀ ਨੇ ਇਲਜ਼ਾਮ ਲਗਾਇਆ ਕਿ ਉਸ ਵੇਲੇ ਮੁਆਫੀ ਨੂੰ ਜਾਇਜ਼ ਠਹਿਰਾਉਣ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਦੀ ਗੋਲਤ ਵਿੱਚੋਂ 92 ਲੱਖ ਦੇ ਇਸ਼ਤਿਹਾਰ ਦਿੱਤੇ ਗਏ ਸਨ । ਖੋਸਾ ਨੇ ਕਿਹਾ ਅਜਿਹੇ ਨਾਜ਼ੁਕ ਦੌਰ ਦੌਰਾਨ SGPC ਸਿੱਖਾਂ ਦੇ ਨਾਲ ਖੜੀ ਨਹੀਂ ਹੋਈ ਬਲਕਿ ਬਾਦਲਾਂ ਦੇ ਹੱਕ ਖੜੀ ਹੋਕੇ ਸਿੱਖ ਪੰਥ ਦੇ ਖਤਰੇ ਦੀ ਦੁਹਾਈ ਦਿੰਦੀ ਰਹੀ । ਉਨ੍ਹਾਂ ਕਿਹਾ SGPC ਦੇ ਪ੍ਰਧਾਨ ਧਾਮੀ ਨੂੰ ਆਪਣੇ ਆਕਾ ਸੁਖਬੀਰ ਸਿੰਘ ਬਾਦਲ ਦੀ ਦਾਹੜੀ ਦਾ ਫਿਕਰ ਤਾਂ ਹੈ ਪਰ ਜਦੋਂ ਸਿੱਖਾਂ ਦੀਆਂ ਦਾਹੜੀਆਂ ਅਤੇ ਕੇਸ ਦਸਤਾਰਾਂ ਦੀ ਬੇਅਦਬੀ ਹੋ ਰਹੀ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਮੌਨ ਕਿਉਂ ਧਾਰ ਲਿਆ ਸੀ ।

ਸਤਿਕਾਰ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦੀ ਹੋਲੀ ਖੇਡਣ ਦੀਆਂ ਫੋਟੋਆਂ ਵੀ ਨਸ਼ਰ ਕੀਤੀਆਂ ਅਤੇ ਇਲਜ਼ਾਮ ਲਗਾਇਆ ਕਿ ਕਿਵੇਂ ਕੇਸਾਂ ਦੀ ਬੇਅਦਬੀ ਕੀਤੀ ਗਈ ਸੀ । ਪਰ ਉਸ ਵੇਲੇ ਨਾ SGPC ਬੋਲੀ ਨਾ ਹੀ ਜਥੇਦਾਰ ਸਾਹਿਬ, ਜਥੇਬੰਦੀ ਦੇ ਮੁੱਖੀ ਸੁਖਜੀਤ ਸਿੰਘ ਖੋਸਾ ਨੇ ਪੁੱਛਿਆ ਕਿ ਕਰੋੜਾਂ-ਅਰਬਾਂ ਦਾ ਕਮੇਟੀ ਦਾ ਬਜਟ ਹੈ ਜਦੋਂ ਤਤਕਾਲੀ ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਸਾਲ ਪਹਿਲਾਂ ਆਪਣਾ ਚੈਨਲ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤ ਸਨ ਤਾਂ ਹੁਣ ਤੱਕ ਕਿਉਂ ਨਹੀਂ ਸ਼ੁਰੂ ਕੀਤਾ ਗਿਆ ।

ਸਤਿਕਾਰ ਕਮੇਟੀ ਨੇ ਕਿਹਾ ਸੁਖਬੀਰ ਸਿੰਘ ਬਾਦਲ ਹਿੱਕ ‘ਤੇ ਹੱਥ ਮਾਰ ਕੇ ਕਹਿੰਦੇ ਹਨ ਕਿ PTC ਚੈਨਲ ਉਨ੍ਹਾਂ ਦਾ ਹੈ ਪਰ ਸਿਰਫ਼ ਉਨ੍ਹਾਂ ਦੇ ਚੈਨਲ ਨੂੰ ਹੀ ਕਿਉਂ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਮਿਲਿਆ ਹੋਇਆ ਹੈ । ਭਾਈ ਖੋਸਾ ਨੇ ਕਿਹਾ ਸ਼੍ਰੋਮਣੀ ਕਮੇਟੀ ਗੁਲਾਮ ਹੈ ਅਤੇ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਦੇ ਲਈ ਗੁਰਬਾਣੀ ਪ੍ਰਸਾਰਣ ਨੂੰ ਮੁੱਦਾ ਬਣਾ ਕੇ ਧਰਮ ਦੀ ਜੰਗ ਬਣਾ ਰਹੇ ਹਨ । ਜਿਸ ਦਾ ਵਿਚੋਲਾ ਹਰਜਿੰਦਰ ਸਿੰਘ ਧਾਮੀ ਹੈ,ਜੋ ਧਰਮ ਦਾ ਵਕੀਲ ਬਣਨ ਦੀ ਥਾਂ ਬਾਦਲਾਂ ਦਾ ਸਿਆਸੀ ਵਕੀਲ ਬਣਕੇ ਵਿਚੋਲਗਿਰੀ ਦਾ ਕੰਮ ਕਰ ਰਿਹਾ ਹੈ ।

ਸਤਿਕਾਰ ਕਮੇਟੀ ਦੇ ਮੁੱਖੀ ਸੁਖਜੀਤ ਸਿੰਘ ਖੋਸਾ ਨੇ ਇਲਜ਼ਾਮ ਲਗਾਇਆ ਕਿ ਜਦੋਂ ਹਰਿਆਣਾ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਤੋੜਿਆ ਗਿਆ ਸੀ ਤਾਂ ਉਸ ਵੇਲੇ SGPC ਨੇ ਮੋਰਚੇ ਕਿਉਂ ਨਹੀਂ ਲਗਾਏ ਸਨ । ਡੇਢ ਸਾਲ ਤੱਕ ਗੋਲੀਕਾਂਡ ਦੀ ਜਾਂਚ ਨੂੰ ਲੈਕੇ ਸੁਖਰਾਜ ਸਿੰਘ ਨਿਆਜਮੀਵਾਲਾ ਨੇ ਇਨਸਾਫ ਮੋਰਚਾ ਲਗਾਇਆ ਪਰ SGPC ਨੇ ਇੱਕ ਵਾਰ ਵੀ ਹਮਾਇਤ ਨਹੀਂ ਕੀਤੀ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਕਿਸ ਨੇ ਕਿੱਥੇ ਭੇਜੇ ਇਸ ਬਾਰੇ ਹੁਣ ਤੱਕ ਕੁਝ ਵੀ ਸਾਫ ਨਹੀਂ ਹੋਇਆ ਹੈ । ਭਾਈ ਖੋਸਾ ਨੇ ਤੰਜ ਕੱਸ ਦੇ ਹੋਏ ਕਿਹਾ ਬਾਦਲ ਲਾਣੇ ਦੇ ਚੇਲੇ ਹਨ ਅਤੇ ਸ੍ਰੋਮਣੀ ਕਮੇਟੀ ਨੂੰ 12 ਸਾਲਾਂ ਤੋਂ ਕੌਮ ‘ਤੇ ਜੋਕ ਵਾਂਗ ਚੂੰਬੜੇ ਹੋਏ ਹਨ । ਇੰਨ੍ਹਾਂ ਨੂੰ ਨੈਤਿਕਤਾ ਦੇ ਅਧਾਰ ‘ਤੇ ਅਸਤੀਫਾ ਦੇ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ ਅਤੇ ਨਰੈਣੂ ਮਹੰਤ ਦੀ ਸੋਚ ਦਾ ਤਿਆਰ ਕਰਦਿਆਂ ਵੋਟ ਅਤੇ ਨੋਟ ਦੀ ਸਿਆਸਤ ਨੂੰ ਛੱਡ ਕੇ ਗੁਰੂ ਸਾਹਿਬਾਨਾਂ ਦੇ ਸਿਧਾਂਤ ਨੂੰ ਆਜ਼ਾਦ ਕਰਨਾ ਚਾਹੀਦਾ ਹੈ ।