India Punjab

ਕੰਵਰ ਗਰੇਵਾਲ ਨੇ ਲੱਖਾ ਸਿਧਾਣਾ ਬਾਰੇ ਕੀਤੇ ਭਰਮ-ਭੁਲੇਖੇ ਦੂਰ, ਪੜ੍ਹੋ ਕੀ ਕਿਹਾ ਗਰੇਵਾਲ ਨੇ

‘ਦ ਖ਼ਾਲਸ ਬਿਊਰੋ :- ਗਾਇਕ ਕੰਵਰ ਗਰੇਵਾਲ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਪੋਸਟ ਪਾਉਂਦਿਆਂ ਕਿਹਾ ਕਿ ਲੱਖਾ ਸਿਧਾਣਾ ਦੀ ਵਾਪਸੀ ਬਾਰੇ ਬੋਲਦਿਆਂ ਕਿਹਾ ਕਿ “ਲੱਖਾ ਸਿਧਾਣਾ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਆਪਸੀ ਤਾਲਮੇਲ ਨੂੰ ਲੈ ਕੇ ਬਹੁਤ ਸਾਰੀਆਂ ਅਫ਼ਵਾਹਾਂ ਚੱਲ ਰਹੀਆਂ ਹਨ, ਜੋ ਅਸੀਂ ਸੋਸ਼ਲ ਮੀਡੀਆ ‘ਤੇ ਦੇਖਦੇ ਹਾਂ, ਕੋਈ ਕੁੱਝ ਕਹਿੰਦਾ ਹੈ ਤੇ ਕੋਈ ਕੁੱਝ ਬੋਲਦਾ ਹੈ। ਜੇ ਘਰਾਂ ‘ਚ ਕਲੇਸ਼ ਹੈ ਤਾਂ ਬਰਕਤ ਨਹੀਂ ਹੁੰਦੀ।”

ਉਨ੍ਹਾਂ ਕਿਹਾ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਸਾਡੇ ਵੀ ਮੋਰਚੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੋਈਆਂ, ਜੋ ਨਹੀਂ ਹੋਣੀਆਂ ਚਾਹੀਦੀਆਂ ਸੀ। 6 ਫਰਵਰੀ ਨੂੰ ਲੱਖਾ ਸਿਧਾਣਾ ਨੂੰ ਲੈ ਕੇ ਜਥੇਬੰਦੀਆਂ ਨਾਲ ਸਾਡੀ ਪਹਿਲੀ ਮੀਟਿੰਗ ਹੋਈ ਸੀ ਅਤੇ 28 ਮਾਰਚ ਤੱਕ 9 ਮੀਟਿੰਗਾਂ ਹੋਈਆਂ ਹਨ। ਜੋ ਮੀਟਿੰਗ 24 ਮਾਰਚ ਨੂੰ ਹੋਈ ਸੀ, ਉਸ ਵਿੱਚ 32 ਜਥੇਬੰਦੀਆਂ ਨੇ ਮੋਹਰ ਲਗਾ ਦਿੱਤੀ ਕਿ ਸਾਨੂੰ ਕੋਈ ਪਰੇਸ਼ਾਨੀ ਨਹੀਂ, ਲੱਖਾ ਆਵੇ ਅਤੇ ਸਟੇਜ ਤੋਂ ਬੋਲੇ ਅਤੇ ਪਹਿਲਾਂ ਵਾਂਗ ਰਲ-ਮਿਲ ਕੇ ਕੰਮ ਕਰੇ।

ਉਨ੍ਹਾਂ ਨੇ ਕਿਹਾ ਕਿ 32 ਕਿਸਾਨ ਜਥੇਬੰਦੀਆਂ ਨੇ ਇਸ ਮੀਟਿੰਗ ਵਿੱਚ ਤਿੰਨ ਮੈਂਬਰੀ ਕਮੇਟੀ ਬਣਾਈ ਹੈ, ਜਿਸ ਵਿੱਚ ਜਗਜੀਤ ਸਿੰਘ ਡੱਲੇਵਾਲ, ਡਾ.ਦਰਸ਼ਨਪਾਲ ਅਤੇ ਬਲਦੇਵ ਸਿਰਸਾ ਹਨ ਅਤੇ ਇਸ ਕਮੇਟੀ ਬਾਰੇ ਅਜੇ ਆਖ਼ਰੀ ਫ਼ੈਸਲਾ ਸੁਣਾਉਣਾ ਹੈ। ਗਰੇਵਾਲ ਨੇ ਅਪੀਲ ਕਰਦਿਆਂ ਕਿਹਾ ਕਿ ਇਹ ਮਸਲਾ ਹੱਲ ਹੋਣਾ ਚਾਹੀਦਾ ਹੈ, ਤਿੰਨ ਮੈਂਬਰੀ ਕਮੇਟੀ ਵੱਲੋਂ ਜਲਦ ਫ਼ੈਸਲਾ ਲਿਆ ਜਾਵੇ ਅਤੇ ਇਸ ਬਾਬਤ ਬਕਾਇਦਾ ਪ੍ਰੈੱਸ ਕਾਨਫਰੰਸ ਕੀਤੀ ਜਾਵੇ, ਤਾਂ ਜੋ ਪੂਰੀ ਦੁਨੀਆ ਨੂੰ ਪਤਾ ਲੱਗੇ ਕਿ ਹੁਣ ਕੋਈ ਨਰਾਜ਼ਗੀ ਨਹੀਂ ਹੈ ਅਤੇ ਅਸੀਂ ਪਹਿਲਾਂ ਵਾਂਗ ਸਾਰੇ ਇਕੱਠੇ ਹੋ ਗਏ ਹਾਂ।