‘ਦ ਖ਼ਾਲਸ ਬਿਊਰੋ :- ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਹੋਲੀ ਦਾ ਤਿਉਹਾਰ ਮਨਾਉਂਦਿਆਂ ਬੀਤੀ ਰਾਤ ਹੋਲਿਕਾ ਦਹਿਨ ਪ੍ਰੋਗਰਾਮ ਵਿੱਚ ਤਿੰਨਾਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਕਿਸਾਨਾਂ ਨੇ ਕਿਹਾ ਕਿ ਕਿਸਾਨ ਉਦੋਂ ਹੀ ਅਸਲ ਅਰਥਾਂ ਵਿੱਚ ਹੋਲੀ ਮਨਾਉਣ ਦੇ ਯੋਗ ਹੋਣਗੇ, ਜਦੋਂ ਤਿੰਨੇ ਖੇਤੀ ਕਾਨੂੰਨ ਵਾਪਸ ਕੀਤੇ ਜਾਣਗੇ ਅਤੇ ਐੱਮਐੱਸਪੀ ‘ਤੇ ਕਾਨੂੰਨ ਬਣਾਇਆ ਜਾਵੇਗਾ। ਸਿੰਘੂ ਬਾਰਡਰ ‘ਤੇ ਹੋਲਾ ਮਹੱਲਾ ਦਾ ਪ੍ਰੋਗਰਾਮ ਜ਼ੋਰਾਂ-ਸ਼ੋਰਾਂ ਨਾਲ ਕੀਤਾ ਗਿਆ, ਜਿਸ ਵਿੱਚ ਕਿਸਾਨਾਂ ਨੇ ਵੱਡੇ ਪੱਧਰ ‘ਤੇ ਸ਼ਮੂਲੀਅਤ ਕੀਤੀ। ਹਰਿਆਣਾ ਦੀਆਂ ਔਰਤਾਂ ਨੇ ਇਹ ਤਿਉਹਾਰ ਵਿਸ਼ੇਸ਼ ਤਰੀਕੇ ਨਾਲ ਮਨਾਇਆ। ਔਰਤਾਂ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਮੰਨੇ ਜਾਣ ਤੱਕ ਹਰ ਤਿਉਹਾਰ ਨੂੰ ਇਸ ਤਰ੍ਹਾਂ ਮੋਰਚਿਆਂ ‘ਤੇ ਮਨਾਉਂਦੇ ਰਹਿਣਗੇ।
ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ‘ਤੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਆਪਣੀ ਤਾਕਤ ਦਿਖਾਈ। ਕਿਸਾਨਾਂ ਨੇ ਆਸ-ਪਾਸ ਦੇ ਖੇਤਰ ਦੀ ਸਫਾਈ ਵੀ ਕੀਤੀ। ਰਵਾਇਤੀ ਰਿਵਾਜ ਅਨੁਸਾਰ ਗਾਜ਼ੀਪੁਰ ਸਰਹੱਦ ‘ਤੇ ਕਿਸਾਨਾਂ ਨੇ ਹੋਲੀ ਦਾ ਤਿਉਹਾਰ ਮਨਾਇਆ। ਗਾਜ਼ੀਪੁਰ ਧਰਨੇ ਵਿੱਚ ਹੋਲੀ ਦੇ ਤਿਉਹਾਰ ਮੌਕੇ ਵੱਡੀ ਗਿਣਤੀ ਵਿੱਚ ਦਿੱਲੀ ਅਤੇ ਆਸ ਪਾਸ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।
ਅੱਜ ਐਡਵੋਕੇਟ ਜੋਗਿੰਦਰ ਸਿੰਘ ਤੂਰ ਨੇ “ਕਾਨੂੰਨਾਂ ‘ਚ ਕਾਲਾ ਕੀ? ” ਨਾਮ ਦੀ ਇੱਕ ਪੁਸਤਕ ਵੀ ਰਿਲੀਜ਼ ਕੀਤੀ, ਜਿਸ ਵਿੱਚ ਕਿਸਾਨੀ ਅੰਦੋਲਨ ਦੇ ਸਬੰਧ ਵਿੱਚ ਹਰੇਕ ਨੁਕਤੇ ਦਾ ਵੇਰਵਾ ਦਿੱਤਾ ਗਿਆ ਹੈ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ‘ਉੱਠਣ ਦਾ ਵੇਲਾ’ ਵਿੱਚ ਸੁਰਿੰਦਰ ਸ਼ਰਮਾ, ਦੀਪਕ ਰਾਏ, ਹਰਮਨਦੀਪ ਸਿੰਘ, ਰਣਬੀਰ ਸਿੰਘ, ਅਮਨਦੀਪ ਕੌਰ, ਕਿਰਨਦੀਪ ਕੌਰ ਅਤੇ ਅਭਿਨੈ ਬਾਂਸਲ ਆਦਿ ਪਾਤਰਾਂ ਵੱਲੋਂ ਨਿਭਾਏ ਰੋਲ ਦੀ ਭਰਪੂਰ ਪ੍ਰਸ਼ੰਸਾ ਵੀ ਕੀਤੀ ਹੈ। ਅੱਜ ਲੋਕ ਕਲਾ ਮੰਚ, ਮੁੱਲਾਂਪੁਰ ਵੱਲੋਂ ਲੇਖਕ ਅਤੇ ਨਿਰਦੇਸ਼ਕ ਹਰਕੇਸ਼ ਚੌਧਰੀ ਵੱਲੋਂ ਤਿਆਰ ਕੀਤਾ ਨਾਟਕ ‘ਉੱਠਣ ਦਾ ਵੇਲਾ’ ਖੇਡਿਆ ਗਿਆ।