Khalas Tv Special Punjab

ਸੰਗਰੂਰ ਜ਼ਿਮਨੀ ਚੋਣ ਦੀ ਗਿਣਤੀ ਸ਼ੁਰੂ, ਘੱਟ ਵੋਟਿੰਗ ਨਾਲ ਮੁਕਾਬਲਾ ਦਿਲਚਸਪ

CM ਭਗਵੰਤ ਮਾਨ ਵੱਲੋਂ ਸੰਗਰੂਰ ਸੀਟ ਖਾਲ੍ਹੀ ਕਰਨ ਤੋਂ ਬਾਅਦ 23 ਜੂਨ ਨੂੰ ਹੋਈ ਸੀ ਜ਼ਿਮਨੀ ਚੋਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ ਹੋਵੇਗਾ। ਵੋਟਾਂ ਦੀ ਗਿਣਤੀ ਅੱਜ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਹਰ ਵਾਰ ਦੀਆਂ ਚੋਣਾਂ ਦੀ ਤਰ੍ਹਾਂ ਕਰੀਬ ਦੁਪਹਿਰ 12 ਵਜੇ ਤੱਕ ਨਤੀਜੇ ਸਪੱਸ਼ਟ ਹੋ ਜਾਣ ਦੀ ਪੂਰੀ ਉਮੀਦ ਹੈ। ਵੋਟਾਂ ਦੀ ਗਿਣਤੀ ਲਈ ਦੋ ਕੇਂਦਰ ਬਣਾਏ ਗਏ ਹਨ। ਇਸ ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ 6 ਦੀਆਂ ਵੋਟਾਂ ਦੀ ਗਿਣਤੀ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਅਤੇ 3 ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਐਸ.ਡੀ. ਕਾਲਜ ਬਰਨਾਲਾ ਵਿਚ ਹੋ ਰਹੀ ਹੈ। ਗਿਣਤੀ ਤੋਂ ਅੱਧਾ ਘੰਟਾ ਪਹਿਲਾਂ ਈਵੀਐਮ ਸਟਰਾਂਗ ਰੂਮ ਖੋਲ੍ਹੇ ਗਏ। ਗਿਣਤੀ ਕੇਂਦਰ ਦੇ ਅੰਦਰ ਮੋਬਾਈਲ ਫੋਨ ਜਾਂ ਕਿਸੇ ਵੀ ਤਰ੍ਹਾਂ ਦੀ ਇਲੈਕਟਰੌਨਿਕ ਡਿਵਾਈਸ ਲਿਜਾਣ ਦੀ ਮਨਾਹੀ ਕੀਤੀ ਗਈ ਹੈ।

ਚੋਣ ਮੈਦਾਨ ਵਿੱਚ ਕੁੱਲ 16 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਹੈ ਜਦਕਿ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ, ਭਾਜਪਾ ਦੇ ਕੇਵਲ ਸਿੰਘ ਢਿੱਲੋਂ, ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬੀਬੀ ਕਮਲਦੀਪ ਕੌਰ ਵਿਚਕਾਰ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਆਮ ਆਦਮੀ ਪਾਰਟੀ ਵਿਚਕਾਰ ਮੁਕਾਬਲੇ ਦੀ ਟੱਕਰ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਗੁਰਦੁਆਰਾ ਮਸਤੂਆਣਾ ਸਾਹਿਬ ਮੱਥਾ ਟੇਕਣ ਪਹੁੰਚੇ।

ਦੂਜੇ ਪਾਸੇ ਆਪ ਸਰਕਾਰ ਨੂੰ ਅੱਜ 100 ਦਿਨ ਵੀ ਪੂਰੇ ਹੋ ਚੁੱਕੇ ਹਨ ਅਤੇ ਇਹ ਚੋਣ ਪੰਜਾਬ ਦੀ ਆਪ ਸਰਕਾਰ ਦੇ ਤਿੰਨ ਮਹੀਨਿਆਂ ਦੇ ਕਾਰਜਕਾਲ ਦਾ ਪਹਿਲਾ ਇਮਤਿਹਾਨ ਸਾਬਿਤ ਹੋਵੇਗੀ। ਭਾਵੇਂ ਉਪ ਚੋਣ ਦੇ ਨਤੀਜੇ ਨਾਲ ਕਿਸੇ ਪਾਰਟੀ ਦੀ ਸਰਕਾਰ ਨਹੀਂ ਬਣਨੀ ਅਤੇ ਨਾ ਹੀ ਡਿੱਗਣੀ ਹੈ ਪਰ ਇਹ ਨਤੀਜਾ ਸਪੱਸ਼ਟ ਕਰ ਦੇਵੇਗਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ ਆਧਾਰ ’ਚ ਕੀ ਬਦਲਾਅ ਹੋਇਆ ਹੈ ਅਤੇ ‘ਆਪ’ ਸਰਕਾਰ ਦੀ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਲੋਕ ਸੰਤੁਸ਼ਟ ਹਨ ਜਾਂ ਅਸੰਤੁਸ਼ਟ।

ਸੰਗਰੂਰ ਸੰਸਦੀ ਹਲਕੇ ਨੂੰ ਆਮ ਆਦਮੀ ਪਾਰਟੀ ਆਪਣਾ ਗੜ੍ਹ ਮੰਨਦੀ ਹੈ। ਸਾਲ 2014 ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਵੋਟਾਂ ਦੇ ਵੱਡੇ ਫਰਕ ਨਾਲ ਚੋਣ ਜਿੱਤ ਕੇ ਦੇਸ਼ ਦੀ ਸੰਸਦ ਵਿਚ ਪੁੱਜੇ ਸਨ। ਸਾਲ 2019 ਦੀ ਸੰਸਦੀ ਚੋਣ ਵਿਚ ਭਗਵੰਤ ਮਾਨ ਨੇ ਲਗਾਤਾਰ ਦੂਜੀ ਵਾਰ ਜਿੱਤ ਦੇ ਝੰਡੇ ਬੁਲੰਦ ਕੀਤੇ ਸਨ। ਇਸੇ ਸਾਲ ਫਰਵਰੀ ਮਹੀਨੇ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਸੰਗਰੂਰ ਸੰਸਦੀ ਹਲਕੇ ’ਚ ਪੈਂਦੇ ਕੁੱਲ 9 ਵਿਧਾਨ ਸਭਾ ਹਲਕਿਆਂ ਵਿਚ ਸੰਗਰੂਰ, ਧੂਰੀ, ਸੁਨਾਮ, ਲਹਿਰਾ, ਦਿੜ੍ਹਬਾ, ਮਾਲੇਰਕੋਟਲਾ, ਮਹਿਲ ਕਲਾਂ, ਬਰਨਾਲਾ ਅਤੇ ਭਦੌੜ ਵਿਚ ਆਮ ਆਦਮੀ ਪਾਰਟੀ ਨੇ ਹੂੰਝਾਫੇਰ ਜਿੱਤ ਦਰਜ ਕੀਤੀ ਸੀ।

ਭਾਵੇਂ ਸੱਤਾਧਾਰੀ ਧਿਰ ਦਾਅਵਾ ਕਰ ਰਹੀ ਹੈ ਕਿ ਸੰਗਰੂਰ ਸੰਸਦੀ ਹਲਕੇ ਦੀ ਉਪ ਚੋਣ ਵਿਚ ‘ਆਪ’ ਜਿੱਤ ਦੀ ਹੈਟ੍ਰਿਕ ਬਣਾਏਗੀ ਪਰ ਇਸ ਉਪ ਚੋਣ ਦੀ ਜੰਗ ‘ਆਪ’ ਲਈ ਏਨੀ ਸੌਖੀ ਨਹੀਂ ਜਾਪ ਰਹੀ। ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਧਿਰਾਂ ਨੇ ਚੋਣ ਜਿੱਤਣ ਲਈ ਪੂਰੀ ਵਾਹ ਲਾਈ ਹੈ। ਭਾਜਪਾ ਪੰਜਾਬ ਵਿਚ ਆਪਣੇ ਦਮ ’ਤੇ ਕਮਲ ਦਾ ਫੁੱਲ ਖਿੜ੍ਹਾਉਣ ਲਈ ਪੱਬਾਂ ਭਾਰ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਇਸ ਚੋਣ ਵਿਚ ਇੱਕ ਮਜ਼ਬੂਤ ਉਮੀਦਵਾਰ ਵਜੋਂ ਉਭਰੇ ਹਨ, ਜਿਨ੍ਹਾਂ ਦੇ ਹੱਕ ਵਿਚ ਨੌਜਵਾਨ ਵਰਗ ਦੇ ਭੁਗਤਣ ਦੇ ਆਸਾਰ ਹਨ। ਮਰਹੂਮ ਅਦਾਕਾਰ ਦੀਪ ਸਿੱਧੂ ਅਤੇ ਮਰਹੂਮ ਲੋਕ ਗਾਇਕ ਸਿੱਧੂ ਮੂਸੇਵਾਲਾ ਦੇ ਸਮਰਥਕ ਨੌਜਵਾਨਾਂ ਦਾ ਝੁਕਾਅ ਵੀ ਸਿਮਰਨਜੀਤ ਮਾਨ ਵੱਲ ਨਜ਼ਰ ਆਇਆ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਤੋਂ ਉਭਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਗਿਆ। ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੇ ਵੀ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਪਰ ਇਸ ਦਾ ਫੈਸਲਾ ਅੱਜ ਦੁਪਹਿਰ ਤੱਕ ਹੋ ਜਾਵੇਗਾ।