‘ਦ ਖ਼ਾਲਸ ਬਿਊਰੋ :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ “6 ਫਰਵਰੀ ਦਾ ਪ੍ਰੋਗਰਾਮ ਪੂਰੇ ਦੇਸ਼ ਵਿੱਚ ਤਿੰਨ ਘੰਟੇ ਸੜਕੀ ਆਵਾਜਾਈ ਜਾਮ ਕਰਕੇ ਕੇਂਦਰ ਸਰਕਾਰ ਦੇ ਭਰਮ ਭੁਲੇਖੇ ਦੂਰ ਕਰਕੇ ਇੱਕ ਜਨ-ਅੰਦੋਲਨ ਹੋਣ ਦਾ ਸਬੂਤ ਦੇਵੇਗਾ। ਪੰਧੇਰ ਨੇ ਕੇਂਦਰ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਪ੍ਰਾਈਵੇਟ ਹਿੱਸੇਦਾਰੀ ਰਾਹੀਂ ਖੇਤੀ ਆਮਦਨ ਦੁੱਗਣੀ ਕਰਨ ਵਾਲੀ ਭਾਜਪਾ ਸਰਕਾਰ ਇਹ ਦੱਸੇ ਕਿ ਯੂ.ਪੀ., ਬਿਹਾਰ ਅਤੇ ਮੱਧ ਪ੍ਰਦੇਸ਼, ਜਿੱਥੇ ਭਾਜਪਾ ਦੀਆਂ ਸੂਬਾਈ ਸਰਕਾਰਾਂ ਹਨ, ਉੱਥੇ ਕਣਕ, ਝੋਨਾ MSP ਤੋਂ 700, 800 ਰੁਪਏ ਤੋਂ ਘੱਟ ਵਪਾਰੀ ਲੁੱਟ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਕਿਉਂ ਵੇਚਦੇ ਹਨ?

ਜੋ ਕਿਸਾਨ ਡੇਅਰੀ ਫਾਰਮ, ਪੋਲਟਰੀ ਫਾਰਮ, ਸ਼ਹਿਦ ਮੱਖੀ ਪਾਲਣ, ਸਬਜ਼ੀ, ਫਲ ਆਦਿ ਪ੍ਰਾਈਵੇਟ ਖੇਤਰ ਵਿੱਚ ਹਨ, ਉਹ ਕਿਸਾਨ ਬਾਦਸ਼ਾਹ ਕਿਉਂ ਨਾ ਬਣ ਗਏ? ਪੰਧੇਰ ਨੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਵੱਲੋਂ ਆਰ.ਐੱਸ.ਐੱਸ., ਬੀ.ਜੇ.ਪੀ. ਦੇ ਦੰਗਈਆਂ ਰਾਹੀਂ ਹਮਲਾ ਕਰਕੇ ਖੂਨ ਦੀ ਹੋਲੀ ਖੇਡੀ ਗਈ ਹੈ ਪਰ ਅਜੇ ਤੱਕ ਉਨ੍ਹਾਂ ਲੋਕਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਸਰਕਾਰ ਇਨ੍ਹਾਂ ਸਵਾਲਾਂ ’ਤੇ ਕੁੱਝ ਬੋਲ ਰਹੀ ਹੈ”।