Khetibadi

ਦੋ ਕਿਸਾਨਾਂ ਦਾ ਖੁੰਬਾਂ ਦੀ ਕਾਸ਼ਤ ਦਾ ਆਧੁਨਿਕ ਫਾਰਮ; ਵਿੱਤੀ ਖੁਸ਼ਹਾਲੀ ਦਾ ਬਣਿਆ ਜ਼ਰੀਆ

sangrur news, mushroom farm, modern kheti, punjab, farmer

ਸੰਗਰੂਰ :ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਜ਼ਿਲ੍ਹੇ ਦੇ ਪਿੰਡ ਕਾਕੜਾ ਵਿਖੇ ਖੁੰਬਾਂ ਦੀ ਕਾਸ਼ਤ ਰਾਹੀਂ ਵਿੱਤੀ ਮਜ਼ਬੂਤੀ ਹਾਸਲ ਕਰ ਰਹੇ ਅਗਾਂਹਵਧੂ ਕਿਸਾਨਾਂ ਬਲਜੀਤ ਸਿੰਘ ਤੇ ਭੁਪਿੰਦਰ ਸਿੰਘ ਦੇ ਆਧੁਨਿਕ ਖੁੰਬ ਫਾਰਮ ਦਾ ਦੌਰਾ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਇਸ ਲਾਭਦਾਇਕ ਕਿੱਤੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਖੁੰਬ ਨੂੰ ਵਿਕਸਤ ਕਰਨ ਲਈ ਫਾਰਮ ਵਿੱਚ ਅਪਣਾਈਆਂ ਜਾਂਦੀਆਂ ਆਧੁਨਿਕ ਤੇ ਰਵਾਇਤੀ ਤਕਨੀਕਾਂ ਦੇ ਹਰ ਪੜਾਅ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਖੇਤੀ ਵਿਭਿੰਨਤਾ ਦੇ ਰਾਹ ’ਤੇ ਤੁਰ ਕੇ ਆਪਣੀ ਮਿਹਨਤ ਨਾਲ ਵਿੱਤੀ ਖੁਸ਼ਹਾਲੀ ਦੇ ਸਮਰੱਥ ਬਣੇ ਦੋਵੇਂ ਭਰਾਵਾਂ ਨੂੰ ਮੁਬਾਰਕਬਾਦ ਦਿੱਤੀ।

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਪਿੰਡ ਕਾਕੜਾ ਦੇ ਅਗਾਂਹਵਧੂ ਕਿਸਾਨਾਂ ਬਲਜੀਤ ਸਿੰਘ ਤੇ ਭੁਪਿੰਦਰ ਸਿੰਘ ਦੇ ਆਧੁਨਿਕ ਖੁੰਬ ਫਾਰਮ ਦਾ ਦੌਰਾ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਪਿੰਡ ਕਾਕੜਾ ਦੇ ਅਗਾਂਹਵਧੂ ਕਿਸਾਨਾਂ ਬਲਜੀਤ ਸਿੰਘ ਤੇ ਭੁਪਿੰਦਰ ਸਿੰਘ ਦੇ ਆਧੁਨਿਕ ਖੁੰਬ ਫਾਰਮ ਦਾ ਦੌਰਾ ਕੀਤਾ।

 

ਵਧੀਕ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੇ ਐਸ.ਡੀ.ਐਮ ਭਵਾਨੀਗੜ੍ਹ ਵਿਨੀਤ ਕੁਮਾਰ ਸਮੇਤ ਫਾਰਮ ਦਾ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਕਣਕ ਤੇ ਝੋਨੇ ਦੇ ਰਵਾਇਤੀ ਚੱਕਰ ਵਿੱਚੋਂ ਨਿਕਲਣ ਲਈ ਸਹਾਇਕ ਕਿੱਤੇ ਵਜੋਂ ਖੁੰਬਾਂ ਦੀ ਕਾਸ਼ਤ ਕਰਨ ਨਾਲ ਮੁਨਾਫ਼ੇ ਦੀਆਂ ਬਿਹਤਰ ਸੰਭਾਵਨਾਵਾਂ ਹਨ ਅਤੇ ਬਾਗਬਾਨੀ ਵਿਭਾਗ ਪੰਜਾਬ ਰਾਹੀਂ ਸਬਸਿਡੀ ਹਾਸਲ ਕਰਕੇ ਕੋਈ ਵੀ ਚਾਹਵਾਨ ਆਪਣੇ ਫਾਰਮ, ਘਰ ਜਾਂ ਸੀਮਤ ਸਥਾਨਾਂ ’ਤੇ ਖੁੰਬ ਯੂਨਿਟ ਸਥਾਪਤ ਕਰ ਸਕਦਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਖੁੰਬ ਫਾਰਮ ਵਿੱਚ ਕੰਪੋਸਟ ਦੀ ਤਿਆਰੀ, ਬੀਜ ਤੋਂ ਖੁੰਬ ਦੀ ਪੈਦਾਵਾਰ ਪ੍ਰਕਿਰਿਆ, ਖੁੰਬ ਦੀ ਤੁੜਾਈ ਅਤੇ ਪੈਕਿੰਗ ਪ੍ਰਕਿਰਿਆ ਦਾ ਵੀ ਨਿਰੀਖਣ ਕੀਤਾ।

ਉਨ੍ਹਾਂ ਕਿਹਾ ਕਿ ਇਸ ਸਮੁੱਚੇ ਕਾਰਜ ਵਿੱਚ ਹੋਰਨਾਂ ਲੋੜਵੰਦਾਂ ਲਈ ਨਿਰੰਤਰ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੁੰਦੇ ਹਨ ਅਤੇ ਫਾਰਮ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਅਨੇਕਾਂ ਪਰਿਵਾਰਾਂ ਦਾ ਆਰਥਿਕ ਗੁਜ਼ਾਰਾ ਵਧੀਆ ਚੱਲਦਾ ਹੈ। ਉਨ੍ਹਾਂ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੋਰਨਾਂ ਅਗਾਂਹਵਧੂ ਨੌਜਵਾਨਾਂ ਨੂੰ ਵੀ ਇਸ ਫਾਰਮ ਦਾ ਦੌਰਾ ਕਰਵਾ ਕੇ ਇਸ ਸਹਾਇਕ ਕਿੱਤੇ ਨਾਲ ਜੁੜਨ ਲਈ ਪ੍ਰੇਰਿਤ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਕਿਸੇ ਨਾ ਕਿਸੇ ਪੱਧਰ ’ਤੇ ਸਵੈ ਰੁਜ਼ਗਾਰ ਦੇ ਵਸੀਲਿਆਂ ਨੂੰ ਵਧਾਇਆ ਜਾ ਸਕੇ।

ਖੁੰਬਾਂ ਦੀ ਕਾਸ਼ਤ ਦਾ ਕਿੱਤਾ ਵਿੱਤੀ ਖੁਸ਼ਹਾਲੀ ਦਾ ਵਧੀਆ ਜ਼ਰੀਆ, ਡੀ.ਸੀ ਵੱਲੋਂ ਸਹਾਇਕ ਕਿੱਤੇ ਵਜੋਂ ਖੁੰਬਾਂ ਦੀ ਕਾਸ਼ਤ ਕਰਨ ਦਾ ਸੱਦਾ
ਖੁੰਬਾਂ ਦੀ ਕਾਸ਼ਤ ਦਾ ਕਿੱਤਾ ਵਿੱਤੀ ਖੁਸ਼ਹਾਲੀ ਦਾ ਵਧੀਆ ਜ਼ਰੀਆ, ਡੀ.ਸੀ ਵੱਲੋਂ ਸਹਾਇਕ ਕਿੱਤੇ ਵਜੋਂ ਖੁੰਬਾਂ ਦੀ ਕਾਸ਼ਤ ਕਰਨ ਦਾ ਸੱਦਾ

ਇਸ ਮੌਕੇ ਖੁੰਬਾਂ ਦੀ ਕਾਸ਼ਤ ਕਰ ਰਹੇ ਬਲਜੀਤ ਸਿੰਘ ਕਾਕੜਾ ਨੇ ਦੱਸਿਆ ਕਿ ਉਸਨੇ ਕਰੀਬ 13 ਸਾਲ ਪਹਿਲਾਂ ਬੀਏ ਕਰਨ ਮਗਰੋਂ ਸੋਲਨ ਤੋਂ ਖੁੰਬਾਂ ਦੀ ਕਾਸ਼ਤ ਦੀ ਸਿਖਲਾਈ ਲੈਣ ਮਗਰੋਂ ਇਸ ਕਿੱਤੇ ਨੂੰ ਅਪਣਾਇਆ ਸੀ ਅਤੇ ਅੱਜ ਉਸ ਕੋਲ ਇੱਕ ਆਧੁਨਿਕ ਏ.ਸੀ ਯੁਨਿਟ ਅਤੇ 13 ਕੱਚੇ ਸ਼ੈਡਾਂ ਰਾਹੀਂ ਖੁੰਬਾਂ ਦੀ ਕਾਸ਼ਤ ਕਰਨ ਦੇ ਪ੍ਰਬੰਧ ਹਨ। ਬਲਜੀਤ ਸਿੰਘ ਅਨੁਸਾਰ ਏ.ਸੀ ਯੁਨਿਟ ਰਾਹੀਂ ਸਾਰਾ ਸਾਲ ਹੀ ਖੁੰਬਾਂ ਦਾ ਉਤਪਾਦਨ ਹੁੰਦਾ ਹੈ ਅਤੇ ਸ਼ੈਡਾਂ ਰਾਹੀਂ ਅਕਤੂਬਰ ਤੋਂ ਮਾਰਚ ਤੱਕ ਖੁੰਬ ਵਿਕਸਤ ਕਰਕੇ ਵਿਕਰੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਖੁੰਬਾਂ ਦੀ ਬਜ਼ਾਰ ਵਿੱਚ ਕਾਫ਼ੀ ਮੰਗ ਹੈ ਅਤੇ ਇਸ ਕਿੱਤਾ ਉਨ੍ਹਾਂ ਦੇ ਰੁਜ਼ਗਾਰ ਦਾ ਵਧੀਆ ਸਾਧਨ ਬਣ ਰਿਹਾ ਹੈ।