‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ.ਬਘੇਲ ਸਿੰਘ ਇੱਕ ਪੰਜਾਬੀ ਸਿੱਖ ਜਰਨੈਲ ਸੀ। ਉਨ੍ਹਾਂ ਦਾ ਜਨਮ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਝਬਾਲ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ। 1765 ਵਿੱਚ ਓਹ ਕਰੋੜ ਸਿੰਘੀਆ ਮਿਸਲ ਦੇ ਸਰਦਾਰ ਬਣੇ। ਮੁਗ਼ਲ ਫ਼ੌਜ ਨੂੰ ਹਰਾਉਣ ਮਗਰੋਂ ਬਘੇਲ ਸਿੰਘ ਅਤੇ ਉਨ੍ਹਾਂ ਦੀ ਫ਼ੌਜ ਨੇ 11 ਮਾਰਚ, 1783 ਨੂੰ ਦਿੱਲੀ ਦੇ ਲਾਲ ਕਿਲ੍ਹਾ ’ਤੇ ਕਬਜ਼ਾ ਕੀਤਾ। ਉਨ੍ਹਾਂ ਨੇ ਦਿੱਲੀ ਦੇ ਸਿੱਖਾਂ ਲਈ ਪਵਿੱਤਰ ਥਾਂਵਾਂ ਅਤੇ 5 ਗੁਰਦਵਾਰੇ ਵੀ ਬਣਵਾਏ। ਸ: ਬਘੇਲ ਸਿੰਘ ਇੱਕ ਦਲੇਰ ਅਤੇ ਮਹਾਨ ਯੋਧਾ, ਨੀਤੀਵਾਨ ਅਤੇ ਦੂਰਦਰਸ਼ੀ ਪੰਥਕ ਲੀਡਰ ਸਨ। ਉਨ੍ਹਾਂ ਦੀ ਅਗਵਾਈ ਹੇਠ ਕਰੋੜ ਸਿੰਘੀਆ ਮਿਸਲ ਨੇ ਬਹੁਤ ਉੱਨਤੀ ਕੀਤੀ। ਉਨ੍ਹਾਂ ਦੀ ਸਭ ਤੋਂ ਵੱਡੀ ਇਤਿਹਾਸਕ ਪ੍ਰਾਪਤੀ ਦਿੱਲੀ ਦੀ ਫਤਹਿ ਅਤੇ ਉੱਥੇ ਗੁਰਦੁਆਰਿਆਂ ਦੀ ਉਸਾਰੀ ਗਿਣੀ ਜਾਂਦੀ ਹੈ।
ਸੰਨ 1773 ਵਿੱਚ ਸਿੱਖ ਮਿਸਲਾਂ ਦੇ ਤਿੰਨ ਸਰਦਾਰ ਸ.ਜੱਸਾ ਸਿੰਘ ਰਾਮਗੜ੍ਹੀਆ, ਸ.ਜੱਸਾ ਸਿੰਘ ਆਹਲੂਵਾਲੀਆ ਅਤੇ ਸ.ਬਘੇਲ ਸਿੰਘ ਕਰੋੜਸਿੰਘੀਆ ਆਪਣੀਆਂ-ਆਪਣੀਆਂ ਫੌਜਾਂ ਲੈ ਕੇ ਦਿੱਲੀ ਜਿੱਤਣ ਦੇ ਇਰਾਦੇ ਨਾਲ ਪਹੁੰਚੇ। ਬਘੇਲ ਸਿੰਘ ਦੀ ਫੌਜ ਦੀ ਗਿਣਤੀ 30 ਹਜ਼ਾਰ ਸੀ। ਉਨ੍ਹਾਂ ਨੇ ਆਪਣੀ ਫੌਜ ਦੇ ਤੰਬੂ ਜਿੱਥੇ ਲਾਏ, ਉਹ ਛੇ ਮਹੀਨਿਆਂ ਤੱਕ ਲੱਗੇ ਰਹੇ, ਜਿਸ ਕਰਕੇ ਉਸ ਮੈਦਾਨ ਦਾ ਨਾਂ ਤੀਸ ਹਜ਼ਾਰੀ ਪੈ ਗਿਆ।
ਦਿੱਲੀ ਫਤਿਹ ਕਰਨ ਲਈ ਦਿੱਲੀ ਨੂੰ ਚਾਲੇ
ਦਲ ਖਾਲਸਾ ਨੇ ਦਿੱਲੀ ਉੱਤੇ ਕਬਜ਼ਾ ਕਰਨ ਲਈ 60 ਹਜ਼ਾਰ ਦੀ ਫ਼ੌਜ ਲੈ ਕੇ 4 ਫ਼ਰਵਰੀ, 1783 ਨੂੰ ਸਰਹੰਦ ਤੋਂ ਕੂਚ ਕੀਤਾ। ਦਲ ਖ਼ਾਲਸਾ ਦੀ ਕਮਾਂਡ ਸ. ਜੱਸਾ ਸਿੰਘ ਆਹਲੂਵਾਲੀਆ ਅਤੇ ਸ. ਬਘੇਲ ਸਿੰਘ ਦੇ ਹੱਥ ਸੀ। 9 ਮਾਰਚ ਨੂੰ ਸਿੱਖ ਫ਼ੌਜ ਦਿੱਲੀ ਪਹੁੰਚੀ ਅਤੇ 11 ਮਾਰਚ ਨੂੰ ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਮੌਜੂਦਾ ਨਵੀਂ ਦਿੱਲੀ ਦੇ ਸਥਾਨ ਉੱਤੇ ਭਾਰੀ ਲੜਾਈ ਹੋਈ। ਬਾਦਸ਼ਾਹ ਸ਼ਾਹ ਆਲਮ ਮਹਾਦਾ ਜੀ ਭਾਵੇਂ ਸਿੰਧੀਆ ਦੀ ਸੁਰੱਖਿਆ ਹੇਠ ਸੀ ਪਰ ਕਈ ਵਾਰ ਸਿੱਖਾਂ ਨਾਲ ਦੋ-ਦੋ ਹੱਥ ਕਰ ਚੁੱਕੇ ਮਰਾਠੇ ਇਸ ਜੰਗ ਤੋਂ ਬਾਹਰ ਰਹੇ। ਉਸ ਸਮੇਂ ਦਿੱਲੀ ਤਖਤ ਉੱਤੇ ਸ਼ਾਹ ਆਲਮ ਬਿਰਾਜਮਾਨ ਸੀ। 12 ਮਾਰਚ ਨੂੰ ਸਿੱਖ ਫ਼ੌਜ ਨੇ ਲਾਲ ਕਿਲ੍ਹੇ ਨੂੰ ਘੇਰਾ ਪਾ ਲਿਆ ਅਤੇ ਮੁਖ਼ਬਰਾਂ ਦੀ ਦਿੱਤੀ ਸੂਹ ਮੁਤਾਬਕ ਇੱਕ ਕਮਜ਼ੋਰ ਥਾਂ ਤੋਂ ਦੀਵਾਰ ਤੋੜ ਕੇ ਅੰਦਰ ਜਾ ਵੜੇ। ਬਾਦਸ਼ਾਹ ਸ਼ਾਹ ਆਲਮ ਅਤੇ ਉਸ ਦੇ ਜਰਨੈਲ ਸਿੰਘਾਂ ਨੂੰ ਵੇਖ ਕੇ ਮਹਿਲਾਂ ਅੰਦਰ ਲੁੱਕ ਗਏ।
ਸ: ਬਘੇਲ ਸਿੰਘ ਆਪਣੀ ਜੇਤੂ ਫੌਜ ਨਾਲ 11 ਮਾਰਚ, 1783 ਨੂੰ ਲਾਲ ਕਿਲ੍ਹੇ ਵਿੱਚ ਦਾਖਲ ਹੋਏ। ਲਾਹੌਰ ਦਰਵਾਜਾ, ਮੀਨਾ ਬਾਜ਼ਾਰ ਅਤੇ ਨਕਾਰ ਖਾਨਾ ਲੰਘ ਕੇ ਉਹ ਦੀਵਾਨ-ਏ-ਆਮ ਵਿੱਚ ਪਹੁੰਚੇ, ਜਿਥੇ ਕਦੇ ਸ਼ਾਹਜਹਾਨ, ਔਰੰਗਜੇਬ ਅਤੇ ਬਹਾਦਰ ਸ਼ਾਹ ਵਰਗੇ ਮੁਗਲ ਦਰਬਾਰ ਲਗਾਇਆ ਕਰਦੇ ਸਨ। ਦੀਵਾਨ-ਏ-ਆਮ ‘ਤੇ ਕਬਜਾ ਕਰ ਲੈਣ ਮਗਰੋਂ ਕਿਲ੍ਹੇ ਦੇ ਮੁਖ ਦਵਾਰ ਉੱਤੇ ਕੇਸਰੀ ਝੰਡਾ ਝੁਲਾਇਆ ਗਿਆ, ਜਿਸ ਕਿਲ੍ਹੇ ਵਿੱਚੋਂ ਬਾਦਸ਼ਾਹ ਫਰੁੱਖਸੀਅਰ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਉਨ੍ਹਾਂ ਦੇ 740 ਸਾਥੀ ਸਿੰਘਾਂ ਨੂੰ ਭਾਰੀ ਅੱਤਿਆਚਾਰ ਕਰਕੇ ਸ਼ਹੀਦ ਕੀਤਾ ਗਿਆ ਸੀ। ਅੱਜ ਉਹੀ ਲਾਲ ਕਿਲਾ ਖ਼ਾਲਸੇ ਦੇ ਕਦਮਾਂ ਵਿੱਚ ਸੀ ਅਤੇ ਇੱਥੋਂ ਦਾ ਮੁਗਲ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵਾਰਸ ਸਿੱਖਾਂ ਕੋਲੋਂ ਆਪਣੀ ਜਾਨ ਅਤੇ ਰਾਜ ਦੀ ਸਲਾਮਤੀ ਦੀ ਭੀਖ ਮੰਗ ਰਿਹਾ ਸੀ।
ਬੇਗਮ ਸਮਰੂ ਨੇ ਸ.ਬਘੇਲ ਸਿੰਘ ਅੱਗੇ ਕੀ ਬੇਨਤੀ ਕੀਤੀ ਸੀ
ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਦੀਵਾਨ-ਏ-ਆਮ ਵਿੱਚ ਦਰਬਾਰ ਲਗਾ ਕੇ ਸੁਲਤਾਨ ਐਲਾਨ ਕੇ ਦਿੱਲੀ ਤਖ਼ਤ ‘ਤੇ ਬਿਠਾਇਆ ਗਿਆ। ਦੂਜੇ ਪਾਸੇ ਬੇਗਮ ਸਮਰੂ 12 ਮਾਰਚ 1783 ਨੂੰ ਦਿੱਲੀ ਪਹੁੰਚ ਗਈ। ਉਸਨੇ ਸ: ਬਘੇਲ ਸਿੰਘ ਦੇ ਤੀਸ ਹਜ਼ਾਰੀ ਸਥਿਤ ਡੇਰੇ ਉੱਤੇ ਗੱਲਬਾਤ ਤੋਰੀ। ਬੇਗਮ ਸਮਰੂ ਨੇ ਸ: ਬਘੇਲ ਸਿੰਘ ਤੋਂ ਦੋ ਗੱਲਾਂ ਦੀ ਮੰਗ ਕੀਤੀ। ਇੱਕ, ਸ਼ਾਹ ਆਲਮ ਦੀ ਜ਼ਿੰਦਗੀ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ, ਦੂਜਾ ਲਾਲ ਕਿਲ੍ਹੇ ‘ਤੇ ਸ਼ਾਹ ਆਲਮ ਦਾ ਅਧਿਕਾਰ ਬਣਿਆ ਰਹਿਣ ਦਿੱਤਾ ਜਾਵੇ। ਸ: ਬਘੇਲ ਸਿੰਘ ਇੱਕ ਅਜਿਹੀ ਸ਼ਖਸੀਅਤ ਸਨ, ਜਿਨ੍ਹਾਂ ਤੋਂ ਸਿੱਖਾਂ ਵੱਲੋਂ ਗੱਲਬਾਤ ਕਰਨ ਲਈ ਸਰਬ ਪ੍ਰਵਾਨਿਤ ਪ੍ਰਤੀਨਿਧ ਵਜੋਂ ਸਹਿਮਤੀ ਬਣਦੀ ਸੀ ਅਤੇ ਉਨ੍ਹਾਂ ਨੂੰ ਸਿੱਖਾਂ ਵੱਲੋਂ ਗੱਲਬਾਤ ਕਰਨ ਦਾ ਜਿੰਮਾ ਸੌਂਪਿਆ ਗਿਆ।
ਸ.ਬਘੇਲ ਸਿੰਘ ਨੇ ਬੇਗਮ ਸਮਰੂ ਅੱਗੇ ਰੱਖੀਆਂ ਇਤਿਹਾਸਕ ਸ਼ਰਤਾਂ
ਸ: ਬਘੇਲ ਸਿੰਘ ਨੇ ਆਪਣੀ ਤੀਖਣ ਬੁੱਧੀ ਸਦਕਾ ਇਸ ਜਿੱਤ ਦਾ ਵੱਧ ਤੋਂ ਵੱਧ ਫਾਇਦਾ ਪ੍ਰਾਪਤ ਕਰਨ ਲਈ ਸੰਧੀ ਵਿੱਚ ਅਜਿਹੀਆਂ ਸ਼ਰਤਾਂ ਮਨਵਾਉਣ ਵਿੱਚ ਸਫਲਤਾ ਹਾਸਲ ਕੀਤੀ, ਜਿਹੜੀ ਸੰਧੀ ਸਮੂਹ ਸਿੱਖ ਸਰਦਾਰਾਂ ਵੱਲੋਂ ਸਰਬ ਪ੍ਰਵਾਨਿਤ ਹੋ ਸਕੇ। ਸੋ, ਬੇਗਮ ਸਮਰੂ ਵੱਲੋਂ ਰੱਖੀਆਂ ਦੋ ਸ਼ਰਤਾਂ ਦੇ ਮੁਕਾਬਲੇ ਸ: ਬਘੇਲ ਸਿੰਘ ਨੇ ਜੋ ਸ਼ਰਤਾਂ ਸ਼ਾਹ ਆਲਮ ਅੱਗੇ ਰੱਖੀਆਂ, ਉਨ੍ਹਾਂ ਵਿੱਚ ਪਹਿਲੀ ਸ਼ਰਤ ਸੀ ਕਿ ਦਿੱਲੀ ਦੀਆਂ ਉਹ ਸਾਰੀਆਂ ਥਾਂਵਾਂ ਸਿੱਖਾਂ ਨੂੰ ਸੌਂਪ ਦਿੱਤੀਆਂ ਜਾਣ , ਜਿਨ੍ਹਾਂ ਦਾ ਸਬੰਧ ਸਿੱਖ ਗੁਰੂ ਸਾਹਿਬਾਨ ਦੀ ਦਿੱਲੀ ਫੇਰੀ ਜਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਜੁੜੀ ਹੋਵੇ। ਦੂਜੀ ਸ਼ਰਤ ਸੀ ਕਿ, ਉਪਰੋਕਤ ਸਥਾਨਾਂ ਦੀ ਨਿਸ਼ਾਨਦੇਹੀ ਹੋ ਜਾਣ ਉਪਰੰਤ ਸ਼ਾਹੀ ਫਰਮਾਨ ਜਾਰੀ ਕੀਤਾ ਜਾਵੇ ਕਿ ਪੰਥ ਨੂੰ ਆਪਣੇ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਉਸਾਰਨ ਦੀ ਆਗਿਆ ਦਿੱਤੀ ਜਾਵੇ। ਤੀਜੀ ਸ਼ਰਤ ਸੀ ਕਿ, ਸ਼ਹਿਰ ਦੀ ਕੋਤਵਾਲੀ ਖ਼ਾਲਸੇ ਦੇ ਸਪੁਰਦ ਕੀਤੀ ਜਾਵੇ ਅਤੇ ਦਿੱਲੀ ਵਿੱਚ ਮਾਲ ਦੀ ਵਿਕਰੀ ਤੋਂ ਇਕੱਠੀ ਹੋਣ ਵਾਲੀ ਚੁੰਗੀ ਵਿੱਚੋਂ 37.5% ਦੇ ਹਿਸਾਬ ਨਾਲ ਸਿੱਖਾਂ ਨੂੰ ਪੈਸਾ ਦਿੱਤਾ ਜਾਵੇ। ਇਹੀ ਪੈਸਾ ਗੁਰਦੁਆਰਿਆਂ ਦੀ ਉਸਾਰੀ ਅਤੇ ਫੌਜ ਦੀਆਂ ਤਨਖਾਹਾਂ ਆਦਿ ‘ਤੇ ਖਰਚ ਕੀਤਾ ਜਾਣਾ ਸੀ।
ਸਿੱਖਾਂ ਲਈ ਗੁਰਦੁਆਰਿਆਂ ਦੀ ਸਥਾਪਨਾ
ਸ: ਬਘੇਲ ਸਿੰਘ ਨੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੀ ਉਸਾਰੀ ਕਰਵਾਈ, ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਆਮਦ ਸਮੇਂ ਆਪਣਾ ਨਿਵਾਸ ਰੱਖਿਆ ਸੀ। ਇਸ ਤੋਂ ਬਾਅਦ ਮਜਨੂੰ ਕਾ ਟਿੱਲਾ ਵਿਖੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ, ਜਿੱਥੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣਾ ਨਿਵਾਸ ਰੱਖਿਆ ਸੀ। ਉੱਥੇ ਜਿੰਨੇ ਵੀ ਗੁਰਦੁਆਰੇ ਬਣੇ, ਉਹ ਸ.ਬਘੇਲ ਸਿੰਘ ਨੇ ਅੱਠ ਮਹੀਨਿਆਂ ਦੌਰਾਨ ਉੱਥੇ ਰਹਿ ਕੇ ਉਸਾਰੇ। ਸ਼ਾਹ ਆਲਮ ਨੇ ਉਮਰ ਭਰ ਲਈ ਦਿੱਲੀ ਦੀ ਚੁੰਗੀ ਦਾ ਅੱਠਵਾਂ ਹਿੱਸਾ ਸ: ਬਘੇਲ ਸਿੰਘ ਦੇ ਨਾਂ ਕਰ ਦਿੱਤਾ।
ਸ.ਬਘੇਲ ਸਿੰਘ ਦੀ ਸ਼ਹਿਨਸ਼ਾਹ ਆਲਮ ਨਾਲ ਮੁਲਾਕਾਤ
ਸ: ਬਘੇਲ ਸਿੰਘ ਨੇ ਨਵੰਬਰ 1783 ਦੇ ਅਖੀਰ ਤੱਕ ਸਾਰੇ ਗੁਰਦੁਆਰਿਆਂ ਦੀ ਉਸਾਰੀ ਮੁਕੰਮਲ ਕਰ ਦਿੱਤੀ। ਜਦੋਂ ਸ: ਬਘੇਲ ਸਿੰਘ ਗੁਰਦੁਆਰਿਆਂ ਦੀ ਉਸਾਰੀ ਕਰਕੇ ਦਸੰਬਰ ਦੇ ਅਰੰਭ ਵਿੱਚ ਪੰਜਾਬ ਨੂੰ ਮੁੜਨ ਲੱਗੇ ਤਾਂ ਸ਼ਹਿਨਸ਼ਾਹ ਆਲਮ ਨੇ ਸ: ਬਘੇਲ ਸਿੰਘ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਅਤੇ ਆਪਣੇ ਵਜ਼ੀਰ ਨੂੰ ਮੁਲਾਕਾਤ ਦਾ ਪ੍ਰਬੰਧ ਕਰਨ ਲਈ ਸ: ਬਘੇਲ ਸਿੰਘ ਕੋਲ ਭੇਜਿਆ। ਇਸ ਤੋਂ ਪਹਿਲਾਂ ਸ: ਬਘੇਲ ਸਿੰਘ ਦੀ ਸ਼ਹਿਨਸ਼ਾਹ ਆਲਮ ਦੀ ਆਪਸੀ ਗੱਲਬਾਤ ਨਹੀਂ ਸੀ ਹੋਈ। ਜਦ ਸ: ਬਘੇਲ ਸਿੰਘ ਲਾਲ ਕਿਲ੍ਹੇ ਸ਼ਹਿਨਸ਼ਾਹ ਨੂੰ ਮਿਲਣ ਲਈ ਚੱਲੇ ਤਾਂ ਉਹ ਪੂਰੀ ਤਰ੍ਹਾਂ ਸ਼ਸਤਰਬੱਧ ਹੋ ਕੇ ਹਾਥੀ ਦੇ ਹੌਦੇ ਉੱਪਰ ਬੈਠੇ ਸਨ। ਕਿਲ੍ਹੇ ਕੋਲ ਪਹੁੰਚਦੇ ਹੀ ਵੱਡੇ ਵਜ਼ੀਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਹਾਥੀ ਤੋਂ ਬਾਅਦ ਸ: ਬਘੇਲ ਸਿੰਘ ਘੋੜੇ ‘ਤੇ ਸਵਾਰ ਹੋਏ ਅਤੇ ਘੋੜੇ ‘ਤੇ ਚੜ੍ਹੇ ਹੀ ਉਹ ਕਿਲ੍ਹੇ ਅੰਦਰ ਦਾਖਲ ਹੋਏ। ਜਦੋਂ ਉੱਤਰੇ ਤਾਂ ਹੋਰ ਵਜ਼ੀਰ ਕਤਾਰ ਵਿੱਚ ਖੜ੍ਹੇ ਸਨ। ਉਨ੍ਹਾਂ ਨਾਲ ਸ: ਦੁਲਚਾ ਸਿੰਘ ਅਤੇ ਸ: ਸਦਾ ਸਿੰਘ ਵੀ ਸਨ। ਸ: ਬਘੇਲ ਸਿੰਘ ਨੇ ਦਰਬਾਰ ਵਿੱਚ ਪਹੁੰਚ ਕੇ ਗੱਜ ਕੇ ਫਤਹਿ ਬੁਲਾਈ। ਸ: ਬਘੇਲ ਸਿੰਘ ਨੇ ਸ਼ਾਹੀ ਦਰਬਾਰ ਵਿੱਚ ਵੀ ਆਪਣੀ ਸ਼ਾਹੀ ਸਿੱਖ ਮਰਿਆਦਾ ਵੀ ਕਾਇਮ ਰੱਖੀ। ਸ: ਬਘੇਲ ਸਿੰਘ ਨੂੰ ਸਲਾਮੀ ਦਿੱਤੀ ਗਈ ਤਾਂ ਸ਼ਹਿਨਸ਼ਾਹ ਨੇ ਦੋਵੇਂ ਹੱਥ ਉਤਾਂਹ ਚੁੱਕ ਲਏ।
ਸ: ਬਘੇਲ ਸਿੰਘ ਸਮੇਤ ਬਾਕੀ ਸਰਦਾਰਾਂ ਨੂੰ ਵੀ ਦਰਬਾਰ ਵਿੱਚ ਮਾਣ ਸਤਿਕਾਰ ਦੀਆਂ ਕੁਰਸੀਆਂ ਦਿੱਤੀਆਂ ਗਈਆਂ। ਸ਼ਾਹ ਅਤੇ ਬਘੇਲ ਸਿੰਘ ਪੁਰਾਣੇ ਮਿੱਤਰਾਂ ਵਾਂਗ ਵਿਚਾਰਾਂ ਕਰਦੇ ਰਹੇ ਅਤੇ ਸ਼ਹਿਨਸ਼ਾਹ ਨੇ ਕਿਹਾ ਕਿ ਇਹ ਗੱਲ ਕਿਸੇ ਨੇ ਉਡਾਈ ਲੱਗਦੀ ਹੈ ਕਿ ਸਿੰਘ ਲੁਟੇਰੇ ਹਨ। ਉਹ ਬਘੇਲ ਸਿੰਘ ਤੋਂ ਅਤੇ ਹੋਰ ਸਰਦਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਸ਼ਹਿਨਸ਼ਾਹ ਨੇ ਪੰਜ ਹਜ਼ਾਰ ਰੁਪਏ ਕੜਾਹ ਪ੍ਰਸ਼ਾਦਿ ਲਈ ਦੇ ਕੇ ਸ: ਬਘੇਲ ਸਿੰਘ ਨੂੰ ਬੜੇ ਆਦਰ ਤੇ ਸਤਿਕਾਰ ਨਾਲ ਵਿਦਾ ਕੀਤਾ।
ਸਿੱਖਾਂ ਦੀ 1764 ਵਿੱਚ ਸਰਹਿੰਦ ਉੱਤੇ ਜਿੱਤ ਤੋਂ ਥੋੜ੍ਹੀ ਦੇਰ ਬਾਅਦ, ਸ. ਬਘੇਲ ਸਿੰਘ ਨੇ ਆਪਣੇ ਸ਼ਾਸਨ ਨੂੰ ਕਰਨਾਲ ਤੋਂ ਅੱਗੇ ਵਧਾ ਕੇ ਛੱਲੌੜੀ ਸਮੇਤ ਕਈ ਪਿੰਡਾਂ ਉੱਤੇ ਕਬਜ਼ਾ ਕਰ ਲਿਆ, ਜਿੱਥੇ ਉਨ੍ਹਾਂ ਨੇ ਨਵਾਂ ਹੈਡਕੁਆਰਟਰ ਬਣਾ ਲਿਆ। ਸ. ਬਘੇਲ ਸਿੰਘ ਨੇ ਮੇਰਠ, ਸਰਰਨਪੁਰ, ਸ਼ਾਹਦਰਾ ਅਤੇ ਅਵਧ ਸਮੇਤ ਸਿਸ-ਸਤਲੁਜ ਰਾਜਾਂ ਵਿੱਚ ਆਪਣਾ ਖੇਤਰ ਵਧਾ ਦਿੱਤਾ। ਸ.ਬਘੇਲ ਸਿੰਘ ਦੀ ਮੌਤ 1802 ਵਿੱਚ ਅਮ੍ਰਿਤਸਰ ਵਿੱਚ ਹੋਈ।