ਬਿਊਰੋ ਰਿਪੋਰਟ : ਬਿਹਤਰ ਜ਼ਿੰਦਗੀ ਦੀ ਚਾਹ ਵਿੱਚ ਸਿਰਫ਼ ਪੰਜਾਬ ਵਿੱਚੋਂ ਹੀ ਨਹੀਂ ਪੂਰੇ ਦੇਸ਼ ਤੋਂ ਨੌਜਵਾਨ ਵਿਦੇਸ਼ ਦਾ ਰੁੱਖ ਕਰਦੇ ਹਨ। ਦੂਜੇ ਮੁਲਕ ਵਿੱਚ ਜਾਣ ਤੋਂ ਪਹਿਲਾਂ ਏਜੰਟਾਂ ਦੇ ਚੱਕਰ ਤੋਂ ਨਿਕਲ ਕੇ ਕਈ ਨੌਜਵਾਨ ਵਿਦੇਸ਼ੀ ਧਰਤੀ ‘ਤੇ ਪਹੁੰਚ ਜਾਂਦੇ ਹਨ ਅਤੇ ਮਿਹਨਤ ਨਾਲ ਪੱਕੇ ਵੀ ਹੋ ਜਾਂਦੇ ਹਨ। ਪਰ ਕਈ ਵਾਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ । ਅਜਿਹਾ ਹੀ 25 ਸਾਲ ਦੇ ਸਾਹਿਲ ਨਾਰੰਗ (sahil narang) ਨਾਲ ਹੋਇਆ । ਉਹ ਨਿਊਜ਼ੀਲੈਂਡ (Newzealand) ਗਿਆ ਸੀ ਆਪਣਾ ਭਵਿੱਖ ਬਣਾਉਣ ਨੂੰ ਪਰ ਜਦੋਂ ਦਿਵਾਲੀ ‘ਤੇ ਭਾਰਤ ਪਰਤਿਆਂ ਤਾਂ ਰੱਬ ਨੇ ਅਜਿਹਾ ਭਾਣਾ ਵਰਤਾਇਆ ਕਿ ਪੂਰੀ ਪਰਿਵਾਰ ਨਾ ਚਾਉਂਦੇ ਹੋਏ ਵੀ ਇਸ ਸਚਾਈ ਨੂੰ ਕਬੂਲ ਕਰਨ ਲਈ ਮਜ਼ਬੂਰ ਹੈ ।
ਦਿਵਾਲੀ ‘ਤੇ ਭਾਰਤ ਪਰਤਿਆਂ ਸਾਹਿਲ ਨਾਰੰਗ ਖੁਸ਼ ਸੀ ਕਿ ਉਹ 7 ਸਾਲਾਂ ਬਾਅਦ ਆਪਣੇ ਪਰਿਵਾਰ ਨਾਲ ਤਿਓਹਾਰ ਮਨਾਏਗਾ। ਪਰਿਵਾਰ ਵੀ ਖੁਸ਼ ਸੀ । ਦਿਵਾਲੀ ਦੀਆਂ ਤਿਆਰੀਆਂ ਦੌਰਾਨ ਉਹ ਸ਼ਾਪਿੰਗ ਦੇ ਲਈ ਨਿਕਲਿਆ ਸੀ । ਜਦੋਂ ਉਹ ਘਰ ਪਰਤ ਰਿਹਾ ਸੀ ਤਾਂ ਉਸ ਦੀ ਕਾਰ ਦੀ ਰਫ਼ਤਾਰ ਕਾਫ਼ੀ ਤੇਜ਼ ਸੀ । ਅਚਾਨਕ ਗੱਡੀ ਦਾ ਬੈਲੰਸ ਵਿਗੜਿਆ ਅਤੇ ਉਹ ਇੱਕ ਦਰੱਖਤ ਨਾਲ ਟਕਰਾਈ । ਹਾਦਸਾ ਇੰਨਾਂ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਗਈ ਅਤੇ ਸਾਹਿਲ ਅਤੇ ਉਸ ਦੇ ਸਾਥੀ ਦੀ ਕਾਰ ਹਾਦਸੇ ਵਿੱਚ ਮੌਤ ਹੋ ਗਈ ।
ਸਾਹਿਲ ਨਾਰੰਗ 7 ਸਾਲ ਤੋਂ ਨਿਊਜ਼ੀਲੈਂਡ ਸੀ । ਇਸੇ ਸਾਲ ਜੂਨ ਵਿੱਚ ਹੀ ਉਹ ਪੱਕਾ ਹੋਇਆ ਸੀ ਅਤੇ ਉਸ ਨੂੰ ਨਿਊਜ਼ੀਲੈਂਡ ਦੀ ਨਾਗਰਿਕਤਾਂ ਮਿਲੀ ਸੀ । ਇਸੇ ਖੁਸ਼ੀ ਨਾਲ ਚਾਰ ਮਹੀਨੇ ਬਾਅਦ ਜਦੋਂ ਉਹ ਘਰ ਪਰਤਿਆਂ ਤਾਂ ਖੁਸ਼ੀ ਦੁਗਣੀ ਹੋਣ ਦੀ ਥਾਂ ਗਮ ਵਿੱਚ ਤਬਦੀਲ ਹੋ ਗਈ । ਜਿਸ ਮੁੰਡੇ ਨੂੰ ਪਰਿਵਾਰ ਨੇ ਬਿਹਤਰ ਭਵਿੱਖ ਦੇ ਲਈ ਵਿਦੇਸ਼ ਭੇਜਿਆ ਸੀ ਉਸ ਨੇ 7 ਸਾਲ ਬਾਅਦ ਭਾਰਤ ਆਕੇ ਉਨ੍ਹਾਂ ਨੂੰ ਅਜਿਹਾ ਗਮ ਦਿੱਤਾ ਜੋ ਪਰਿਵਾਰ ਸਾਰੀ ਉਮਰ ਨਹੀਂ ਭੁੱਲ ਸਕੇਗਾ ।