Punjab

UP ਕਿਸਾਨ ਕ ਤਲੇਆਮ-ਕੱਲ੍ਹ 10 ਤੋਂ 1 ਵਜੇ ਤੱਕ ਪੂਰੇ ਦੇਸ਼ ‘ਚ ਡੀਸੀ ਦਫ਼ਤਰਾਂ ਦੇ ਬਾਹਰ ਦਿੱਤੇ ਜਾਣਗੇ ਧਰਨੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੰਯੁਕਤ ਕਿਸਾਨ ਮੋਰਚਾ ਨੇ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਦੇ ਵਿਰੋਧ ਵਿੱਚ ਇਕ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੀਤਾਪੁਰ ਰਹਿਣ ਵਾਲੀ ਰਿਚਾ ਸਿੰਘ ਨੇ ਕਿਹਾ ਕਿ ਪਹਿਲਾਂ ਹੀ ਕਿਸਾਨਾਂ ਨੂੰ ਇੱਥੋਂ ਭਜਾਉਣ ਨੂੰ ਲੈ ਕੇ ਬਿਆਨ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਹੈਲੀਪੈਡ ਦੇ ਲਾਗੇ ਬਹੁਤ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਕੀਤਾ ਜਾ ਰਿਹਾ ਸੀ। ਹਾਲਾਂਕਿ ਇਹ ਤੈਅ ਕੀਤਾ ਗਿਆ ਸੀ ਕਿ ਪਿੱਛੇ ਨਹੀਂ ਜਾਣਗੇ। ਇਹ ਵੀ ਤੈਅ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਜਾਣ ਬਾਅਦ ਹੀ ਕਿਸਾਨ ਸਮਰਥਕ ਜਾਣਗੇ।

ਪ੍ਰੋਗਰਾਮ ਮੁੱਕਣ ਤੋਂ ਬਾਅਦ ਹਾਲੇ ਕਿਸਾਨ ਗਏ ਹੀ ਸਨ ਕਿ ਖਬਰ ਆਈ ਕਿ ਗੱਡੀਆਂ ਨੇ ਕਿਸਾਨਾਂ ਨੂੰ ਦਰੜ ਦਿੱਤਾ ਹੈ। ਇਸ ਮੌਕੇ ਬਹੁਤ ਦਰਦਨਾਕ ਭੱਜਨੱਠ ਮਚੀ ਸੀ। ਉਸ ਮੌਕੇ ਝੜਪ ਵੀ ਹੋਈ ਤੇ ਗੋਲੀਆਂ ਵੀ ਚੱਲੀਆਂ ਹਨ। ਇਕ 19 ਸਾਲ ਦੇ ਨੌਜਵਾਨ ਦੀ ਰਾਹ ਵਿੱਚ ਹੀ ਮੌਤ ਹੋ ਗਈ। ਇਹ ਵੀ ਖਬਰ ਹੈ ਹਮਲਾਵਰ ਧਿਰ ਦੇ ਵੀ ਚਾਰ ਲੋਕ ਮਰੇ ਹਨ।

ਇਸ ਮੌਕੇ ਕਿਸਾਨ ਲੀਡਰ ਮਾਂਗਟ ਨੇ ਕਿਹਾ ਕਿ ਮੌਕੇ ਉੱਤੇ ਡੀਐੱਮ ਆਏ ਹਨ। ਉਨ੍ਹਾਂ ਕਿਹਾ 4 ਕਿਸਾਨ ਸ਼ਹੀਦ ਹੋਏ ਹਨ। ਉਨ੍ਹਾਂ ਕਿਹ ਕਿ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਲੜਕੇ ਆਸ਼ੀਸ਼ ਮਿਸ਼ਰਾ (ਮੋਨੂੰ) ਨੇ ਕਿਸਾਨਾਂ ਉੱਤੇ ਗੱਡੀਆਂ ਚੜ੍ਹਾਈਆਂ ਹਨ। ਇਸ ਕਿਸਾਨ ਦੇ ਸਿਰ ਵਿੱਚ ਗੋਲੀ ਵੀ ਮਾਰੀ ਗਈ ਹੈ।

ਇਸ ਮੌਕੇ ਕ੍ਰਿਸ਼ਨਪ੍ਰਸਾਦ ਨੇ ਕਿਹਾ ਕਿ ਹਰਿਆਣਾ ਸੀਐਮ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਕਿ ਲਾਠੀ ਲੈ ਕੇ ਕਿਸਾਨਾਂ ਨੂੰ ਜੈਸਾ ਕੋ ਤੈਸਾ ਦੋ ਅਤੇ ਦੋ ਚਾਰ ਮਹੀਨੇ ਜੇਲ੍ਹ ਜਾਓ ਲੀਡਰ ਹੋ ਕੇ ਬਾਹਰ ਆਵੇਗੋ। ਉਨ੍ਹਾਂ ਕਿਹਾ ਕਿ ਇਸ ਹਮਲੇ ਦੀ ਨਿੰਦਾ ਕਰਦੇ ਹਾਂ। ਇਸ ਮੌਕੇ ਕਿਸਾਨ ਮੋਰਚਾ ਨੇ ਐਲਾਨ ਕੀਤਾ ਕਿ ਯੂਪੀ ਵਿੱਚ ਹੋਏ ਇਸ ਕਿਸਾਨ ਕਤਲੇਆਮ ਦੇ ਵਿਰੋਧ ਵਿੱਚ ਕੱਲ੍ਹ 10 ਤੋਂ 1 ਵਜੇ ਤੱਕ ਪੂਰੇ ਦੇਸ਼ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਧਰਨੇ ਦਿੱਤੇ ਜਾਣਗੇ। ਕਿਸਾਨ ਮੋਰਚਾ ਨੇ ਇਹ ਵੀ ਮੰਗ ਕੀਤੀ ਹੈ ਕਿ ਘਟਨਾ ਵਾਲੀ ਥਾਂ ਉੱਤੇ ਹੋਏ ਨੁਕਸਾਨ ਦੀ ਰਿਕਵਰੀ ਵੀ ਦੋਸ਼ੀਆਂ ਤੋਂ ਕਰਵਾਈ ਜਾਵੇ ਤੇ ਇਨ੍ਹਾਂ ਉੱਤੇ ਕਤਲ ਦੇ ਮਾਮਲੇ ਦਰਜ ਹੋਣ।